ਸੰਗਰੂਰ, 28 ਅਗਸਤ, 2017 : ਜ਼ਿਲ੍ਹਾ ਸੰਗਰੂਰ ਵਿੱਚ ਅੱਜ ਰਾਤ 9 ਵਜੇ ਤੋਂ ਕਰਫਿਊ ਲਾਗੂ ਕਰ ਦਿੱਤਾ ਜਾਵੇਗਾ ਜੋ ਕਿ 29 ਅਗਸਤ ਸਵੇਰੇ 7 ਵਜੇ ਤੱਕ ਲਾਗੂ ਰਹੇਗਾ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟਰੇਟ ਸ. ਅਮਰਪ੍ਰਤਾਪ ਸਿੰਘ ਵਿਰਕ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਹੈ ਅਤੇ ਕਰਫਿਊ ਕੇਵਲ ਅਹਿਤਿਆਤ ਵਜੋਂ ਲਗਾਇਆ ਜਾ ਰਿਹਾ ਹੈ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਮਾਣਯੋਗ ਸੀ.ਬੀ.ਆਈ. ਅਦਾਲਤ ਪੰਚਕੁਲਾ ਵੱਲੋਂ ਮਿਤੀ 25.08.2017 ਨੂੰ ਡੇਰਾ ਸੱਚਾ ਸੌਦਾ ਮੁਖੀ ਦੇ ਕੇਸ ਦੇ ਸਬੰਧ ਵਿੱਚ ਸੁਣਾਏ ਗਏ ਫੈਸਲੇ ਅਤੇ ਇਸ ਫੈਸਲੇ ਦੀ ਲਗਾਤਾਰਤਾ ਵਿੱਚ ਮਿਤੀ: 28/8/2017 ਨੂੰ ਡੇਰਾ ਮੁਖੀ ਸੱਚਾ ਸੌਦਾ ਨੂੰ ਸੁਣਾਈ ਸਜ਼ਾ ਦੇ ਮੱਦੇਨਜ਼ਰ ਜ਼ਿਲ੍ਹਾ ਸੰਗਰੂਰ ਵਿੱਚ ਅਮਨ ਤੇ ਕਾਨੂੰਨ ਦੀ ਸਥਿੱਤੀ ਨੂੰ ਖਰਾਬ ਹੋਣ ਦੇ ਖਦਸੇ ਅਤੇ ਜ਼ਿਲ੍ਹਾ ਸੰਗਰੂਰ ਦੇ ਸ਼ਹਿਰਾਂ/ਪਿੰਡਾਂ, ਰੇਲਵੇ ਟ੍ਰੈਕ, ਨਹਿਰਾਂ ਦੇ ਪੁਲ, ਨਹਿਰਾਂ, ਜਲ-ਨਿਕਾਸ ਦੇ ਨਾਲਿਆਂ, ਰਜਵਾਹੇ, ਇੰਡੀਅਨ ਆਇਲ ਪਾਈਪ ਲਾਈਨ, ਅਹਿਮ ਪਲਾਂਟ, ਗੈਸ-ਪਾਈਪ ਲਾਈਨ ਦੀ ਪ੍ਰਾਪਰਟੀ ਅਤੇ ਬਿਜਲੀ ਦੀਆਂ ਟਰਾਂਸਮਿਸ਼ਨ ਲਾਈਨਾਂ, ਅਨਾਜ ਦੇ ਭੰਡਾਰ, ਪੈਟਰੋਲ ਪੰਪ, ਪੇਂਡੂ ਅਤੇ ਸ਼ਹਿਰੀ ਖੇਤਰ ਵਿੱਚ ਬੈਂਕ, ਡਾਕਖਾਨਿਆਂ ਸਰਕਾਰੀ ਗੈਰ-ਸਰਕਾਰੀ ਪ੍ਰਾਪਰਟੀ, ਬਿਜਲੀ ਸਟੇਸ਼ਨ ਅਤੇ ਸਪਲਾਈ ਲਾਈਨਾਂ ਰੇਲ ਪਟੜੀਆਂ, ਜਲ-ਸਪਲਾਈ ਸਕੀਮਾਂ, ਨਹਿਰਾਂ, ਜਲ-ਨਿਕਾਸ ਦੇ ਨਾਲਿਆਂ ਨੂੰ ਨੁਕਸਾਨ ਪਹੁੰਚਾਉਣ ਤੋਂ ਬਚਾਉਣ ਲਈ, ਕਿਸੇ ਅਣ-ਸੁਖਾਵੀਂ ਘਟਨਾਂ ਨੂੰ ਵਾਪਰਨ ਤੋਂ ਰੋਕਣ ਅਤੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਢੁਕਵੇਂ ਕਦਮ ਉਠਾਉਣੇ ਜਰੂਰੀ ਹਨ।
ਇਨ੍ਹਾਂ ਹਾਲਾਤਾਂ ਵਿੱਚ ਜ਼ਿਲ੍ਹਾ ਮੈਜਿਸਟਰੇਟ, ਸੰਗਰੂਰ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਵਿੱਚ ਕਿਸੇ ਅਣ-ਸੁਖਾਵੀਂ ਘਟਨਾਂ ਨੂੰ ਵਾਪਰਨ ਤੋਂ ਰੋਕਣ ਅਤੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਜ਼ਿਲ੍ਹਾ ਸੰਗਰੂਰ ਦੀਆਂ ਸੀਮਾਵਾਂ ਅੰਦਰ ਕਰਫਿਊ ਲਗਾਉਣ ਦਾ ਹੁਕਮ ਜਾਰੀ ਕੀਤਾ ਹੈ। ਇਸ ਸਮੇਂ ਦੌਰਾਨ ਜ਼ਿਲ੍ਹੇ ਦੀ ਹਦੂਦ ਅੰਦਰ ਜ਼ਿਲ੍ਹੇ ਦੇ ਸਾਰੇ ਇਲਾਕਿਆਂ 'ਚ ਆਮ ਜਨਤਾ ਨੂੰ ਘਰਾਂ ਤੋਂ ਬਾਹਰ ਨਿਕਲਣ ਦੀ ਮਨਾਹੀ ਹੋਵੇਗੀ।