ਮੋਗਾ, 28 ਅਗਸਤ, 2017 : ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਆਈ.ਏ.ਐਸ ਦੇ ਆਦੇਸ਼ਾਂ ਅਨੁਸਾਰ 28 ਅਗਸਤ 2017 ਨੂੰ ਦੁਪਹਿਰ 01.00 ਵਜੇ ਤੋਂ ਲੈ ਕੇ ਨਗਰ ਨਿਗਮ ਮੋਗਾ ਅਤੇ ਨਗਰ ਕਮੇਟੀ ਬਾਘਾਪੁਰਾਣਾ ਦੇ ਖੇਤਰ 'ਚ ਲਗਾਇਆ ਗਿਆ ਕਰਫਿਊ ਕੱਲ੍ਹ (ਮਿਤੀ 29 ਅਗਸਤ 2017) ਸਵੇਰੇ 6 ਵਜੇ ਤੱਕ ਜਾਰੀ ਰਹੇਗਾ। ਜ਼ਿਲ੍ਹੇ ਦੇ ਸਾਰੇ ਸਰਕਾਰੀ, ਮਾਨਤਾ ਪ੍ਰਾਪਤ, ਪ੍ਰਾਈਵੇਟ ਸਕੂਲ, ਕਾਲਜ, ਆਂਗਣਵਾੜੀ ਸੈਂਟਰ ਤੇ ਸੇਵਾ ਕੇਂਦਰ ਕੱਲ ਖੁੱਲ੍ਹੇ ਰਹਿਣਗੇ।
ਜ਼ਿਲ੍ਹਾ ਮੈਜਿਸਟ੍ਰੇਟ ਤੇ ਜ਼ਿਲ੍ਹਾ ਪੁਲਿਸ ਮੁਖੀ ਸ. ਰਾਜ ਜੀਤ ਸਿੰਘ ਨੇ ਜ਼ਿਲ੍ਹੇ ਵਿੱਚ ਅਮਨ ਤੇ ਸ਼ਾਂਤੀ ਦਾ ਮਾਹੌਲ ਕਾਇਮ ਰੱਖਣ ਲਈ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਅਮਨ ਪਸੰਦ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਪੂਰਨ ਸਹਿਯੋਗ ਦੇ ਕੇ ਪੂਰੀ ਤਰ੍ਹਾਂ ਸਦਭਾਵਨਾ ਤੇ ਸ਼ਾਂਤੀ ਦਾ ਮਾਹੌਲ ਬਣਾਈ ਰੱਖਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਜ਼ਿਲ੍ਹਾ ਪੁਲਿਸ ਦੇ ਨਾਲ ਪੈਰਾ ਮਿਲਟਰੀ ਫੋਰਸਿਜ ਦੇ ਜਵਾਨਾਂ ਨੇ ਵੀ ਦਿਨ ਰਾਤ ਪੂਰੀ ਮੁਸਤੈਦੀ ਨਾਲ ਡਿਊਟੀ ਦਿੱਤੀ ਅਤੇ ਆਮ ਨਾਗਰਿਕਾਂ ਦਾ ਵੀ ਸੁਰੱਖਿਆ ਬਲਾਂ ਨੂੰ ਭਰਵਾਂ ਸਹਿਯੋਗ ਮਿਲਿਆ।