← ਪਿਛੇ ਪਰਤੋ
ਜਗਦੀਸ਼ ਥਿੰਦ ਗੁਰੂਹਰਸਹਾਏ/ਫਿਰੋਜ਼ਪੁਰ, 30 ਅਗਸਤ, 2017 : ਡੇਰਾ ਸੱਚਾ ਸੌਦਾ ਸਿਰਸਾ ਮੁੱਖੀ ਗੁਰਮੀਤ ਰਾਮ ਰਹੀਮ ਸਿੰਘ ਖਿਲਾਫ ਆਏ ਅਦਾਲਤੀ ਫੈਸਲੇ ਤੋਂ ਬਾਅਦ ਚਾਹੇ ਕਰਫਿਊ ਹਟਾ ਦਿੱਤਾ ਗਿਆ ਹੈ ਪਰ ਹਲਾਤ ਆਮ ਵਰਗੇ ਹੋਣ ਵਿਚ ਅਜੇ ਸਮਾਂ ਲਗੇਗਾ । ਪੰਜਾਬ ਪੁਲਿਸ ਅਤੇ ਸੀ ਆਰ ਪੀ ਐਫ ਵੱਲੋਂ ਅਜੇ ਪਹਿਲਾਂ ਵਾਂਗ ਹੀ ਬਾਰਕੇਡਿੰਗ ਕਰਕੇ ਪਹਿਰੇਦਾਰੀ ਕੀਤੀ ਜਾ ਰਹੀ ਹੈ । ਨਾਕਿਆਂ ਉਪਰ ਮਹਿਲਾ ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀ ਮੌਜੂਦ ਰੱਖੇ ਗਏ ਹਨ । ਵਹੀਕਲਾਂ ਨੂੰ ਰੋਕ ਕੇ ਰਾਹਗੀਰਾਂ ਦੀ ਸ਼ਨਾਖਤ ਜਾਨਣ ਤੋਂ ਇਲਾਵਾ ਗੱਡੀਆਂ ਵਿਚ ਅਸਲ੍ਹਾ ਵਗੈਰਾ ਨਾ ਹੋਣ ਦੀ ਤਸਦੀਕ ਕੀਤੀ ਜਾ ਰਹੀ ਹੈ । ਪੰਚਕੂਲਾ ਅਤੇ ਸਿਰਸਾ ਗਏ ਡੇਰਾ ਪ੍ਰੇਮੀਆਂ ਘਰ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ । ਡੇਰੇ ਦੇ ਅਖਬਾਰ ਦੇ ਇਕ ਪਤਰਕਾਰ ਨੂੰ ਪਹਿਲਾਂ ਹਿਰਾਸਤ ਵਿਚ ਲਿਆ ਗਿਆ ਤਾਂ ਸਾਥੀ ਪਤਰਕਾਰਾਂ ਵੱਲੋਂ ਕਸੂਰ ਜਾਨਣ ਸਬੰਧੀ ਜੋਰ ਪਾਉਣ ਤੇ ਅੱਧੀ ਰਾਤ ਨੂੰ ਪਤਰਕਾਰ ਨੂੰ ਛੱਡ ਦਿੱਤਾ ਅਤੇ ਦੋ ਦਿਨ ਬਾਅਦ ਪਤਰਕਾਰ ਨੂੰ 7/51 ਅਧੀਨ ਐਸ ਡੀ ਐਮ ਜਲਾਲਾਬਾਦ ਤੋਂ ਜਮਾਨਤ ਕਰਵਾਉਣੀ ਪਈ । ਇਸ ਖੇਤਰ ਵਿੱਚ ਮੌਜੂਦ ਡੇਰੇ ਦੇ ਨਾਮ ਚਰਚਾ ਘਰਾਂ ਨੂੰ ਸਿਵਲ ਪ੍ਰਸ਼ਾਸਨ ਨੇ ਅਪਨੇ ਤਾਲੇ ਲਗਾ ਕੇ ਹਾਲ ਦੀ ਘੜੀ ਪ੍ਰੇਮੀਆਂ ਦਾ ਦਾਖਲਾ ਰੋਕ ਦਿੱਤਾ ਹੈ । ਗੇਟਾਂ ਤੇ ਤਹਿਸੀਲਦਾਰ ਦੇ ਦਸਤਖਤਾਂ ਵਾਲੇ ਨੋਟਿਸ ਚਿਪਕਾਏ ਗਏ ਹਨ ਜਿਨ੍ਹਾਂ ਵਿਚ ਸਾਫ ਲਿਖਿਆ ਗਿਆ ਹੈ ਕਿ ਜਨਤਕ ਸੂਚਨਾ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਸਿਵਲ ਰਿੱਟ ਪਟੀਸ਼ਨ ਨੰ: 19086 ਆਫ 2017 ਅਧੀਨ ਦਿੱਤੇ ਗਏ ਅੰਤਰਿਮ ਆਦੇਸ਼ ਦੀ ਪਾਲਣਾ ਹਿੱਤ ਡੇਰਾ ਸੱਚਾ ਸੌਦਾ ਦੀ ਸੰਪਤੀ ਨੰ: ਖਸਰਾ 11/14 (8-0) 15/1 (4--8 ) 17 (8--0) ਪਿੰਡ ਸੈਦੇ ਕੇ ਮੋਹਨ ਕਿਸੇ ਵੀ ਤਰ੍ਹਾਂ ਦੀ ਖਰੀਦ ਵੇਚ ਤਬਦੀਲੀ , ਗਹਿਣੇ ਆਦਿ ਕਰਨ ਦੀ ਮੁਕੰਮਲ ਮਨਾਹੀ ਹੈ । ਬਾਹੁਕਮ ਤਹਿਸੀਲਦਾਰ ਕਮ ਰਜਿਸਟਰਾਰ ਗੁਰੂ ਹਰਸਹਾਏ ਜਿਲ੍ਹਾ ਫਿਰੋਜ਼ਪੁਰ । ਅੰਗਰੇਜ਼ੀ ਅਤੇ ਪੰਜਾਬੀ ਵਿੱਚ ਫਿਰੋਜ਼ਪੁਰ ਫਾਜ਼ਿਲਕਾ ਸਮੇਤ ਪੰਜਾਬ ਵਿਚ ਮੌਜੂਦ ਬਾਕੀ ਵੀ ਸਾਰੇ ਨਾਮ ਚਰਚਾ ਘਰਾਂ ਦੇ ਗੇਟਾਂ ਤੇ ਅਜਿਹੇ ਨੋਟਿਸ ਚਿਪਕਾ ਕੇ ਪੁਲਿਸ ਪਹਿਰਾ ਲਗਾ ਦਿੱਤਾ ਗਿਆ ਹੈ ।
Total Responses : 265