ਅਸ਼ੋਕ ਵਰਮਾ
ਬਠਿੰਡਾ, 20 ਜੁਲਾਈ 2020: ਭਾਰੀ ਬਾਰਸ਼ ਦੇ ਬਾਵਜੂਦ ਜਮਹੂਰੀ ਅਧਿਕਾਰ ਸਭਾ ਦੀ ਅਗਵਾਈ ਹੇਠ ਜੁੜੇ ਲੋਕ ਪੱਖੀ ਆਗੂਆਂ ਨੇ ਕਰੋਨਾਂ ਵਾਇਰਸ ਦੇ ਮਾਮਲੇ ’ਚ ਸਾਵਧਾਨੀਆਂ ਦੀ ਪਾਲਣਾ ਕਰਦਿਆਂ ਪ੍ਰਸਿੱਧ ਤੇਲਗੂ ਇਨਕਲਾਬੀ ਕਵੀ ਵਰਾਵਰਾ ਰਾਓ ਅਤੇ ਹੋਰ ਉੱਘੇ ਕਾਰਕੁੰਨਾਂ ਦੀ ਰਿਹਾਈ ਲਈ ਰੋਸ ਮੁਜਾਹਰਾ ਕੀਤਾ। ਇਸ ਮੌਕੇ ਹਾਜਰ ਆਗੂਆਂ ਨੇ ਦੋਸ਼ ਲਾਏ ਕਿ ਮੋਦੀ ਸਰਕਾਰ ਆਪਣੇ ਖਿਲਾਫ ਉੱਠਣ ਵਾਲੀਆਂ ਅਵਾਜਾਂ ਨੂੰ ਬੰਦ ਕਰਨ ਲਈ ਦਹਿਸ਼ਤ ਦਾ ਮਹੌਲ ਬਣਾ ਰਹੀ ਹੈ ਅਤੇ ਮੁਲਕ ਅਣਐਲਾਨੀ ਐਮਰਜੈਂਸੀ ਵਰਗਾ ਹਾਲਾਤਾਂ ਦਾ ਸਾਹਮਣਾ ਕਰ ਰਿਹਾ ਹੈ ਜਿਸ ਦੀ ਮਿਸਾਲ ਬੁੱਧੀਜੀਵੀਆਂ ਨੂੰ ਝੂਠੇ ਕੇਸਾਂ ਤਹਿਤ ਜੇਲਾਂ ’ਚ ਬੰਦ ਕਰਨ ਤੋਂ ਮਿਲਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲਾ ਇਕਾਈ ਬਠਿੰਡਾ ਦੇ ਪ੍ਰਧਾਨ ਪਿ੍ਰੰਸੀਪਲ ਬੱਗਾ ਸਿੰਘ, ਜਨਰਲ ਸਕੱਤਰ ਪਿ੍ਰਤਪਾਲ ਸਿੰਘ ਤੇ ਪੈ੍ਸ ਸਕੱਤਰ ਡਾਕਟਰ ਅਜੀਤਪਾਲ ਸਿੰਘ ਨੇ ਦੱਸਿਆ ਕਿ ਭਾਰਤ ਦੀ ਫਾਸ਼ੀਵਾਦੀ ਹਕੂਮਤ ਵੱਲੋਂ ਜਮਹੂਰੀ ਹੱਕਾਂ ਲਈ ਲਗਾਤਾਰ ਸੰਘਰਸ਼ਸ਼ੀਲ ਉੱਘੇ ਕਵੀ ਵਰਾਵਰਾ ਰਾਓ ਸਮੇਤ ਹੋਰ ਕਾਫੀ ਕਾਰਕੁੰਨਾਂ ਨੂੰ ਯੂਏਪੀਏ ਆਦਿ ਕਾਲੇ ਕਾਨੂੰਨਾਂ ਤਹਿਤ ਭੀਮਾਂ ਕੌਰਗਾਓ ਆਦਿ ਵਰਗੇ ਝੂਠੇ ਕੇਸ ਪਾ ਕੇ ਜੇਲਾਂ ਅੰਦਰ ਡੱਕਿਆ ਹੋਇਆ ਹੈ।
ਉਨਾਂ ਆਖਿਆ ਕਿ ਸਰਕਾਰ ਨੇ ਤਾਂ 90 ਫੀਸਦੀ ਅਪਾਹਜ ਪ੍ਰੋਫੈਸਰ ਸਾਈਂ ਬਾਬਾ ਵਰਗਿਆਂ ਨੂੰ ਵੀ ਬਖਸ਼ਿਆ ਨਹੀਂ ਹੈ ਜਦੋਂਕਿ ਉਨਾਂ ਦਾ ਕੋਈ ਕਸੂਰ ਨਹੀਂ ਹੈ। ਉਨਾਂ ਕਿਹਾ ਕਿ ਵਰਾਵਰਾ ਰਾਓ ਵੀ ਜੇਲ ’ਚ ਬੰਦ ਹੋਏ ਦੌਰਾਨ ਕਰੋਨਾ ਵਾਇਰਸ ਤੋਂ ਪੀੜਤ ਹੋ ਗਏ ਹਨ ਫਿਰ ਵੀ ਉਨਾਂ ਦੇ ਇਲਾਜ ਲਈ ਲੋੜੀਂਦੇ ਤੇ ਯੋਗ ਪ੍ਰਬੰਧ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਜਰੂਰਤ ਤਾਂ ਉਨਾਂ ਨੂੰ ਰਿਹਾਅ ਕਰਕੇ ਉਨਾਂ ਦੇ ਮਾਪਿਆਂ ਦੀ ਹਾਜ਼ਰੀ ਵਿੱਚ ਕਿਸੇ ਵਧੀਆ ਹਸਪਤਾਲ ਵਿੱਚ ਰੱਖ ਕੇ ਇਲਾਜ ਕਰਨ ਹੈ ਪਰ ਸੱਤਾ ਉਨਾਂ ਨੂੰ ਬਦਤਰ ਹਾਲਤਾਂ ਚ ਰੱਖ ਕੇ ਮੌਤ ਦੇ ਮੂੰਹ ਵੱਲ ਧੱਕ ਰਹੀ ਹੈ। ਸਮੂਹ ਆਗੂਆਂ ਨੇ ਇੱਥ ਜੁੱਟ ਹੋਕੇ ਸਰਕਾਰ ਨੂੰ ਜਨਤਕ ਕਾਰਕੁੰਨਾਂ ਦੀ ਰਿਹਾੲਂ ਦੀ ਮੰਗ ਤੇ ਜੋਰ ਦਿੰਦਿਆਂ ਅਜਿਹਾ ਨਾਂ ਹੋਣ ਦੀ ਸੂਰਤ ’ਚ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।
ਅੱਜ ਦੇ ਪ੍ਰਦਰਸ਼ਨ ਵਿੱਚ ਕਰੋਨਾ ਦੇ ਬਹਾਨੇ ਲੋਕਾਂ ਅੰਦਰ ਬੇਲੋੜੀ ਦਹਿਸਤ ਪਾਉਣੀ, ਰੁਜਗਾਰ ਖਤਮ ਕਰਨੇ, ਸਿੱਖਿਆ ਉੱਪਰ ਚੌਤਰਫੇ ਹਮਲੇ ਕਰਨੇ,ਸਿਹਤ ਸੇਵਾਵਾਂ ਦਾ ਵਿਨਾਸ਼ ਕਰਨਾ, ਖੇਤੀ ਸਬੰਧੀ ਤਿੰਨ ਮਾਰੂ ਆਰਡੀਨੈਂਸ ਲੈ ਕੇ ਆਉਣੇ,ਬਿਜਲੀ ਸੋਧ ਬਿੱਲ-2020 ਲਿਆਉਣਾ, ਕਰੋਨਾ ਬਹਾਨੇ ਲੋਕਾਂ ਤੇ ਬੇਲੋੜੇ ਕੇਸ ਮੜਨੇ, ਕਿਰਤ ਕਾਨੂੰਨਾਂ ਚ ਮਾਰੂ ਤਬਦੀਲੀਆਂ ,ਲੋਕਾਂ ਦਾ ਉਜਾੜਾ ਕਰਨਾ, ਤੇਲ ਕੀਮਤਾਂ ਵਿੱਚ ਬੇਹੱਦ ਵਾਧਾ, ਕਾਲੇ ਕਾਨੂੰਨਾਂ ਦੀ ਬੇਕਿਰਕੀ ਨਾਲ ਵਰਤੋਂ, ਜਨਤਕ ਜਾਇਦਾਦਾਂ ਨੂੰ ਨਿੱਜੀ ਮੁਨਾਫਾਖੋਰਾਂ ਕੋਲ ਕੌਡੀਆਂ ਦੇ ਭਾਅ ਵੇਚਣਾ, ਕਰੋਨਾਂ ਦੇ ਬਹਾਨੇ ਲੋਕਾਂ ਦੇ ਰੋਸ ਪ੍ਰਗਟ ਕਰਨ ਤੇ ਪਾਬੰਦੀ ਲਾਉਣੀ, ਰੇਲਵੇ ਦਾ ਨਿੱਜੀਕਰਨ ਆਦਿ ਵੀ ਉਭਾਰੀਆਂ ਗਈਆਂ। ਅੰਤ ਵਿੱਚ ਸਭਾ ਦੇ ਪ੍ਧਾਨ ਬੱਗਾ ਸਿੰਘ ਨੇ ਰੋਸ ਵਿਖਾਵੇ ’ਚ ਸ਼ਾਮਲ ਹੋਣ ਵਾਲਿਆਂ ਦਾ ਧੰਨਵਾਦ ਕਰਦਿਆਂ ਹਕੂਮਤ ਦੇ ਫਾਸ਼ੀਵਾਦੀ ਹਮਲੇ ਦੀ ਮਾਰ ਹੇਠ ਆਈਆਂ ਸਾਰੀਆਂ ਤਾਕਤਾਂ ਨੂੰ ਇੱਕ ਜੁੱਟ ਹੋ ਕੇ ਆਵਾਜ ਬੁਲੰਦ ਕਰਨ ਦਾ ਸੱਦਾ ਦਿੱਤਾ।