- ਸਾਰੇ ਬੰਦੀਆਂ ਤੋਂ ਇਲਾਵਾ ਜੇਲ੍ਹ ਅਧਿਕਾਰੀਆਂ ਸਮੇਤ 96 ਸਟਾਫ਼ ਮੈਂਬਰਾਂ ਦਾ ਵੀ ਹੋਇਆ ਟੀਕਾਕਰਨ
ਹੁਸ਼ਿਆਰਪੁਰ, 31 ਮਾਰਚ 2021 - ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਥਾਨਕ ਕੇਂਦਰੀ ਜੇਲ੍ਹ ਦੇ ਬੰਦੀਆਂ ਨੂੰ ਅੱਜ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ ਗਈ ਜਿਸ ਦੌਰਾਨ ਸਾਰੇ ਯੋਗ ਲਾਭਪਾਤਰੀਆਂ ਤੋਂ ਇਲਾਵਾ ਜੇਲ੍ਹ ਅਧਿਕਾਰੀਆਂ ਸਮੇਤ 96 ਸਟਾਫ਼ ਮੈਂਬਰਾਂ ਦਾ ਵੀ ਕੋਵਿਡ ਟੀਕਾਕਰਨ ਕੀਤਾ ਗਿਆ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵਲੋਂ ਸਥਾਨਕ ਜੇਲ੍ਹ ਅੰਦਰ ਵਿਸੇਸ਼ ਕੈਂਪ ਲਗਾ ਕੇ ਸਾਰੇ ਯੋਗ ਬੰਦੀਆਂ ਨੂੰ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਲਗਾਈ ਗਈ ਤਾਂ ਜੋ ਇਨ੍ਹਾਂ ਸਾਰਿਆਂ ਦਾ ਵੀ ਕੋਵਿਡ ਤੋਂ ਬਚਾਅ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਜੇਲ੍ਹ ਵਿੱਚ ਇਕ ਦਿਨ ਵਿੱਚ ਹੀ ਸਾਰੇ ਲਾਭਪਾਤਰੀਆਂ ਦਾ ਸਮੇਂ ਸਿਰ ਟੀਕਾਕਰਨ ਯਕੀਨੀ ਬਣਾਇਆ ਗਿਆ ਜਿਸ ਵਿੱਚ ਮਰਦ ਅਤੇ ਔਰਤ ਬੰਦੀ ਸ਼ਾਮਲ ਹਨ। ਜੇਲ੍ਹ ਵਿੱਚ ਵੈਕਸੀਨ ਕੈਂਪ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਦੀ ਅਗਵਾਈ ਵਿੱਚ ਲਗਾਇਆ ਗਿਆ। ਇਸ ਮੌਕੇ ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ, ਡਿਪਟੀ ਸੁਪਰਡੈਂਟ ਹਰਭਜਨ ਸਿੰਘ ਅਤੇ ਤੇਜਪਾਲ ਸਿੰਘ, ਮੈਡੀਕਲ ਅਫ਼ਸਰ ਡਾ. ਰਾਮਵੀਰ, ਡਾ. ਗੁਰਜੀਤ ਸਿੰਘ ਮੌਜੂਦ ਰਹੇ।
ਟੀਕਾਕਰਨ ਮੁਹਿੰਮ ਸਬੰਧੀ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਹੁਣ ਤੱਕ ਕੋਵਿਡ ਵੈਕਸੀਨ ਦੀਆਂ 84656 ਡੋਜ਼ਾਂ ਲਗਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਤੱਕ 8330 ਹੈਲਥ ਕੇਅਰ ਵਰਕਰਾਂ ਨੂੰ ਪਹਿਲੀ ਅਤੇ 3618 ਨੂੰ ਦੂਜੀ ਡੋਜ਼ ਲਗਾਈ ਜਾ ਚੁੱਕੀ ਹੈ। ਇਸੇ ਤਰ੍ਹਾਂ 12263 ਫਰੰਟ ਲਾਈਨ ਵਰਕਰਾਂ ਨੂੰ ਪਹਿਲੀ ਅਤੇ 3653 ਨੂੰ ਦੂਜੀ ਡੋਜ਼ ਲਗਾਈ ਜਾ ਚੁੱਕੀ ਹੈ ਜਦਕਿ 60 ਸਾਲ ਜਾਂ ਇਸ ਤੋਂ ਵੱਧ ਉਮਰ ਵਰਗ ਤੋਂ ਇਲਾਵਾ 45 ਤੋਂ 59 ਸਾਲ ਤੱਕ ਦੇ ਵੱਖ-ਵੱਖ ਬੀਮਾਰੀਆਂ ਨਾਲ ਗ੍ਰਸਤ 56792 ਲਾਭਪਾਤਰੀਆਂ ਨੂੰ ਕੋਵਿਡ ਦਾ ਟੀਕਾ ਲਗਾਇਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਥਾਈਂ ਲਗਾਈ ਜਾ ਰਹੀ ਵੈਕਸੀਨ ਤਹਿਤ ਅੱਜ ਸਰਕਾਰੀ ਕਾਲਜ ਵਿੱਚ 58, ਜੂਡੀਸ਼ੀਅਲ ਕੰਪਲੈਕਸ ਵਿੱਚ 166, ਬੀ.ਡੀ.ਪੀ.ਓ.-1 ਦਫ਼ਤਰ ਵਿੱਚ 97 ਅਤੇ ਬੀ.ਡੀ.ਪੀ.ਓ.-2 ਦੇ ਦਫ਼ਤਰ ਵਿੱਚ 58 ਲਾਭਪਾਤਰੀਆਂ ਨੂੰ ਕੋਵਿਡ ਵੈਕਸੀਨ ਲਗਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਕੋਵਿਡ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਲੋੜੀਂਦੀ ਅਹਿਤਿਆਤ ਦੀ ਬਿਨ੍ਹਾਂ ਕਿਸੇ ਢਿੱਲਮੱਠ ਤੋਂ ਪਾਲਣਾ ਯਕੀਨੀ ਬਨਾਉਣ ਦੇ ਨਾਲ-ਨਾਲ ਜ਼ਿਲ੍ਹੇ ਦੇ ਸਾਰੇ ਯੋਗ ਲਾਭਪਾਤਰੀਆਂ ਨੂੰ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਿਵਲ ਹਸਪਤਾਲਾਂ ਅਤੇ ਸਰਕਾਰੀ ਸਿਹਤ ਕੇਂਦਰਾਂ ਤੋਂ ਇਲਾਵਾ ਕੁਝ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਟੀਕਾਕਰਨ ਦੀ ਸਹੂਲਤ ਸ਼ੁਰੂ ਕਰਵਾਈ ਗਈ ਹੈ ਅਤੇ ਲਾਭਪਾਤਰੀ ਆਪਣੇ ਨੇੜਲੇ ਸਿਹਤ ਕੇਂਦਰਾਂ ਵਿੱਚ ਜਲਦ ਤੋਂ ਜਲਦ ਵੈਕਸੀਨ ਲਗਾਉਣ।