← ਪਿਛੇ ਪਰਤੋ
ਨੌਜਵਾਨਾਂ ਨੇ ਲਾਈਵ ਪ੍ਰੋਗਰਾਮ ਦੌਰਾਨ ਪੁੱਛੇ ਸਵਾਲ ਮਿਹਨਤ ਦਾ ਕੋਈ ਦੂਸਰਾ ਬਦਲ ਨਹੀਂ : ਗਰੇਵਾਲ ਪਟਿਆਲਾ, 23 ਜੁਲਾਈ 2020: ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਸਥਾਪਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਨੌਜਵਾਨਾਂ ਨੂੰ ਪੰਜਾਬ ਸਿਵਲ ਸੇਵਾਵਾਂ ਦੀਆਂ ਆਈਆਂ ਅਸਾਮੀਆਂ ਸਬੰਧੀ ਜਾਣਕਾਰੀ ਦੇਣ ਅਤੇ ਪ੍ਰੀਖਿਆ ਦੀ ਤਿਆਰੀ ਲਈ ਨੌਜਵਾਨਾਂ ਦਾ ਖ਼ਾਸ ਗੱਲਾਂ ਵੱਲ ਧਿਆਨ ਦਿਵਾਉਣ ਲਈ 2018 ਬੈਚ ਦੇ ਪੀ.ਸੀ.ਐਸ. ਅਧਿਕਾਰੀ ਤੇ ਸਹਾਇਕ ਕਮਿਸ਼ਨਰ ਪਟਿਆਲਾ (ਯੂ.ਟੀ.) ਜਗਨੂਰ ਸਿੰਘ ਗਰੇਵਾਲ ਨਾਲ ਲਾਈਵ ਸੈਸ਼ਨ ਦੌਰਾਨ ਖ਼ਾਸ ਮੁਲਾਕਾਤ ਕਰਵਾਕੇ ਮੁਕਾਬਲੇ ਦੀਆਂ ਪ੍ਰੀਖਿਆ ਨੂੰ ਪਾਸ ਕਰਨ ਦੇ ਗੁਰ ਸਾਂਝੇ ਕੀਤੇ ਗਏ। ਲਾਈਵ ਸੈਸ਼ਨ ਦੌਰਾਨ ਜਗਨੂਰ ਸਿੰਘ ਗਰੇਵਾਲ ਨੇ ਨੌਜਵਾਨਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੰਦਿਆ ਕਿਹਾ ਕਿ ਮਿਹਨਤ ਦਾ ਕੋਈ ਦੂਸਰਾ ਬਦਲ ਨਹੀਂ ਹੈ, ਜੇਕਰ ਕੋਈ ਵੀ ਵਿਅਕਤੀ ਕਿਸੇ ਕੰਮ ਲਈ ਪੂਰੀ ਸਮਰੱਥਾ ਅਤੇ ਮਿਹਨਤ ਨਾਲ ਕੰਮ ਕਰਦਾ ਹੈ ਤਾਂ ਸਫ਼ਲਤਾ ਜ਼ਰੂਰ ਪ੍ਰਾਪਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਸਮੇਂ ਜ਼ਿਆਦਾਤਰ ਨੌਜਵਾਨਾਂ ਨੂੰ ਇੱਕ ਜਾ ਦੋ ਵਾਰ ਜੇਕਰ ਸਫਲਤਾ ਨਹੀਂ ਮਿਲਦੀ ਤਾਂ ਉਹ ਨਿਰਾਸ਼ਾ 'ਚ ਚੱਲੇ ਜਾਂਦੇ ਹਨ ਪਰ ਮੁਕਾਬਲੇ ਦੀ ਪ੍ਰੀਖਿਆ 'ਚ ਸਫਲਤਾ ਤਾਂ ਹੀ ਪ੍ਰਾਪਤ ਹੁੰਦੀ ਹੈ ਜੇਕਰ ਅਸੀਂ ਲਗਾਤਾਰ ਮਿਹਨਤ ਕਰਦੇ ਰਹੀਏ। ਉਨ੍ਹਾਂ ਸਵਾਲਾਂ ਦੇ ਜਵਾਬ ਦਿੰਦਿਆ ਕਿਹਾ ਕਿ ਕਿਸੇ ਵੀ ਪ੍ਰੀਖਿਆ ਦੀ ਤਿਆਰੀ ਸਮੇਂ ਪਹਿਲਾਂ ਟੀਚਾ ਜ਼ਰੂਰ ਨਿਰਧਾਰਤ ਕਰੋ ਅਤੇ ਫੇਰ ਉਸ ਟੀਚੇ ਦੀ ਪ੍ਰਾਪਤੀ ਲਈ ਮਿਹਨਤ ਕੀਤੀ ਜਾਵੇ ਅਤੇ ਇਹ ਵੀ ਧਿਆਨ ਰੱਖਿਆ ਜਾਵੇ ਕਿ ਟੀਚੇ ਨੂੰ ਵਾਰ ਵਾਰ ਬਦਲਿਆ ਨਾ ਜਾਵੇ ਜਿਸ ਨਾਲ ਜਿਥੇ ਤਿਆਰੀ ਕਰਨ ਵਿੱਚ ਔਕੜ ਆਉਂਦੀ ਹੈ ਉਥੇ ਹੀ ਸਫਲਤਾ ਦੇ ਮੌਕੇ ਬਹੁਤ ਘੱਟ ਜਾਂਦੇ ਹਨ। ਸਹਾਇਕ ਕਮਿਸ਼ਨਰ (ਯੂ.ਟੀ.) ਨੇ ਨੌਜਵਾਨਾਂ ਨਾਲ ਗੱਲ ਕਰਦਿਆ ਕਿਹਾ ਕਿ ਪ੍ਰੀਖਿਆ ਪਾਸ ਕਰਨ ਲਈ ਆਪਣੀਆਂ ਗਲਤੀਆਂ 'ਤੇ ਧਿਆਨ ਦੇਕੇ ਉਨ੍ਹਾਂ 'ਚ ਸੁਧਾਰ ਕਰਨਾ ਬਹੁਤ ਜ਼ਰੂਰੀ ਹੈ, ਜੇਕਰ ਅਸੀ ਅਜਿਹਾ ਨਹੀਂ ਕਰਦੇ ਤਾਂ ਅਸੀ ਅਗਲੇ ਇਮਤਿਹਾਨਾਂ ਵਿੱਚ ਵੀ ਉਹ ਗਲਤੀਆਂ ਦੁਹਰਾਵਾਂਗੇ ਜਿਸ ਨਾਲ ਪ੍ਰੀਖਿਆ ਪਾਸ ਕਰਨ ਦੇ ਮੌਕੇ ਘੱਟ ਜਾਂਦੇ ਹਨ। ਅਖੀਰ 'ਚ ਉਨ੍ਹਾਂ ਨੌਜਵਾਨਾਂ ਦਾ ਹੌਸਲਾ ਵਧਾਉਂਦਿਆਂ ਕਿਹਾ ਕਿ ਮਿਹਨਤ ਨਾਲ ਹਰ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ ਅਤੇ ਨੌਜਵਾਨ ਟੀਚੇ ਨਿਰਧਾਰਤ ਕਰਕੇ ਉਨਾਂ ਦੀ ਪ੍ਰਾਪਤੀ ਲਈ ਮਿਹਨਤ ਸ਼ੁਰੂ ਕਰਨ।
Total Responses : 265