ਅੰਮ੍ਰਿਤਸਰ, 29 ਅਗਸਤ, 2017 : ਸਿੱਖਾਂ ਦੀ ਪਾਰਲੀਮੈਂਟ ਵਜੋਂ ਜਾਣੇ ਜਾਂਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਡੇਰਾ ਮੁਖੀ ਤਾਂ ਸ਼ੁਰੂ ਤੋਂ ਹੀ ਵਿਵਾਦਾਂ ਵਿੱਚ ਰਿਹਾ ਹੈ। ਉਨ੍ਹਾਂ ਕਿਹਾ ਕਿ ਅਦਾਲਤ ਨੇ ਜੋ ਸਜ਼ਾ ਸੁਣਾਈ ਹੈ, ਉਸ ਨਾਲ ਸਿੱਖਾਂ ਵਿੱਚ ਖੁਸ਼ੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਫੈਸਲੇ ਨਾਲ ਲੋਕਾਂ ਦਾ ਅਦਾਲਤ ਵਿੱਚ ਵਿਸ਼ਵਾਸ ਵਧਿਆ ਹੈ।
ਇੱਥੇ ਪ੍ਰੈੱਸ ਕਾਨਫਰੰਸ ਵਿੱਚ ਬੋਲਦਿਆਂ ਜਥੇਦਾਰ ਨੇ ਕਿਹਾ ਕਿ ਕੁਝ ਸਿੱਖ ਡੇਰਾ ਮੁਖੀ ਦੀਆਂ ਗੱਲਾਂ ਵਿੱਚ ਆ ਕੇ ਉਸ ਨਾਲ ਜੁੜ ਗਏ ਸਨ ਪਰ ਹੁਣ ਉਸ ਦਾ ਅਸਲੀ ਚਿਹਰਾ ਸਭ ਦੇ ਸਾਹਮਣੇ ਆ ਗਿਆ ਹੈ। ਡੇਰੇ ਨਾਲ ਜੁੜੇ ਸਿੱਖਾਂ ਬਾਰੇ ਜਥੇਦਾਰ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੀ ਮਾਨਸਿਕਤਾ ਕਮਜ਼ੋਰ ਹੁੰਦੀ ਹੈ, ਉਹੀ ਗੁਰੂ ਘਰ ਛੱਡ ਕੇ ਡੇਰਿਆਂ ਨਾਲ ਜੁੜਦੇ ਹਨ। ਦੂਜੇ ਪਾਸੇ ਗਿਆਨੀ ਗੁਰਬਚਨ ਸਿੰਘ ਨੇ ਇਹ ਵੀ ਕਿਹਾ ਕਿ ਜੋ ਸਿੱਖ ਮੁੜ ਤੋਂ ਆਪਣੇ ਗੁਰੂ ਘਰ ਨਾਲ ਜੁੜਨਾ ਚਾਹੁੰਦੇ ਹਨ, ਉਹ ਉਨ੍ਹਾਂ ਦਾ ਸਵਾਗਤ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਉਹ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨਗੇ।
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਪੰਜਾਬ ਸਰਕਾਰ ਦੇ ਪੁਖ਼ਤਾ ਸੁਰੱਖਿਆ ਇੰਤਜ਼ਾਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਨੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਈ ਹੈ ਜਿਸ ਕਾਰਨ ਪੰਜਾਬ ਵਿੱਚ ਹਿੰਸਾ ਨਹੀਂ ਹੋਈ। ਇੱਥੇ ਦੱਸਣਾ ਬਣਦਾ ਹੈ ਕਿ ਪਟਿਆਲਾ ਗਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਵੀ ਇਸ ਮੁੱਦੇ ‘ਤੇ ਕੈਪਟਨ ਦੀ ਸ਼ਲਾਘਾ ਕੀਤੀ ਸੀ।
ਇਸ ਤੋਂ ਇਲਾਵਾ ਨਿਆਂ ਪ੍ਰਣਾਲੀ ਦੇ ਮੌਜੂਦਾ ਪ੍ਰਦਰਸ਼ਨ ਬਾਰੇ ਜੱਥੇਦਾਰ ਨੇ ਇਹ ਕਿਹਾ ਕਿ ਇਸ ਤਰ੍ਹਾਂ ਸਿੱਖਾਂ ਨੂੰ 1984 ਦੇ ਕਤਲੇਆਮ ਕੇਸ ਵਿੱਚ ਨਿਆਂ ਮਿਲਣ ਦੀ ਆਸ ਬੱਝੀ ਹੈ। ਡੇਰੇ ਜਾਣ ਵਾਲੇ ਸਿੱਖਾਂ ਨੂੰ ਮਾਨਸਿਕ ਤੌਰ ‘ਤੇ ਕਮਜ਼ੋਰ ਕਹਿਣ ਵਾਲੇ ਜਥੇਦਾਰ ਗੁਰਬਚਨ ਸਿੰਘ ਸਮੇਤ ਪੰਜ ਤਖ਼ਤਾਂ ਦੇ ਜੱਥੇਦਾਰਾਂ ਨੇ 24 ਸਤੰਬਰ, 2015 ਨੂੰ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਗ਼ੈਰ ਮੰਗਿਆਂ ਮੁਆਫ਼ੀ ਦੇ ਦਿੱਤੀ ਸੀ। ਇਸ ਤੋਂ ਬਾਅਦ ਸਿੱਖ ਸੰਗਤ ਦੇ ਵਿਰੋਧ ਪ੍ਰਗਟਾਉਣ ਕਾਰਨ ਇਹ ਮੁਆਫ਼ੀਨਾਮਾ ਖਾਰਜ ਕਰ ਦਿੱਤਾ ਗਿਆ ਸੀ। ਇਸ ਕਾਰਨ ਜਥੇਦਾਰ ਗੁਰਬਚਨ ਸਿੰਘ ਦਾ ਕਾਫੀ ਵਿਰੋਧ ਹੋਇਆ ਸੀ।