ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਨਾਲ ਖੜ•ਾ, ਕਦੇ ਵੀ ਜਿਣਸਾਂ ਦਾ ਘੱਟੋ ਘੱਟ ਸਮਰਥਨ ਮੁੱਲ ਤੇ ਯਕੀਨੀ ਮੰਡੀਕਰਣ ਖਤਮ ਨਹੀਂ ਹੋਣ ਦੇਵੇਗਾ : ਬਾਦਲ
ਕਿਹਾ ਕਿ ਸੰਸਦ ਵਿਚ ਘੱਟੋ ਘੱਟ ਸਮਰਥਨ ਮੁੱਲ ਤੇ ਯਕੀਨੀ ਮੰਡੀਕਰਣ ਦਾ ਭਰੋਸਾ ਲੈ ਕੇ ਦੇਣਗੇ
ਮੁੱਖ ਮੰਤਰੀ ਤੇ ਜਾਖੜ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਹਨ, ਪਹਿਲਾਂ ਉਹ 2017 ਵਿਚ ਸੂਬੇ ਦੇ ਏ ਪੀ ਐੈਮ ਸੀ ਐਕਟ 'ਚ ਹੋਈਆਂ ਸੋਧਾਂ ਬਾਰੇ ਚੁੱਪੀ ਤੋੜਨ
ਚੰਡੀਗੜ, 19 ਜੁਲਾਈ 2020: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਪੇਸ਼ਕਸ਼ ਕੀਤੀ ਕਿ ਉਹ ਕਿਸਾਨ ਜਥੇਬੰਦੀਆਂ ਦੇ ਵਫਦ ਦੀ ਅਗਵਾਈ ਕਰਦਿਆਂ ਖੇਤੀਬਾੜੀ ਮੰਤਰੀ ਸ੍ਰੀ ਐਨ ਐਸ ਤੋਮਰ ਕੋਲ ਜਾਣ ਲਈ ਤਿਆਰ ਹਨ ਤਾਂ ਕਿ ਉਹਨਾਂ ਤੋਂ ਫਾਰਮਿੰਗ ਪ੍ਰੋਡਿਊਸ ਟਰੇਡ ਐਂਡ ਕਾਮਰਸ ਆਰਡੀਨੈਂਸ 2020 ਬਾਰੇ ਸਪਸ਼ਟੀਕਰਨ ਲਿਆ ਜਾ ਸਕੇ ਜਦਕਿ ਉਹਨਾਂ ਨੇ ਸਪਸ਼ਟ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਨਾਲ ਖੜ•ਾ ਹੋਇਆ ਹੈ ਤੇ ਕਦੇ ਵੀ ਜਿਣਸਾਂ ਦਾ ਘੱਟੋ ਘੱਟ ਸਮਰਥਨ ਮੁੱਲ ਤੇ ਯਕੀਨੀ ਮੰਡੀਕਰਣ ਖਤਮ ਨਹੀਂ ਹੋਣ ਦੇਵੇਗਾ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਾਡੇ ਲਈ ਕਿਸਾਨਾਂ ਦੀ ਭਲਾਈ ਤੋਂ ਵੱਧ ਕੇ ਕੁਝ ਵੀ ਨਹੀਂ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਹਿਤਾਂ ਵਾਸਤੇ ਡਟਿਆ ਹੈ। ਉਹਨਾਂ ਕਿਹਾ ਕਿ ਘੱਟੋ ਘੱਟ ਸਮਰਥਨ ਮੁੱਲ ਅਤੇ ਯਕੀਨੀ ਮੰਡੀਕਰਣ ਸੰਕਟ ਨਾਲ ਜੂਝ ਰਹੀ ਸਾਡੀ ਕਿਸਾਨੀ ਵਾਸਤੇ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ ਤੇ ਅਸੀਂ ਇਹ ਗੱਲ ਸਮਝਦੇ ਹਾਂ। ਉਹਨਾਂ ਕਿਹਾ ਕਿ ਅਸੀਂ ਇਸ ਮਾਮਲੇ ਵਿਚ ਲੋੜ ਪੈਣ 'ਤੇ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਹਾਂ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੇਂਦਰ ਸਰਕਾਰ ਦੇ ਭਰੋਸੇ ਅਨੁਸਾਰ ਇਹ ਜਾਰੀ ਰਹਿਣ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਸਾਡੀ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ਹੈ। ਉਹਨਾਂ ਕਿਹਾ ਕਿ ਆੜ•ਤੀਆਂ ਦੇ ਹਿਤ ਵੀ ਸੁਰੱਖਿਅਤ ਰਹਿਣਗੇ।
ਉਹਨਾਂ ਕਿਹਾ ਕਿ ਮੈਂ ਇਹ ਵੀ ਭਰੋਸਾ ਦੁਆਉਂਦਾ ਹਾਂ ਕਿ ਅਸੀਂ ਸੰਸਦ ਵਿਚ ਘੱਟੋ ਘੱਟ ਸਮਰਥਨ ਮੁੱਲ ਤੇ ਯਕੀਨੀ ਮੰਡੀਕਰਣ ਬਿਨਾਂ ਰੁਕਾਵਟ ਦੇ ਜਾਰੀ ਰਹਿਣ ਦਾ ਭਰੋਸਾ ਵੀ ਲੈ ਕੇ ਦਿਆਂਗੇ।
ਸ੍ਰੀ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਇਸ ਸੰਵੇਦਨਸ਼ੀਲ ਮੁੱਦੇ 'ਤੇ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਹਨ। ਉਹਨਾਂ ਕਿਹਾ ਕਿ ਸੂਬੇ ਦੇ ਏ ਪੀ ਐਮ ਸੀ ਐਕਟ ਵਿਚ 2017 ਵਿਚ ਕੀਤੀ ਗਈ ਸੋਧ ਦੌਰਾਨ ਉਹ ਸਾਰੀਆਂ ਮੱਦਾਂ ਇਸ ਵਿਚ ਸ਼ਾਮਲ ਕੀਤੀਆਂ ਗਈਆਂ, ਜਿਸਦਾ ਇਹ ਹੁਣ ਵਿਰੋਧ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹਨਾਂ ਨੇ ਏ ਪੀ ਐਮ ਸੀ ਐਕਟ ਵਿਚ ਸੋਧ ਕਰ ਕੇ ਪ੍ਰਾਈਵੇਟ ਮੰਡੀਆਂ ਦੀ ਸਥਾਪਨਾ, ਸਿੱਧਾ ਮੰਡੀਕਰਣ, ਇਲੈਕਟ੍ਰਾਨਿਕ ਖੇਤੀਬਾੜੀ ਮੰਡੀਕਰਣ ਤੇ ਸਾਰੇ ਸੂਬੇ ਵਾਸਤੇ ਇਕ ਹੀ ਲਾਇਸੰਸ ਦੀ ਵਿਵਸਥਾ 2017 ਵਿਚ ਲਾਗੂ ਕਿਉਂ ਕੀਤੀ । ਉਹਨਾਂ ਕਿਹਾ ਕਿ ਸਿਰਫ ਇਹੀ ਨਹੀਂ ਬਲਕਿ ਕਾਂਗਰਸ ਸਰਕਾਰ ਨੇ ਖੇਤੀਬਾੜੀ ਆਰਡੀਨੈਂਸ ਤਿਆਰ ਕਰਨ ਦੀ ਪ੍ਰਕਿਰਿਆ ਵਿਚ ਵੀ ਸ਼ਮੂਲੀਅਤ ਕੀਤੀ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇਹ ਸਭ ਕੁਝ ਕਰ ਕੇ ਕਿਸਾਨਾਂ ਨੂੰ ਧੋਖਾ ਦੇਣ ਦਾ ਯਤਨ ਕਰਨ ਦੇ ਬਾਵਜੂਦ ਹੁਣ ਉਹ ਅਜਿਹਾ ਸ਼ਰਾਰਤ ਭਰਿਆ ਪ੍ਰਾਪੇਗੰਡਾ ਕਰ ਰਹੇ ਹਨ ਜਿਸਦਾ ਇਕਲੌਤਾ ਮਕਸਦ ਕਾਂਗਰਸ ਸਰਕਾਰ ਦੀਆਂ ਅਸਫਲਤਾਵਾਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਕਿਹਾ ਕਿ ਉਹ ਖੇਤੀਬਾੜੀ ਆਰਡੀਨੈਂਸ ਬਾਰੇ ਗੁੰਮਰਾਹਕੁੰਨ ਪ੍ਰਚਾਰ ਕਰਨਾ ਬੰਦ ਕਰਨ। ਉਹਨਾਂ ਕਿਹਾ ਕਿ ਅੱਜ ਵੀ ਕਈ ਬਹੁ ਰਾਸ਼ਟਰੀ ਕੰਪਨੀਆਂ ਤੇ ਆਟਾ ਮਿੱਲਾਂ ਅਨਾਜ ਦੀ ਖਰੀਦ 'ਤੇ ਟੈਕਸ ਨਹੀਂ ਦਿੰਦੀਆਂ। ਉਹਨਾਂ ਕਿਹਾ ਕਿ ਜਦੋਂ ਅੱਜ ਵੀ ਬਹੁ ਰਾਸ਼ਟਰੀ ਕੰਪਨੀਆਂ ਵਪਾਰ ਕਰ ਰਹੀਆਂ ਹਨ ਤਾਂ ਫਿਰ ਅਸੀਂ ਇਹ ਕਹਿ ਕੇ ਦਹਿਸ਼ਤ ਕਿਉਂ ਪੈਦਾ ਕਰ ਰਹੇ ਹਾਂ ਕਿ ਉਹ ਸਾਰੀ ਮੰਡੀ 'ਤੇ ਕਬਜ਼ਾ ਕਰ ਲੈਣਗੀਆਂ ਜਦਕਿ ਕੇਂਦਰੀ ਖੇਤੀਬਾੜੀ ਮੰਤਰੀ ਨੇ ਪਹਿਲਾਂ ਹੀ ਸਪਸ਼ਟ ਕੀਤਾ ਹੈ ਕਿ ਸਾਰੀ ਸਰਕਾਰੀ ਖਰੀਦ ਮੰਡੀਆਂ ਵਿਚ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਸਦਾ ਮਤਲਬ ਇਹ ਹੈ ਕਿ 4 ਹਜ਼ਾਰ ਕਰੋੜ ਰੁਪਏ ਦੇ ਮਾਲੀਏ ਵਿਚ ਕੋਈ ਅੰਤਰ ਨਹੀਂ ਹੋਵੇਗਾ। ਉਹਨਾਂ ਨੇ ਸੁਨੀਲ ਜਾਖੜ ਨੂੰ ਸਵਾਲ ਕੀਤਾ ਕਿ ਜੇਕਰ ਤਿੰਨ ਮਹੀਨਿਆਂ ਮਗਰੋਂ ਪੰਜਾਬ ਵਿਚ ਝੋਨੇ ਦੇ ਆਉਂਦੇ ਸੀਜ਼ਨ ਵਿਚ ਸਰਕਾਰੀ ਖਰੀਦ ਹੋਈਤ ਾਂ ਕੀ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ।
ਅਕਾਲੀ ਕਲ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਨਵੇਂ ਏ ਪੀ ਐਮ ਸੀ ਐਕਟ ਵਿਚ ਢੁਕਵੀਂ ਵਿਵਸਥਾ ਹੈ ਜਿਸ ਰਾਹੀਂ ਫਸਲਾਂ ਦੀ ਘੱਟੋ ਘੱਟ ਸਮਰਥਨ 'ਤੇ ਖਰੀਦ ਅਤੇ ਯਕੀਨੀ ਮੰਡੀਕਰਣ ਦੀ ਵਿਵਸਥਾ ਚਿਰ ਕਾਲੀ ਜਾਰੀ ਰਹੇਗੀ। ਉਹਨਾਂ ਕਿਹਾ ਕਿ ਅਸੀਂ ਇਹ ਯਕੀਨੀ ਬਣਾਇਆ ਹੈ ਕਿ ਮੌਜੂਦਾ ਵਿਵਸਥਾ ਇਸਦੇ ਮੌਜੂਦਾ ਸਰੂਪ ਵਿਚ ਜਾਰੀ ਰਹੇ ਤੇ ਇਸ ਤੋਂ ਇਲਾਵਾ ਨਵੇਂ ਮੌਕੇ ਪੈਦਾ ਹੋਣ ਤੇ ਫਸਲਾਂ ਦੀ ਖਰੀਦ ਲਈ ਮੁਕਾਬਲੇਬਾਜ਼ੀ ਵਾਲੀ ਵਿਵਸਥਾ ਕਾਇਮ ਹੋਵੇ।