ਹਿਸਾਰ, 29 ਅਗਸਤ, 2017 : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਲਾਂ ਖਤਮ ਹੁੰਦੀਆਂ ਨਜ਼ਰ ਨਹੀਂ ਆਉਂਦੀਆਂ। ਉਸ ਵਿਰੁੱਧ ਡੇਰੇ ਦੇ ਲੱਗਭਗ 400 ਪੈਰੋਕਾਰਾਂ ਨੂੰ ਨਿਪੁੰਸਕ ਬਣਾਉਣ ਸਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ 25 ਅਕਤੂਬਰ ਨੂੰ ਸੁਣਵਾਈ ਹੋਵੇਗੀ।
ਪਟੀਸ਼ਨਕਰਤਾ ਫਤਿਹਾਬਾਦ ਵਾਸੀ ਹੰਸਰਾਜ ਚੌਹਾਨ ਨੇ ਸੋਮਵਾਰ ਇਥੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮਾਮਲਾ ਉਨ੍ਹਾਂ 7 ਜੁਲਾਈ 2012 'ਚ ਹਾਈਕੋਰਟ 'ਚ ਦਾਇਰ ਕੀਤਾ ਸੀ, ਉਹ ਹੁਣ ਤਕ ਡੇਰੇ ਵਲੋਂ ਨਿਪੁੰਸਕ ਬਣਾਏ ਗਏ 166 ਪੈਰੋਕਾਰਾਂ ਦੀ ਸੂਚੀ ਅਦਾਲਤ ਨੂੰ ਸੌਂਪੇ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਡੇਰਾ ਮੁਖੀ ਦੇ ਹੁਕਮਾਂ 'ਤੇ ਡੇਰਾ ਦੇ ਡਾਕਟਰਾਂ ਨੇ ਇਨ੍ਹਾਂ ਵਿਅਕਤੀਆਂ ਨੂੰ ਨਿਪੁੰਸਕ ਬਣਾਇਆ ਸੀ। ਚੌਹਾਨ ਨੇ ਕਿਹਾ ਕਿ ਉਹ 25 ਅਕਤੂਬਰ ਨੂੰ ਹਾਈਕੋਰਟ ਨੂੰ ਬੇਨਤੀ ਕਰਨਗੇ ਕਿ ਮਾਮਲੇ ਦੀ ਫਾਸਟ ਟਰੈਕ ਅਦਾਲਤ 'ਚ ਨਿਯਮਿਤ ਸੁਣਵਾਈ ਕੀਤੀ ਜਾਵੇ ਤਾਂ ਜੋ ਪੀੜਤਾਂ ਨੂੰ ਜਲਦੀ ਇਨਸਾਫ ਮਿਲ ਸਕੇ।