ਐਸ ਏ ਐਸ ਨਗਰ, 21 ਜੁਲਾਈ: 2020: ਪੰਜਾਬ ਨੈਸ਼ਨਲ ਬੈਂਕ ਸਰਕਲ ਦਫਤਰ, ਐਸ.ਏ.ਐਸ.ਨਗਰ ਅੱਜ ਸੂਬਾ ਸਰਕਾਰ ਵਲੋਂ ਚਲਾਈ ਗਈ ਮਿਸ਼ਨ ਫਤਿਹ ਮੁਹਿੰਮ ਵਿੱਚ ਸ਼ਾਮਲ ਹੋਇਆ ਹੈ ਅਤੇ ਕੋਵਿਡ -19 ਕਾਰਪੋਰੇਟ ਸਮਾਜਿਕ ਜਿੰਮੇਵਾਰੀ ਮੁਹਿੰਮ ਤਹਿਤ ਲੋੜਵੰਦਾਂ ਨੂੰ ਮਾਸਕ ਅਤੇ ਸੈਨੀਟਾਈਜ਼ਰ ਵੰਡ ਕੇ ਉਹਨਾਂ ਦੀ ਸਹਾਇਤਾ ਲਈ ਅੱਗੇ ਆਇਆ ਹੈ।
ਖੁਦ ਮਾਸਕ ਅਤੇ ਸੈਨੀਟਾਈਜ਼ਰ ਖਰੀਦਣ ਤੋਂ ਅਸਮਰੱਥ ਲੋਕਾਂ ਨੂੰ ਮਾਸਕ ਦੇਣ ਲਈ ਏ.ਡੀ.ਸੀ. (ਡੀ) ਸ੍ਰੀਮਤੀ ਆਸ਼ਿਕਾ ਜੈਨ ਆਈ.ਏ.ਐੱਸ., ਨੂੰ ਜ਼ਿਲ੍ਹਾ ਪ੍ਰਸ਼ਾਸਨ ਕੰਪਲੈਕਸ ਵਿਖੇ ਮਾਸਕ ਅਤੇ ਸੈਨੀਟਾਈਜ਼ਰ ਸੌਂਪਦੇ ਹੋਏ, ਪੀ.ਐਨ.ਬੀ. ਸਰਕਲ ਦੇ ਏ.ਜੀ.ਐਮ. ਸੁਨੀਲ ਬਰਾਟ ਨੇ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ ਨੇ ਦੇਸ਼ਭਰ ਵਿਚ ਇਹ ਮੁਹਿੰਮ ਸ਼ੁਰੂ ਕੀਤੀ ਹੈ। ਏਜੀਐਮ ਨੇ ਆਪਣੇ ਸਾਥੀਆਂ ਹੇਮੇਂਦਰ ਜੈਨ, ਮੁੱਖ ਲੀਡ ਜ਼ਿਲ੍ਹਾ ਮੈਨੇਜਰ ਅਤੇ ਸ੍ਰੀਮਤੀ ਅਰਸ਼ਪ੍ਰੀਤ ਕੌਰ, ਬਰਾਂਚ ਮੁਖੀ, ਜ਼ਿਲ੍ਹਾ ਪ੍ਰਸ਼ਾਸਨ ਕੰਪਲੈਕਸ ਵਿਖੇ ਗਰੀਬਾਂ ਅਤੇ ਦਿਹਾੜੀਦਾਰਾਂ ਨੂੰ ਮਾਸਕ ਅਤੇ ਸੈਨੀਟਾਈਜ਼ਰ ਵੰਡੇ।
ਜ਼ਿਕਰਯੋਗ ਹੈ ਕਿ ਪੰਜਾਬ ਨੈਸ਼ਨਲ ਬੈਂਕ ਐਸ.ਏ.ਐਸ.ਨਗਰ ਸਰਕਲ ਦੇ ਕਰਮਚਾਰੀ ਵੀ ਮਿਸ਼ਨ ਫਤਿਹ ਵਾਰੀਅਰਜ਼ ਵਜੋਂ ਸ਼ਾਮਲ ਹੋ ਚੁੱਕੇ ਹਨ ਅਤੇ ਨੋਵਲ ਕੋਰਾਨਾ ਵਾਇਰਸ ਵਿਰੁੱਧ ਜਾਗਰੂਕਤਾ ਪੈਦਾ ਕਰਨ ਦੇ ਕਾਰਜਾਂ ਵਿਚ ਸਰਗਰਮੀ ਨਾਲ ਸਹਿਯੋਗ ਦੇ ਰਹੇ ਹਨ।