ਜਲੰਧਰ, 24 ਅਗਸਤ, 2017 : ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹੇ ਅੰਦਰ ਅਮਨ ਤੇ ਕਾਨੂੰਨ ਦੀ ਸਥਿਤੀ 'ਤੇ ਪੂਰੀ ਚੌਕਸੀ ਨਾਲ ਨਜ਼ਰਸਾਨੀ ਰੱਖ ਰਿਹਾ ਹੈ ਅਤੇ ਸ਼ਾਂਤੀ ਤੇ ਭਾਈਚਾਰਕ ਏਕਤਾ ਨੂੰ ਭੰਗ ਕਰਨ ਦੇ ਹਰ ਯਤਨ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ।
ਅੱਜ ਇਥੇ ਜ਼ਿਲ੍ਹਾ ਪ੍ਰਸਾਸ਼ਕੀ ਕੰਪਲੈਕਸ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਵਲੋਂ ਉਪ ਮੰਡਲ ਮੈਜਿਸਟਰੇਟਾਂ ਤੇ ਕਾਰਜਕਾਰੀ ਮੈਜਿਸਟਰੇਟਾਂ ਨੂੰ ਕਿਹਾ ਕਿ ਡੇਰਾ ਸੱਚਾ ਸੌਦਾ ਮੁੱਖੀ ਦੇ ਕੇਸ ਵਿਚ ਮਾਨਯੋਗ ਅਦਾਲਤ ਵਲੋਂ ਸੁਣਾਏ ਜਾ ਜਾਣ ਵਾਲੇ ਫੈਸਲੇ ਦੇ ਮੱਦੇ ਨਜ਼ਰ ਉਹ ਆਪੋ ਆਪਣੇ ਖੇਤਰ ਵਿੱਚ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਲਈ ਪੂਰੀ ਚੌਕਸੀ ਨਾਲ ਨਜ਼ਰਸਾਨੀ ਰੱਖਣ । ਉਨ੍ਹਾਂ ਪ੍ਰਸ਼ਾਸਕੀ ਅਧਿਕਾਰੀਆਂ ਨੂੰ ਦੋ ਦਿਨ ਲਈ ਆਪੋ ਆਪਣੇ ਡਿਊਟੀ ਸਥਾਨ ਨਾ ਛੱਡਣ ਲਈ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਅਧਿਕਾਰੀ ਪੁਲਿਸ ਵਿਭਾਗ ਨਾਲ ਪੂਰਾ ਤਾਲਮੇਲ ਕਾਇਮ ਰੱਖਣ ਤਾਂ ਜੋ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਿਪਟਿਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਗੱਲ 'ਤੇ ਵੀ ਸ਼ਖਤੀ ਨਾਲ ਨਜ਼ਰਸਾਨੀ ਰੱਖੀ ਜਾਵੇ ਕਿ ਕਿਸੇ ਵਲੋਂ ਵੀ ਅਫ਼ਵਾਹਾਂ ਫੈਲਾਕੇ ਲੋਕਾਂ ਨੂੰ ਗੁੰਮਰਾਹ ਨਾ ਕੀਤਾ ਜਾ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅਮਨ ਅਤੇ ਸ਼ਾਂਤੀ ਭੰਗ ਕਰਨ ਦਾ ਯਤਨ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਬਖਸ਼ਿਆ ਨਾ ਜਾਵੇ। ਉਨ੍ਹਾਂ ਕਿਹਾ ਕਿ ਅਧਿਕਾਰੀ ਅਮਨ ਅਤੇ ਕਾਨੂੰਨ ਦੀ ਵਿਵਸਥਾ ਨੂੰ ਬਹਾਲ ਰੱਖਣ ਦੇ ਨਾਲ-ਨਾਲ ਲੋਕਾਂ ਨੂੰ ਸ਼ਾਤੀ ,ਆਪਸੀ ਭਾਈਚਾਰਕ ਏਕਤਾ ਬਣਾਈ ਰੱਖਣ ਲਈ ਪ੍ਰੇਰਣ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਮਨ ਅਤੇ ਸ਼ਾਂਤੀ ਬਣਾ ਕੇ ਰੱਖਣ । ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪੋ-ਆਪਣੇ ਖੇਤਰ ਵਿੱਚ ਵਿੱਦਿਅਕ ਸੰਸਥਾਵਾਂ ਨੂੰ 25 ਅਗਸਤ 2017 ਨੂੰ ਬੰਦ ਰੱਖੇ ਜਾਣ ਸਬੰਧੀ ਪੰਜਾਬ ਸਰਕਾਰ ਵਲੋਂ ਦਿੱਤੇ ਹੁਕਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿੱਦਿਅਕ ਸੰਸਥਾਨਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਇਸੇ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਦਫ਼ਾ 144-ਏ ਵੀ ਲਾਗੂ ਕਰ ਦਿੱਤੀ ਗਈ ਹੈ ਜਿਸ ਤਹਿਤ ਪੁਲਿਸ ਅਤੇ ਅਰਧ ਸੈਨਿਕ ਬਲਾਂ ਤੋਂ ਇਲਾਵਾ ਕੋਈ ਵੀ ਵਿਅਕਤੀ ਨੂੰ ਹਥਿਆਰ ਤੇ ਵਾਇਰਲੈਸ ਸੈਟ ਲੈ ਕੇ ਚੱਲਣ ਦੀ ਮਨਾਹੀ ਹੋਵੇਗੀ।
ਇਸ ਮੌਕੇ ਐਸ.ਡੀ.ਐਮ.ਡਾ.ਜੈਇੰਦਰ ਸਿੰਘ, ਸ੍ਰੀ ਸੁਭਾਸ਼ ਚੰਦਰ, ਨਵਨੀਤ ਕੌਰ ਬੱਲ ਅਤੇ ਵਰਿੰਦਰਪਾਲ ਸਿੰਘ ਬਾਜਵਾ ਤੋਂ ਇਲਾਵਾ ਸਹਾਇਕ ਕਮਿਸ਼ਨਰ ਡਾ.ਦੀਪਕ ਭਾਟੀਆ ਅਤੇ ਡਾ.ਬਲਜਿੰਦਰ ਸਿੰਘ ਢਿਲੋਂ ਤੋਂ ਇਲਾਵਾ ਮਾਲ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।