ਮਿੱਤਰ ਸੈਨ ਸ਼ਰਮਾ
ਮਾਨਸਾ 11 ਮਈ 2020: ਜ਼ਿਲ੍ਹਾ ਮਾਨਸਾ ਦੇ ਪਿੰਡ ਬੁਰਜ ਰਾਠੀ ਵਿਖੇ ਇੱਕ ਵਿਅਕਤੀ ਵੱਲੋਂ ਆਪਣੇ ਪੁੱਤਰ ਤੇ ਕੁੱਝ ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਆਪਣੇ ਸਕੇ ਭਰਾ ਦੇ ਘਰ ਅੰਦਰ ਦਾਖ਼ਲ ਹੋ ਕੇ ਭਤੀਜੀ ਦਾ ਕਤਲ ਤੇ ਭਰਜਾਈ ਨੂੰ ਜਖ਼ਮੀ ਕਰਨ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਦੋ ਸਕੇ ਭਰਾਵਾਂ ਮੱਖਣ ਸਿੰਘ ਤੇ ਬਹਾਦਰ ਸਿੰਘ ਪੁੱਤਰਾਨ ਕਰਤਾਰ ਸਿੰਘ ਵਾਸੀ ਬੁਰਜ ਰਾਠੀ ਦਾ ਕਾਫ਼ੀ ਸਮੇਂ ਤੋਂ ਘਰੇਲੂ ਜ਼ਮੀਨੀ ਝਗੜਾ ਚੱਲ ਰਿਹਾ ਸੀ, ਜਿਸ ਦੇ ਚੱਲਦਿਆਂ ਮੱਖਣ ਸਿੰਘ ਨੇ ਆਪਣੇ ਪੁੱਤਰ ਬਲਵਿੰਦਰ ਸਿੰਘ ਤੇ ਕੁੱਝ ਹੋਰ ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਆਪਣੇ ਭਰਾ ਦੇ ਘਰ ਦਾਖਲ ਹੋ ਕੇ ਹਥਿਆਰਾਂ ਨਾਲ ਭਰਜਾਈ ਅਤੇ ਭਤੀਜੀ 'ਤੇ ਹਮਲਾ ਕਰ ਦਿੱਤਾ, ਜਿਸ 'ਚ ਦੋਵੇਂ ਜਖ਼ਮੀ ਹੋ ਗਈਆਂ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਜੋਗਾ ਦੀ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਦੋਵਾਂ ਮਾਂ-ਧੀ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਮਾਨਸਾ ਭੇਜਿਆ। ਇਸ ਸਬੰਧੀ ਥਾਣਾ ਜੋਗਾ ਦੇ ਮੁੱਖ ਅਫ਼ਸਰ ਰੇਨੂ ਪਰੋਚਾ ਨੇ ਦੱਸਿਆ ਕਿ ਦੋ ਸਕੇ ਭਰਾਵਾਂ ਮੱਖਣ ਸਿੰਘ ਤੇ ਬਹਾਦਰ ਸਿੰਘ ਦਾ ਆਪਸੀ ਜ਼ਮੀਨੀ ਝਗੜਾ ਚੱਲਦਾ ਆ ਰਿਹਾ ਸੀ, ਜਿਸ ਦੇ ਚੱਲਦਿਆਂ ਮੱਖਣ ਸਿੰਘ ਨੇ ਆਪਣੇ ਪੁੱਤਰ ਬਲਵਿੰਦਰ ਸਿੰਘ ਅਤੇ ਕੁੱਝ ਹੋਰ ਅਣਪਛਾਤਿਆਂ ਨਾਲ ਮਿਲ ਕੇ ਆਪਣੇ ਭਰਾ ਬਹਾਦਰ ਸਿੰਘ ਦੇ ਘਰ ਦਾਖਲ ਹੋ ਕੇ ਭਰਜਾਈ ਰਾਜ ਕੌਰ ਤੇ ਭਤੀਜੀ ਸ਼ਿੰਦਰ ਕੌਰ 'ਤੇ ਹਮਲਾ ਕਰ ਦਿੱਤਾ, ਜਿਸ 'ਚ ਸ਼ਿੰਦਰ ਕੌਰ ਦੀ ਮੌਤ ਗਈ ਤੇ ਰਾਜ ਕੌਰ ਨੂੰ ਇਲਾਜ ਲਈ ਮਾਨਸਾ ਹਸਪਤਾਲ ਤੋਂ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਥਿਤ ਦੋਸ਼ੀ ਮੱਖਣ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਹੋਰਨਾਂ ਦੀ ਭਾਲ ਜਾਰੀ ਹੈ।