ਫਾਈਲ ਫੋਟੋ
ਜਗਦੀਸ਼ ਥਿੰਦ
ਗੁਰੂਹਰਸਹਾਏ/ਫਿਰੋਜ਼ਪੁਰ, 23 ਅਗਸਤ, 2017 : ਪੰਚਕੁਲਾ ਵਿਖੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਸੀ.ਬੀ.ਆਈ. ਅਦਾਲਤ ਵਿਚ ਪੇਸ਼ੀ ਨੂੰ ਲੈ ਕੇ ਇਸ ਸਾਰੇ ਖੇਤਰ ਵਿਚ ਡਰ ਸਹਿਮ ਅਤੇ ਬੇਚੈਨੀ ਦਾ ਮਾਹੌਲ ਬਣਿਆ ਹੋਇਆ ਹੈ। ਸਿੱਖ ਪੰਥ ਨਾਲ ਸਬੰਧਤ ਧਿਰਾਂ ਵੱਲੋਂ ਇਸ ਦਿਨ ਆਉਣ ਵਾਲੇ ਫੈਸਲੇ ਉਪਰ ਕੋਈ ਵੀ ਪ੍ਰਤੀਕਰਮ ਨਾ ਪ੍ਰਗਟ ਕਰਨ ਦੀ ਹਦਾਇਤ ਕੀਤੀ ਗਈ ਹੈ ਅਤੇ ਇਸ ਸਬੰਧੀ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਗੁਰੂ ਘਰਾਂ ਦੀ ਰਖਵਾਲੀ ਕਰਨ ਦਾ ਸੰਦੇਸ਼ ਸਿੱਖ ਸੰਗਤ ਦੇ ਨਾਮ ਜਾਰੀ ਵੀ ਕੀਤਾ ਹੈ। ਡੇਰਾ ਸੱਚਾ ਸੌਦਾ ਨਾਲ ਸਬੰਧਤ ਇਸ ਖੇਤਰ ਵਿਚ ਵੱਡੀ ਗਿਣਤੀ ਸ਼ਰਧਾਲੂ ਵੱਸੇ ਹੋਏ ਹਨ। ਪਿਛਲੇ ਦਿਨਾਂ ਵਿਚ ਇਸ ਖੇਤਰ ਦੇ ਨਾਮਚਰਚਾ ਘਰਾਂ ਵਿਚ ਲਗਾਤਾਰ ਨਾਮ ਚਰਚਾ ਕਰਕੇ ਡੇਰਾ ਪ੍ਰੇਮੀਆਂ ਨੇ ਜਿੱਥੇ ਆਪਣੇ ਗੁਰੂ ਦਾ ਜਸ ਗਾਇਆ, ਉਥੇ ਔਖੀ ਘੜੀ ਵਿਚ ਡੇਰੇ ਦਾ ਸਾਥ ਦੇਣ ਦੀਆਂ ਕਸਮਾਂ ਵੀ ਖਾਧੀਆਂ। ਪਿਛਲੇ ਦਿਨਾਂ ਵਿਚ ਵੱਡੀ ਗਿਣਤੀ ਲੋਕ ਡੇਰਾ ਸਿਰਸਾ ਅਤੇ ਪੰਚਕੁਲੇ ਵੱਲ ਚਲੇ ਗਏ ਹਨ। ਇਸ ਦੌਰਾਨ ਹੀ ਆਮ ਲੋਕਾਂ ਵੱਲੋਂ ਇਸ ਦਿਨ ਹੋਣ ਵਾਲੇ ਅਦਾਲਤੀ ਫ਼ੈਸਲੇ ਤੋਂ ਬਾਅਦ ਕਿਸੇ ਕਿਸਮ ਦੇ ਮਾੜੇ ਹਲਾਤ ਬਣਨ ਦੀ ਸਥਿਤੀ ਵਿਚ ਆਪਣੇ ਬੱਚਿਆਂ ਨੂੰ ਬਚਣ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਜਲੰਧਰ, ਲੁਧਿਆਣਾ, ਪਟਿਆਲਾ, ਚੰਡੀਗੜ੍ਹ ਵਿਚ ਪੜ੍ਹਦੇ ਨੌਜਵਾਨਾਂ ਨੂੰ ਘਰ ਆਉਣ ਲਈ ਕਿਹਾ ਗਿਆ ਹੈ ਜਾਂ ਫਿਰ ਕਿਸੇ ਵੀ ਅਣਸੁਖਾਵੇਂ ਹਲਾਤਾਂ ਵਿਚ ਆਪਣੇ ਕਮਰਿਆਂ ਅੰਦਰ ਹੀ ਰਹਿਣ ਦੀ ਨਸੀਅਤ ਕੀਤੀ ਗਈ ਹੈ। ਮਾਪਿਆਂ ਅੰਦਰ ਭੈਅ ਹੈ ਕਿ ਨਾ ਜਾਣੇ ਹਲਾਤ ਕਰਫਿਊ ਦੀ ਸਥਿਤੀ ਤੱਕ ਨਾ ਪੁੱਜ ਜਾਣ। ਮਾਪਿਆਂ ਦੀ ਹਦਾਇਤ ਅਨੁਸਾਰ ਬਹੁਤ ਸਾਰੇ ਬੱਚੇ ਕਾਲਜਾਂ ਤੋਂ ਘਰ ਵੱਲ ਆ ਗਏ ਹਨ। ਵਰਣਨਯੋਗ ਹੈ ਕਿ ਸੁਰੱਖਿਆ ਏਜੰਸੀਆਂ ਵੱਲੋਂ ਵਰਤੀ ਜਾ ਰਹੀ ਸਖਤੀ ਅਨੁਸਾਰ ਥਾਂ ਥਾਂ 'ਤੇ ਕਾਇਮ ਕੀਤੀਆਂ ਗਈਆਂ ਚੈਕ ਪੋਸਟਾਂ ਉਪਰ ਗੱਡੀਆਂ ਨੂੰ ਰੋਕ ਕੇ ਤਲਾਸ਼ੀ ਲੈਣ ਦੇ ਨਾਲ ਨਾਲ ਗੱਡੀਆਂ ਵਿਚ ਕਿਸੇ ਕਿਸਮ ਦੇ ਹਥਿਆਰ, ਡਾਂਗਾਂ, ਸੋਟੇ ਹੋਣ ਦੀ ਸੰਭਾਵਨਾ ਦਾ ਵੀ ਪਤਾ ਲਗਾਇਆ ਜਾਂਦਾ ਹੈ।