← ਪਿਛੇ ਪਰਤੋ
ਜਾਖੜ ਨੂੰ ਪੁੱਛਿਆ ਕਿ ਕਾਂਗਰਸ ਸਰਕਾਰ ਨੇ ਡੇਰਾ ਮੁਖੀ ਖਿਲਾਫ ਕੇਸ ਚਲਾਉਣ ਲਈ ਸਾਢੇ ਤਿੰਨ ਸਾਲ ਦੀ ਢਿੱਲ ਕਰਨ 'ਤੇ ਅਧਿਕਾਰੀਆਂ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਚੰਡੀਗੜ, 19 ਜੁਲਾਈ 2020: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਬੋਲੇ ਜਾ ਰਹੇ ਕੋਰੇ ਝੂਠ ਕਾਂਗਰਸ ਪਾਰਟੀ ਦੇ ਡੁਬਦੇ ਬੇੜੇ ਨੂੰ ਬਚਾ ਨਹੀਂ ਸਕਦੇ ਤੇ ਪਾਰਟੀ ਨੇ ਉਹਨਾਂ ਨੂੰ ਆਖਿਆ ਕਿ ਉਹ ਦੱਸਣ ਕਿ ਉਹਨਾਂ ਦੀ ਸਰਕਾਰ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦੇ ਮਾਮਲੇ ਵਿਚ ਤਿੰਨ ਸਾਲ ਤੱਕ ਉਸ ਉਪਰ ਕੇਸ ਨਾਲ ਚਲਾਉਣ ਵਿਚ ਢਿੱਲ ਵਰਤਣ ਲਈ ਕਾਰਵਾਈ ਕਿਉਂ ਨਹੀਂ ਕੀਤੀ। ਇਥੇ ਵਰਚੁਅਲ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਬੁਲਾਰੇ ਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਕਾਲੀ ਦਲ ਦੇ ਖਿਲਾਫ ਕੂੜ ਪ੍ਰਚਾਰ ਕਰਨ ਲਈ ਇੰਨੇ ਕਾਹਲੇ ਹਨ ਕਿ ਉਹ ਇਹ ਦੱਸਣਾ ਹੀ ਭੁੱਲ ਗਏ ਕਿ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਦੇ ਸਲਾਬਤਪੁਰਾ ਕੇਸ ਵਿਚ ਡੇਰਾ ਮੁਖੀ 'ਤੇ ਕੇਸ ਚਲਾਉਣ ਦੀ ਪ੍ਰਵਾਨਗੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਨੇ ਦਿੱਤੀ ਸੀ। ਉਹਨਾਂ ਕਿਹਾ ਕਿ ਡੇਰਾ ਮੁਖੀ ਖਿਲਾਫ ਨਾ ਸਿਰਫ ਧਾਰਾ 295 ਏ ਅਤੇ 298 ਤਹਿਤ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦਾ ਕੇਸ ਦਰਜ ਕੀਤਾ ਗਿਆ ਬਲਕਿ ਧਾਰਾ 153 ਏ ਤਹਿਤ ਦੰਗੇ ਫੈਲਾਉਣ ਦੀ ਮਨਸ਼ਾ ਨਾਲ ਲੋਕਾਂ ਨੂੰ ਭੜਕਾਉਣ ਦਾ ਕੇਸ ਵੀ ਦਰਜ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਸਰਕਾਰ ਨੇ ਡੇਰਾ ਮੁਖੀ ਖਿਲਾਫ ਧਾਰਾ 295 ਏ ਤਹਿਤ ਕੇਸ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਸੀ ਤੇ 12 ਵਾਰ ਡੇਰਾ ਮੁਖੀ ਨੂੰ ਜਾਂਚ ਨਾਲ ਜੋੜਿਆ ਗਿਆ ਸੀ। ਉਹਨਾਂ ਕਿਹਾ ਕਿ ਇਹ ਕੇਸ ਸੈਸ਼ਨ ਕੋਰਟ ਵਿਚ ਗਿਆ ਤੇ ਹੁਣ ਇਸ ਵੇਲੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਲੰਬਿਤ ਪਿਆ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਝੂਠਾਂ ਦਾ ਪਰਦਾਫਾਸ਼ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਜਾਖੜ ਜਾਂਚ ਦੇ ਤਰੀਕੇ ਅਤੇ ਜਾਂਚ ਅਫਸਰ ਵੱਲੋਂ ਮਾਮਲੇ ਦੀ ਅਸਲ ਤਾਰੀਕ ਤੇ ਸ਼ਿਕਾਇਤਕਰਤਾ ਵੱਲੋਂ ਦੱਸੀ ਤਾਰੀਕ ਦਾ ਮਾਮਲਾ ਉਠਾ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਮਹਿਸੂਸ ਕਰਦੀ ਹੈ ਕਿ ਜਾਂਚ ਅਫਸਰ ਜਾਂ ਕਿਸੇ ਹੋਰ ਅਫਸਰ ਨੇ ਸਹੀ ਤਰੀਕੇ ਸਰਕਾਰੀ ਕੇਸ ਦੀ ਪੈਰਵਾਈ ਨਹੀਂ ਕੀਤੀ ਤਾਂ ਫਿਰ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ। ਉਹਨਾਂ ਸਵਾਲ ਕੀਤਾ ਕਿ ਹੁਣ ਤੱਕ ਸਰਕਾਰ ਸੁੱਤੀ ਕਿਉਂ ਹੋਈ ਹੈ ? ਹਾਲੇ ਤੱਕ ਮਾਮਲੇ ਦੀ ਕੋਈ ਜਾਂਚ ਕਿਉਂ ਨਹੀਂ ਕੀਤੀ ਗਈ ? ਅਕਾਲੀ ਆਗੂ ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਸਿਰਫ ਇਸ ਕਰਕੇ ਤਰਲੋ ਮੱਛੀ ਹੋ ਰਹੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਦੇ ਮਾਮਲੇ ਵਿਚ ਉਹਨਾਂ ਕੋਲ ਵਿਖਾਉਣ ਲਈ ਕੁਝ ਵੀ ਨਹੀਂ ਹੈ। ਉਹਨਾਂ ਕਿਹਾ ਕਿ ਪਿਛਲੇ ਸਾਢੇ ਤਿੰਨ ਸਾਲਾਂ ਦਾ ਕਾਂਗਰਸ ਦਾ ਰਾਜਕਾਲ ਵੱਡੀਆਂ ਨਾਕਾਮੀਆਂ ਨਾਲ ਭਰਿਆ ਹੋਇਆ ਹੈ। ਉਹਨਾਂ ਕਿਹਾ ਕਿ ਨਾ ਸਿਰਫ ਇਸ ਸਰਕਾਰ ਨੇ ਸਮਾਜ ਦੇ ਹਰ ਵਰਗ ਨੂੰ ਦੁਖੀ ਕੀਤਾ ਹੈ ਤੇ ਆਪਣੇ ਵਾਅਦਿਆਂ ਤੋਂ ਭੱਜੀ ਹੈ ਬਲਕਿ ਇਸਨੂੰ 5600 ਕਰੋੜ ਰੁਪਏ ਦੇ ਸ਼ਰਾਬ ਘੁਟਾਲੇ, ਬੀਜ ਅਤੇ ਕੇਂਦਰੀ ਰਾਸ਼ਨ ਘੁਟਾਲੇ ਲਈ ਵੀ ਜਾਣਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸ੍ਰੀ ਜਾਖੜ ਨਹੀਂ ਚਾਹੁੰਦੇ ਕਿ ਇਹਨਾਂ ਮੁੱਦਿਆਂ 'ਤੇ ਕੋਈ ਬਹਿਸ ਹੋਵੇ ਤੇ ਇਸ ਲਈ ਉਹ ਅਕਾਲੀ ਦਲ ਦੇ ਖਿਲਾਫ ਜਾਣ ਬੁੱਝ ਕੇ ਦੂਸ਼ਣਬਾਜ਼ੀ ਕਰ ਰਹੇ ਹਨ। ਉਹਨਾਂ ਨੇ ਸ੍ਰੀ ਜਾਖੜ ਨੂੰ ਭਰੋਸਾ ਦੁਆਇਆ ਕਿ ਪੰਜਾਬ ਦੇ ਲੋਕ ਉਹਨਾਂ ਨੂੰ ਇਕ ਬਹੁਤ ਹੀ ਸੰਵੇਦਨਸ਼ਲ ਤੇ ਭਾਵੁਕ ਮੁੱਦੇ 'ਤੇ ਘਟੀਆ ਰਾਜਨੀਤੀ ਕਰਨ ਦੀ ਸਜ਼ਾ ਜ਼ਰੂਰ ਦੇਣਗੇ ਜਿਵੇਂ ਕਿ ਲੋਕਾਂ ਨੇ ਬੀਤੇ ਸਮੇਂ ਵਿਚ ਵੀ ਕੀਤਾ ਹੈ।
Total Responses : 265