← ਪਿਛੇ ਪਰਤੋ
ਗੁਰਿੰਦਰ ਸਿੰਘ ਫ਼ਿਰੋਜ਼ਪੁਰ, 28 ਅਗਸਤ, 2017 : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੀ.ਬੀ.ਆਈ ਦੀ ਅਦਾਲਤ ਵੱਲੋਂ ਸਜਾ ਸੁਣਾਏ ਜਾਣ ਤੋਂ ਪਹਿਲਾਂ ਅੱਜ ਚੌਕਸੀ ਵਜੋਂ ਜ਼ਿਲ੍ਹਾ ਪ੍ਰ੍ਰਸਾਸ਼ਨ ਵੱਲੋਂ ਸਰਹੱਦੀ ਜ਼ਿਲ੍ਰਾ ਫ਼ਿਰੋਜ਼ਪੁਰ ਅੰਦਰ ਮੁੜ ਕਰਫਿਊ ਲਗਾ ਦਿੱਤਾ ਜੋ ਅੱਜ ਦੁਪਹਿਰ ਇੱਕ ਵਜੇ ਤੋਂ ਲੈ ਕੇ ਮੰਗਲਵਾਰ ਸਵੇਰੇ 6 ਵਜੇ ਤੱਕ ਜਾਰੀ ਰਹੇਗਾ। ਉੱਧਰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਡੇਰਾ ਮੁੱਖੀ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਸਮੁੱਚੇ ਜ਼ਿਲ੍ਹੇ ਅੰਦਰ ਚੌਕਸੀ ਵਧਾ ਦਿੱਤੀ ਗਈ ਹੈ। ਸ਼ਹਿਰ ਛਾਉਣੀ ਦੇ ਅਹਿਮ ਚੌਂਕਾਂ ਵਿਚ ਪੁਲੀਸ, ਬੀ.ਐਸ.ਐਫ. ਅਤੇ ਆਰਮਡ ਫੋਰਸਾਂ ਦੇ ਜਵਾਨ ਤੈਨਾਤ ਕੀਤੇ ਗਏ ਹਨ ਅਤੇ ਫੌਜ ਨੂੰ ਚੌਕਸ ਰਹਿਣ ਦੀ ਹਦਾਇਤ ਕੀਤੀ ਗਈ ਹੈ। ਜਦ ਕਿ ਪਿਛਲੇ ਦਿਨਾ ਦੌਰਾਨ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋਣ ਤੋ ਕਰਫਿਊ ਵਿੱਚ ਵਰਤੀ ਜਾ ਰਹੀ ਢਿੱਲ ਨੂੰ ਅੱਜ ਕਾਫੀ ਸਖਤੀ ਵਰਤੀ ਗਈ ਅਤੇ ਸ਼ਹਿਰ ਛਾਉਣੀ ਦੇ ਚੌਕਾਂ ਵਿੱਚ ਤਾਇਨਾਤ ਪੁਲਿਸ ਮੁਲਾਜ਼ਮ ਟਾਂਵੇ ਟਾਂਵੇ ਲੰਘਦ ਰਾਹਗੀਰਾਂ ਨੂੰ ਵੀ ਰੋਕਦੇ ਨਜ਼ਰੀ ਆਏ। ਖ਼ੁਫ਼ੀਆ ਏਜੰਸੀਆਂ ਅਨੁਸਾਰ ਇਸ ਸਰਹੱਦੀ ਜ਼ਿਲ੍ਹੇ ਦੇ ਅੰਦਰ ਡੇਰਾ ਪ੍ਰੇਮੀਆਂ ਦੀ ਗਿਣਤੀ ਵੀਹ ਹਜ਼ਾਰ ਦੇ ਕਰੀਬ ਹੈ। ਜ਼ਿਲ੍ਰਾ ਪ੍ਰਸਾਸ਼ਨ ਵੱਲੋਂ ਖ਼ੁਫ਼ੀਆ ਰਿਪੋਰਟਾਂ ਦੇ ਅਧਾਰ ਤੇ ਹੀ ਅੱਜ ਸੁਰੱਖਿਆ ਦਸਤਿਆਂ ਵੱਲੋਂ ਪਿਛਲੇ ਤਿੰਨ ਦਿਨਾਂ ਦੇ ਮੁਕਾਬਲੇ ਸਮੁੱਚੇ ਜ਼ਿਲ੍ਰੇ ਅੰਦਰ ਵਧੇਰੇ ਸਖ਼ਤੀ ਵਰਤੀ ਗਈ। ਜ਼ਿਲ੍ਰਾ ਪ੍ਰਸਾਸ਼ਨ ਵੱਲੋਂ ਜ਼ਿਲ੍ਹੇ ਅੰਦਰ ਸੀਲ ਕੀਤੇ ਗਏ ਡੇਰਾ ਸੰਚਾ ਸੌਦਾ ਨਾਲ ਸਬੰਧਤ ਸਾਰੇ 6 ਨਾਮ ਚਰਚਾ ਘਰਾਂ ਦੀ ਸਰਕਾਰੀ ਕੀਮਤ ਇੱਕ ਕਰੋੜ ਚਾਰ ਲੱਖ ਰੁਪਏ ਆਂਕੀ ਗਈ ਹੈ। ਇਸੇ ਦੌਰਾਨ ਅੱਜ ਨਜ਼ਦੀਕੀ ਪਿੰਡ ਢੀਂਡਸਾ ਵਿਚ ਦੋ ਮੋਟਰਸਾਇਕਲ ਸਵਾਰ ਵਿਅਕਤੀ ਗੁਰਦੁਆਰੇ ਦੇ ਬਾਹਰ ਪੈਟਰੋਲ ਬੰਬ ਸੁੱਟ ਕੇ ਫ਼ਰਾਰ ਹੋ ਗਏ ਜਿਸ ਬਾਰੇ ਪਿੰਡ ਵਾਸੀਆਂ ਨੂੰ ਪਤਾ ਲੱਗਣ 'ਤੇ ਮੌਕਾ ਸੰਭਾਲ ਲਿਆ ਗਿਆ ਅਤੇ ਕਿਸੇ ਨੁਕਸਾਨ ਤੋਂ ਬਚਾ ਰਿਹਾ। ਇਹਨਾਂ ਹਮਲਾਵਰਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਜਦ ਕਿ ਇਸ ਸਬੰਧੀ ਥਾਣਾ ਘੱਲ ਖੁਰਦ ਮੁੱਖੀ ਨਾਲ ਗੱਲ ਕਰਨ 'ਤੇ ਉਹਨਾਂ ਅਜਿਹੀ ਘਟਨਾਂ ਤੋਂ ਹੀ ਇਨਕਾਰ ਕਰ ਦਿੱਤਾ। ਉੁੰਧਰ ਮਮਦੋਟ ਵਿਚ ਬੀਤੇ ਐਤਵਾਰ ਸਵੇਰੇ ਪੰਜ ਵਜੇ ਡਿਊਟੀ ਤੋਂ ਫ਼ਾਰਗ ਹੋ ਕੇ ਘਰ ਜਾ ਰਹੇ ਇੱਕ ਹੌਲਦਾਰ ਦਾ ਪਲਸਰ ਮੋਟਰਸਾਇਕਲ (ਪੀਬੀ05ਏਜੀ-1180) ਤਿੰਨ ਅਣਪਛਾਤੇ ਵਿਅਕਤੀ ਖੋਹ ਕੇ ਫ਼ਰਾਰ ਹੋ ਗਏ। ਇਹ ਘਟਨਾ ਫ਼ਿਰੋਜ਼ਪੁਰ-ਫ਼ਾਜ਼ਿਲਕਾ ਰੋਡ ਤੇ ਸਥਿਤ ਟੀ-ਪੁਆਇੰਟ ਤੇ ਵਾਪਰੀ। ਤਿੰਨੋਂ ਲੁਟੇਰਿਆਂ ਨੇ ਹੌਲਦਾਰ ਗਿਆਨ ਸਿੰਘ ਨੂੰ ਲਿਫ਼ਟ ਲੈਣ ਦੇ ਬਹਾਨੇ ਰੋਕਿਆ ਤੇ ਉਸਨੂੰ ਧੱਕਾ ਮਾਰ ਕੇ ਸੁੱਟ ਦਿੱਤਾ ਤੇ ਉਸਦਾ ਮੋਟਰਸਾਇਕਲ ਲੈ ਕੇ ਦੌੜ ਗਏ। ਇਹਨਾਂ ਲੁਟੇਰਿਆਂ ਦਾ ਵੀ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ। ਐਤਵਾਰ ਨੂੰ ਹੀ ਪੁਲੀਸ ਨੇ ਸ਼ਹਿਰ ਦੇ ਆਰਐਸਡੀ ਕਾਲਜ ਦੇ ਨਜ਼ਦੀਕ ਸਥਿਤ ਗੁਪਤਾ ਪੈਟਰੋਲ ਪੰਪ ਦੇ ਮਾਲਕ ਖ਼ਿਲਾਫ਼ ਖੁੱਲ੍ਹਾ ਤੇਲ ਵੇਚਣ ਦੇ ਦੋਸ਼ ਹੇਠ ਕਾਰਵਾਈ ਕੀਤੀ ਹੈ ਤੇ ਪੰਪ ਨੂੰ ਸੀਲ ਕਰ ਦਿੱਤਾ ਹੈ। ਡਿਪਟੀ ਕਮਿਸ਼ਨਰ ਰਾਮਵੀਰ ਨੇ ਅੱਜ ਦੱਸਿਆ ਕਿ 25 ਅਗਸਤ ਤੋਂ ਲੈ ਕੇ ਹੁਣ ਤੱਕ ਜ਼ਿਲ੍ਹੇ ਅੰਦਰ ਧਾਰਾ 144 ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਡੇਰੇ ਦੀਆਂ ਗਤੀਵਿਧੀਆਂ ਵਿਚ ਭਾਗ ਲੈਣ ਦੇ ਸ਼ੱਕ ਹੇਠ ਕੁਝ ਵਿਅਕਤੀ ਹਿਰਾਸਤ ਵਿਚ ਲਏ ਗਏ ਹਨ ਜਿੰਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪਿਛਲੇ ਸਮੇਂ ਵਿਚ ਡੇਰੇ ਦੀਆਂ ਜ਼ਿਲ੍ਹਾ ਪੱਧਰੀ ਤੇ ਸੂਬਾ ਪੱਧਰੀ ਕਮੇਟੀਆਂ ਦੇ ਮੈਂਬਰ ਰਹਿ ਚੁੱਕੇ ਆਗੂਆਂ ਤੇ ਵੀ ਹਰ ਪਲ ਨਜ਼ਰ ਰੱਖੀ ਜਾ ਰਹੀ ਹੈ। ਡੇਰੇ ਦੀ ਸੂਬਾ ਕਮੇਟੀ ਦੇ ਇੱਕ ਮੈਂਬਰ ਨੂੰ ਪਿਛਲੇ ਚਾਰ ਦਿਨਾਂ ਤੋਂ ਪ੍ਰਸ਼ਾਸਨਿਕ ਅਧਿਕਾਰੀ ਆਪਣੇ ਨਾਲ ਲੈ ਕੇ ਘੁੰਮ ਰਹੇ ਹਨ ਤੇ ਉਸ ਪਾਸੋਂ ਡੇਰਾ ਪ੍ਰੇਮੀਆਂ ਦੀ ਪਲ-ਪਲ ਦੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਈ ਪਿੰਡਾਂ ਵਿਚ ਇਸ ਡੇਰਾ ਆਗੂ ਵੱਲੋਂ ਪ੍ਰੇਮੀਆਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਵੀ ਕਰਵਾਈ ਗਈ ਹੈ। ਇਸ ਡੇਰਾ ਆਗੂ ਦਾ ਡੇਰਾ ਪ੍ਰੇਮੀਆਂ ਵਿਚ ਕਾਫ਼ੀ ਪ੍ਰਭਾਵ ਮੰਨਿਆਂ ਜਾਂਦਾ ਹੈ।
Total Responses : 265