ਚੰਡੀਗੜ੍ਹ, 26 ਅਗਸਤ, 2017 : ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਹੋਣ ਵਾਲੀ ਸਜ਼ਾ ਦੇ ਮੱਦੇਨਜ਼ਰ ਸੂਬੇ ਦੀਆਂ ਅਹਿਮ ਥਾਵਾਂ ’ਤੇ ਸੁਰੱਖਿਆ ਦੇ ਪੁਖਤਾ ਬੰਦੋਬਸਤ ਕਰ ਦਿੱਤੇ ਗਏ ਹਨ ਅਤੇ ਲੋੜ ਪੈਣ ’ਤੇ ਸੋਮਵਾਰ ਨੂੰ ਸੂਬੇ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਮੁੜ ਕਰਫਿੳੂ ਲਾਉਣ ਦੀ ਤਿਆਰੀ ਕੀਤੀ ਗਈ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਮੋਬਾਈਲ ਡਾਟਾ ਸੇਵਾਵਾਂ ’ਤੇ ਪਾਬੰਦੀ ਮੰਗਲਵਾਰ ਤੱਕ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਹਤਿਆਤ ਵਜੋਂ 19 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਡੇਰਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਤੱਕ ਇਹ ਕਾਰਵਾਈ ਜਾਰੀ ਰਹੇਗੀ। ਉਨਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਆਗੂਆਂ ਜੋ ਆਪਣੇ ਹਮਾਇਤੀਆਂ ਨੂੰ ਭੜਕਾ ਸਕਦੇ ਹਨ, ਨੂੰ ਇਹਤਿਆਤ ਵਜੋਂ ਜਾਂ ਤਾਂ ਭਰੋਸੇ ਵਿੱਚ ਜਾਂ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ।
ਸੀ.ਬੀ.ਆਈ. ਦੀ ਅਦਾਲਤ ਵੱਲੋਂ ਰਾਮ ਰਹੀਮ ਨੂੰ ਦੋਸ਼ੀ ਐਲਾਨੇ ਜਾਣ ਤੋਂ ਬਾਅਦ ਪੰਚਕੂਲਾ ਵਿੱਚ ਵਾਪਰੀ ਹਿੰਸਾ ਦੇ ਮੱਦੇਨਜ਼ਰ ਸੂਬੇ ਵਿੱਚ ਅਮਨ-ਕਾਨੂੰਨ ਦੀ ਤਾਜ਼ਾ ਸਥਿਤੀ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਬੀਤੀ ਰਾਤ ਤੋਂ ਕਿਸੇ ਵੀ ਥਾਂ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਉਨਾਂ ਨੇ ਸਪੱਸ਼ਟ ਕੀਤਾ ਕਿ ਬੀਤੇ ਦਿਨ ਸੂਬੇ ਦੇ ਕੁਝ ਇਲਾਕਿਆਂ ਵਿੱਚ ਵਾਪਰੀਆਂ ਮਾਮੂਲੀ ਘਟਨਾਵਾਂ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਮੁੱਖ ਮੰਤਰੀ ਨੇ ਪੰਚਕੂਲਾ ਦੀ ਹਿੰਸਾ ਵਿੱਚ ਪੰਜਾਬ ਦੇ ਸੱਤ ਵਿਅਕਤੀਆਂ ਦੀ ਮੌਤ ਹੋਣ ਜਾਣ ’ਤੇ ਦੁੱਖ ਪ੍ਰਗਟ ਕੀਤਾ। ਹਰਿਆਣਾ ਪਾਸੋਂ ਹੁਣ ਤੱਕ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਇਸ ਹਿੰਸਾ ਵਿੱਚ ਜ਼ਖਮੀ ਹੋਏ 250 ਵਿਅਕਤੀਆਂ ਵਿੱਚੋਂ 45 ਵਿਅਕਤੀ ਪੰਜਾਬ ਤੋਂ ਹਨ। ਉਨਾਂ ਦੱਸਿਆ ਕਿ ਹਿੰਸਾ ਵਿੱਚ ਮਾਰੇ ਗਏ ਸੱਤ ਵਿਅਕਤੀਆਂ ਦਾ ਸਸਕਾਰ ਅਮਨ-ਅਮਾਨ ਨਾਲ ਕਰਨ ਨੂੰ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਸੂਬੇ ਵਿੱਚ ਬੀਤੇ ਦਿਨ ਜਿਨਾਂ ਜ਼ਿਲਿਆਂ ਵਿੱਚ ਕਰਫਿੳੂ ਲਾਇਆ ਗਿਆ ਸੀ, ਉਨਾਂ ਵਿੱਚੋਂ ਤਿੰਨ ਜ਼ਿਲਿਆਂ ਵਿੱਚ ਕਰਫਿੳੂ ਹਟਾ ਦਿੱਤਾ ਗਿਆ ਜਦਕਿ ਬਾਕੀ ਥਾਵਾਂ ’ਤੇ ਢਿੱਲ ਦਿੱਤੀ ਗਈ ਹੈ। ਉਨਾਂ ਕਿਹਾ ਕਿ ਸਬੰਧਤ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਜ਼ਮੀਨੀ ਹਾਲਾਤ ਦੇ ਮੁਤਾਬਕ ਕਰਫਿੳੂ ਬਾਰੇ ਅਗਲਾ ਫੈਸਲਾ ਲੈਣ ਲਈ ਅਧਿਕਾਰ ਦਿੱਤੇ ਗਏ ਹਨ।
ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਰਾਮ ਰਹੀਮ ਕੇਸ ਵਿੱਚ ਅਦਾਲਤ ਵਿੱਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਵੀ ਸੂਬੇ ਵਿੱਚ ਸੁਰੱਖਿਆ ’ਚ ਕੋਈ ਢਿੱਲ ਨਹੀਂ ਆਉਣ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਹ ਸੂਬੇ ਦੇ ਲੋਕਾਂ ਨਾਲ ਵਾਅਦਾ ਕਰਦੇ ਹਨ ਕਿ ਉਨਾਂ ਦੀ ਸਰਕਾਰ ਸੋਮਵਾਰ ਨੂੰ ਸੂਬੇ ਵਿੱਚ ਕਿਸੇ ਤਰਾਂ ਦੀ ਗੜਬੜੀ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਨਾ ਹੀ ਕਿਸੇ ਨੂੰ ਸੂਬੇ ਦੇ ਮਾਹੌਲ ਵਿੱਚ ਕੁੜੱਤਣ ਪੈਦਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਅਧਿਕਾਰੀਆਂ ਨੇ ਸੂਬੇ ਵਿੱਚ ਡੇਰੇ ਦੇ 98 ਨਾਮ ਚਰਚਾ ਘਰਾਂ ਦਾ ਦੌਰਾ ਕੀਤਾ ਹੈ ਅਤੇ ਡਾਗਾਂ, ਪਾਈਪਾਂ, ਰਾਡਾਂ, ਕੁਹਾੜੀਆਂ ਅਤੇ ਪੈਟਰੋਲ ਬੰਬ ਬਰਾਮਦ ਕੀਤੇ ਗਏ। ਸੂਬੇ ਵਿੱਚ ਅਮਨ-ਸ਼ਾਂਤੀ ਨੂੰ ਕਿਸੇ ਵੀ ਕੀਮਤ ’ਤੇ ਭੰਗ ਨਾ ਹੋਣ ਦੇਣ ਦਾ ਅਹਿਦ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਤੱਕ ਉਹ ਸੂਬੇ ਦੇ ਮੁਖੀ ਹਨ, ਉਦੋਂ ਤੱਕ ਉਹ ਅਮਨ-ਚੈਨ ਨੂੰ ਯਕੀਨੀ ਬਣਾਉਣ ਦੀ ਨਿਗਰਾਨੀ ਨਿੱਜੀ ਤੌਰ ’ਤੇ ਕਰਨਗੇ।
ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਬੀਤੇ ਦਿਨ ਦੀ ਹਿੰਸਾ ਵਿੱਚ ਜਾਇਦਾਦ ਦੇ ਹੋਏ ਨੁਕਸਾਨ ਦੀ ਸੂਚੀ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨਾਂ ਕਿਹਾ ਕਿ ਇਹ ਸੂਚੀ ਉਨਾਂ ਦੀ ਸਰਕਾਰ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪੇਸ਼ ਕੀਤੀ ਜਾਵੇਗੀ ਜਿਸ ਨੇ ਹਿੰਸਾ ਵਿੱਚ ਹੋਏ ਨੁਕਸਾਨ ਦੀ ਲਾਗਤ ਡੇਰੇ ਤੋਂ ਵਸੂਲਣ ਦੇ ਨਿਰਦੇਸ਼ ਦਿੱਤੇ ਹਨ।
ਐਤਵਾਰ ਨੂੰ ਪੰਜਾਬ ਦੇ ਕੁਝ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੀ ਯੋਜਨਾ ਬਣਾ ਰਹੇ ਮੁੱਖ ਮੰਤਰੀ ਨੇ ਸ਼ਾਂਤੀ ਬਣਾਈ ਰੱਖਣ ਲਈ ਹੇਠਲੇ ਪੱਧਰ ’ਤੇ ਕੰਮ ਕਰਨ ਵਾਲੇ ਲੋਕਾਂ ਅਤੇ ਸੁਰੱਖਿਆ ਫੋਰਸਾਂ ਨੂੰ ਵਧਾਈ ਦਿੱਤੀ ਹੈ। ਉਨਾਂ ਕਿਹਾ ਕਿ ਹਰਿਆਣਾ ਦੀ ਵੱਡੀ ਗਲਤੀ ਪੰਚਕੂਲਾ ਵਿੱਚ ਲੋਕਾਂ ਦੇ ਵੱਡੇ ਇਕੱਠ ਨੂੰ ਜਮਾਂ ਹੋਣ ਦਿੱਤਾ ਅਤੇ ਉਹ ਇਸ ਇਕੱਠ ਨੂੰ ਰੋਕਣ ਵਿੱਚ ਨਾਕਾਮ ਰਹੇ।
ਪੰਚਕੂਲਾ ਵਿਖੇ ਡੇਰਾ ਪ੍ਰੇਮੀਆਂ ਨੂੰ ਲਿਜਾਣ ਵਾਲੀਆਂ ਗੱਡੀਆਂ ਪੰਜਾਬ ਵੱਲੋਂ ਨਾ ਰੋਕੇ ਜਾਣ ਦੇ ਲਾਏ ਗਏ ਦੋਸ਼ਾਂ ’ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਇਸ ਮੁੱਦੇ ’ਤੇ ਕਦੇ ਵੀ ਪੰਜਾਬ ਸਰਕਾਰ ਕੋਲ ਪਹੁੰਚ ਨਹੀਂ ਕੀਤੀ।
ਇਕ ਹੋਰ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਅਤੇ ਹਰਿਆਣਾ ਦੇ ਮੁੱਖ ਮੰਤਰੀ ਵਿਚਕਾਰ ਕੋਈ ਸੰਪਰਕ ਨਹੀਂ ਹੋਇਆ, ਭਾਵੇਂ ਕਿ ਪੰਜਾਬ ਦੇ ਡੀ.ਜੀ.ਪੀ. ਲਗਾਤਾਰ ਹਰਿਆਣਾ ਦੇ ਡੀ.ਜੀ.ਪੀ. ਨਾਲ ਸੰਪਰਕ ਵਿੱਚ ਰਹੇ ਹਨ। ਪੰਜਾਬ ਪੁਲਿਸ ਵੱਲੋਂ ਪ੍ਰਾਪਤ ਹੋਈ ਸਾਰੀ ਖੁਫੀਆ ਜਾਣਕਾਰੀ ਹਰਿਆਣਾ ਨਾਲ ਸਾਂਝੀ ਕੀਤੀ ਗਈ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਗੱਲਬਾਤ ਵੀ ਕੀਤੀ ਅਤੇ ਉਨਾਂ ਨੂੰ ਪੱਤਰ ਵੀ ਲਿਖਿਆ। ਉਨਾਂ ਦੀ ਸਰਕਾਰ ਨੇ 13 ਅਗਸਤ ਨੂੰ ਪੰਜਾਬ ਲਈ ਵਾਧੂ ਸੁਰੱਖਿਆ ਦਾ ਮੁੱਦਾ ਉਠਾਇਆ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰੇਕ ਕੋਲ ਚੋਖਾ ਸਮਾਂ ਸੀ। ਉਨਾਂ ਕਿਹਾ ਕਿ ਸਮੁੱਚੀ ਪੰਜਾਬ ਪੁਲਿਸ ਅਤੇ ਸਰਕਾਰ ਕੱਲ ਪੂਰੀ ਤਰਾਂ ਫੀਲਡ ਵਿੱਚ ਸੀ ਜਿਸ ਨੇ ਸੂਬੇ ਵਿੱਚ ਸ਼ਾਂਤੀ ਬਣਾਈ ਰੱਖਣ ਨੂੰ ਯਕੀਨੀ ਬਣਾਇਆ।
ਅਜਿਹੇ ਡੇਰਿਆਂ ਨੂੰ ਲਗਾਤਾਰ ਸਿਆਸੀ ਪੁਸ਼ਤਪਨਾਹੀ ਮਿਲਣ ਬਾਰੇ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਫੈਸਲਾ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਰਾਸ਼ਟਰੀ ਪੱਧਰ ’ਤੇ ਲਏ ਜਾਣ ਵਾਲਾ ਹੈ। ਪੰਜਾਬ ਵਿੱਚ ਡੇਰੇ ਵੱਲੋਂ ਕਿਸੇ ਵੀ ਤਰਾਂ ਦੀ ਗੜਬੜ ਫੈਲਾਉਣ ਦੀ ਆਗਿਆ ਨਾ ਦਿੱਤੇ ਜਾਣ ’ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰਾਂ ਘਟਨਾਵਾਂ ਵਾਪਰ ਰਹੀਆਂ ਹਨ, ਉਸ ਤੋਂ ਨਹੀਂ ਲਗਦਾ ਕਿ ਸਿਆਸੀ ਪਾਰਟੀਆਂ ਭਵਿੱਖ ਵਿੱਚ ਡੇਰਿਆਂ ਤੋਂ ਸਮਰਥਨ ਲੈਣਗੀਆਂ।
ਆਪਣੇ ਘਰਾਂ ਵਿੱਚ ਵਾਪਸ ਜਾਣ ਲਈ ਡੇਰੇ ਦੇ ਹਮਾਇਤੀਆਂ ਨੂੰ ਪੰਜਾਬ ਸਰਕਾਰ ਵੱਲੋਂ ਸਹੂਲਤ ਦਿੱਤੇ ਜਾਣ ਬਾਰੇ ਕੀਤੇ ਗਏ ਪ੍ਰਬੰਧਾਂ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧ ਵਿੱਚ ਬੱਸਾਂ ਅਤੇ ਟਰੱਕਾਂ ਦਾ ਪ੍ਰਬੰਧ ਕੀਤਾ ਗਿਆ ਤਾਂ ਜੋ ਉਹ ਵਾਪਸ ਜਾਂਦੇ ਹੋਏ ਕੋਈ ਵੀ ਖਲਬਲੀ ਨਾ ਕਰ ਸਕਣ। ਉਨਾਂ ਕਿਹਾ ਕਿ ਇਨਾਂ ਬੱਸਾਂ ਅਤੇ ਟਰੱਕਾਂ ਰਾਹੀਂ ਲਿਜਾਏ ਗਏ 65 ਫੀਸਦੀ ਵਿਅਕਤੀ ਹਰਿਆਣਾ ਵੱਲ ਚਲੇ ਗਏ ਹਨ।
ਰੇਲ ਅਤੇ ਬੱਸ ਸਰਵਿਸ ਦੀ ਮੁੜ ਬਹਾਲੀ ਦੇ ਸਵਾਲ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਹਰਿਆਣਾ ’ਤੇ ਨਿਰਭਰ ਕਰਦਾ ਹੈ ਕਿ ਉਹ ਕਿੰਨੀ ਛੇਤੀ ਸਥਿਤੀ ’ਤੇ ਨਿਯੰਤਰਨ ਕਰਨ ਵਿੱਚ ਸਮਰਥ ਹੁੰਦਾ ਹੈ ਕਿਉਂਕਿ ਇਹ ਗੱਡੀਆਂ ਹਰਿਆਣਾ ਵਿੱਚ ਦੀ ਹੀ ਲੰਘਣੀਆਂ ਹਨ। ਉਨਾਂ ਕਿਹਾ ਕਿ ਪੰਜਾਬ ਨੂੰ ਬੱਸ ਅਤੇ ਰੇਲ ਆਵਾਜਾਈ ਦੀ ਬਹਾਲੀ ’ਤੇ ਕੋਈ ਇਤਰਾਜ਼ ਨਹੀਂ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕੱਲ ਦੀ ਹਿੰਸਾ ਦੌਰਾਨ ਡੇਰਾ ਹਮਾਇਤੀਆਂ ਵੱਲੋਂ ਮੀਡੀਆ ’ਤੇ ਕੀਤੇ ਗਏ ਹਮਲੇ ਦੀ ਤਿੱਖੀ ਆਲੋਚਨਾ ਕੀਤੀ। ਉਨਾਂ ਕਿਹਾ ਕਿ ਕਿਸੇ ਵੀ ਤਰਾਂ ਦੀ ਹਿੰਸਾ ਨਾ ਪ੍ਰਵਾਨ ਕਰਨ ਯੋਗ ਹੈ।
ਸੋਮਵਾਰ ਲਈ ਕੀਤੇ ਗਏ ਪ੍ਰਬੰਧਾਂ ਦੀ ਵਿਸਤਿ੍ਰਤ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੇਂਦਰ/ਸੂਬੇ ਦੇ ਸਰਕਾਰੀ ਦਫਤਰ ਵਿੱਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਗਏ ਹਨ। ਰੇਲਵੇ ਦੀ ਜਾਇਦਾਦ, ਹੋਰ ਮਹੱਤਵਪੂਰਨ ਇਮਾਰਤਾਂ ਅਤੇ ਜਨਤਕ ਜਾਇਦਾਦ ਦੀ ਰਾਖੀ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਦਿਹਾਤੀ ਇਲਾਕਿਆਂ ਵਿੱਚ ਬਿਜਲੀ ਗਰਿੱਡ, ਦਿਹਾਤੀ ਸੇਵਾ ਕੇਂਦਰਾਂ ਅਤੇ ਦਿਹਾਤੀ ਸਿਹਤ ਕੇਂਦਰਾਂ ’ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ।
ਸੂਬੇ ਦੇ ਡੇਰਿਆਂ ਦੇ ਬਾਹਰ ਸੁਰੱਖਿਆ ਪ੍ਰਬੰਧ ਮਜ਼ਬੂਤ ਬਣਾਏ ਗਏ ਹਨ। ਡੇਰਾ ਸ਼ਰਧਾਲੂਆਂ ਨੂੰ ਨਾਮ ਚਰਚਾ ਘਰਾਂ ਵਿੱਚ ਇਕੱਠੇ ਹੋਣ ਦੀ ਆਗਿਆ ਨਹੀਂ ਦਿੱਤੀ ਜਾਏਗੀ। ਨਾਜ਼ੁਕ ਖੇਤਰਾਂ ਵਿੱਚ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ ਅਤੇ ਗਸ਼ਤ ਵਧਾਈ ਗਈ ਹੈ। ਬੁਲਾਰੇ ਨੇ ਦੱਸਿਆ ਕਿ ਨੀਮ ਫੌਜੀ ਬਲਾਂ ਅਤੇ ਪੁਲਿਸ ਮੁਲਾਜ਼ਮਾਂ ਵੱਲੋਂ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਵਿੱਚ ਫਲੈਗ ਮਾਰਚ ਕੀਤਾ ਜਾ ਰਿਹਾ ਹੈ।
ਮੁੱਖ ਮੰਤਰੀ ਦੇ ਨਾਲ ਪ੍ਰੈਸ ਕਾਨਫਰੰਸ ਵਿੱਚ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਮੁੱਖ ਮੰਤਰੀ ਦੇ ਸਲਾਹਕਾਰ ਬੀ.ਆਈ.ਐਸ. ਚਾਹਲ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਵਧੀਕ ਮੁੱਖ ਸਕੱਤਰ ਗ੍ਰਹਿ ਮਨਦੀਪ ਸਿੰਘ ਸੰਧੂ, ਡੀ.ਜੀ.ਪੀ. ਸੁਰੇਸ਼ ਅਰੋੜਾ, ਡੀ.ਜੀ.ਪੀ. ਇੰਟੈਲੀਜੈਂਸ ਦਿਨਕਰ ਗੁਪਤਾ, ਪੁਮੱਖ ਸਕੱਤਰ ਮੁੱਖ ਮੰਤਰੀ ਤੇਜਵੀਰ ਸਿੰਘ, ਮੁੱਖ ਮੰਤਰੀ ਦੇ ਵਿਸ਼ੇਸ਼ ਮੁੱਖ ਸਕੱਤਰ ਗੁਰਕੀਰਤ ਕਿਰਪਾਲ ਸਿੰਘ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਅਤੇ ਵਿਧਾਇਕ ਗੁਰਮੀਤ ਸਿੰਘ ਸੋਢੀ ਹਾਜ਼ਰ ਸਨ।