- ਬਿਨ੍ਹਾਂ ਮਾਸਕ ਪਾਏ ਤੇ ਆਪਸੀ ਦੂਰੀ ਨਿਯਮਾਂ ਦੀ ਉਲੰਘਣਾ ਕਰਕੇ ਦਿੱਤਾ ਸੀ ਧਰਨਾ
- ਕੋਰੋਨਾ ਮਹਾਂਮਾਰੀ ਸਬੰਧੀਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕੀਤੀ ਜਾਵੇਗੀ ਸਖ਼ਤੀ-ਐਸ.ਐਸ.ਪੀ.
- ਮਿਸ਼ਨ ਫ਼ਤਿਹ ਤਹਿਤ ਕੋਵਿਡ-19 ਤੋਂ ਬਚਣ ਲਈ ਨਿਰਧਾਰਤ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ: ਸਿੱਧੂ
ਪਟਿਆਲਾ, 29 ਜੁਲਾਈ 2020 - ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਬਣਾਏ ਨਿਯਮਾਂ ਦੀ ਅਣਦੇਖੀ ਕਰਕੇ, ਬਿਨ੍ਹਾਂ ਮਾਸਕ ਪਾਏ ਅਤੇ ਆਪਸੀ ਦੂਰੀ ਦੀ ਉਲੰਘਣਾ ਕਰਕੇ ਛੋਟੇ ਬੱਚਿਆਂ ਦੀ ਜਾਨ ਜੋਖਮ 'ਚ ਪਾਉਂਦਿਆਂ ਧਰਨਾ ਪ੍ਰਦਰਸ਼ਨ ਕਰਨ ਵਾਲੇ 40 ਦੇ ਕਰੀਬ ਵਿਅਕਤੀਆਂ ਵਿਰੁੱਧ ਪਟਿਆਲਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਇਹ ਜਾਣਕਾਰੀ ਐਸ.ਐਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਦਿੱਤੀ।
ਸਿੱਧੂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਮੁਤਾਬਕ ਜਨਤਕ ਥਾਵਾਂ 'ਤੇ ਮਾਸਕ ਪਾਉਣਾ ਅਤੇ ਆਪਸੀ ਦੂਰੀ ਬਣਾ ਕੇ ਰੱਖਣ ਲਾਜਮੀ ਨਿਯਮ ਹੈ ਪਰੰਤੂ ਬੀਤੇ ਦਿਨ ਪਟਿਆਲਾ ਸ਼ਹਿਰ ਵਿਖੇ ਕੁਝ ਲੋਕਾਂ ਨੇ ਬੱਚਿਆਂ ਦੀ ਜਾਨ ਵੀ ਜ਼ੋਖਮ 'ਚ ਪਾ ਕੇ ਕੋਵਿਡ-19 ਨਿਯਮਾਂ ਦੀ ਉਲੰਘਣਾ ਕੀਤੀ, ਜਿਸ ਕਰਕੇ ਇਨ੍ਹਾਂ ਵਿਰੁੱਧ ਥਾਣਾ ਸਿਵਲ ਲਾਇਨ ਵਿਖੇ ਆਈ.ਪੀ.ਸੀ. ਦੀਆਂ ਧਾਰਾਵਾਂ 188, 269 ਤੇ 270 ਅਤੇ ਡਿਜਾਸਟਰ ਮੈਨੇਜਮੈਂਟ ਐਕਟ ਦੀ ਧਾਰਾ 51 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਸਿੱਧੂ ਨੇ ਦੱਸਿਆ ਕਿ ਇਸ ਮੁਕੱਦਮੇ 'ਚ ਜਗਤਾਰ ਸਿੰਘ ਜੱਗੀ, ਜੈਦੀਪ ਗੋਇਲ, ਇਸ਼ੂ ਗਿੱਲ, ਅਮਨਦੀਪ ਸਿੰਘ, ਰਜਿੰਦਰ ਸਿੰਘ ਸਮੇਤ 30-35 ਹੋਰ ਵਿਅਕਤੀ ਨਾਮਜਦ ਕੀਤੇ ਗਏ ਹਨ। ਇਨ੍ਹਾਂ ਨੇ ਬਿਨ੍ਹਾਂ ਪ੍ਰਵਾਨਗੀ ਧਰਨਾ ਦੇ ਕੇ ਜਿੱਥੇ ਆਪਸੀ ਦੂਰੀ ਨਿਯਮਾਂ ਦੀ ਉਲੰਘਣਾ ਕੀਤੀ ਉੱਥੇ ਹੀ ਇਨ੍ਹਾਂ ਵਿੱਚੋਂ ਬਹੁਤੇ ਜਣਿਆਂ ਨੇ ਮਾਸਕ ਵੀ ਨਹੀਂ ਸੀ ਪਾਇਆ ਹੋਇਆ।
ਸਿੱਧੂ ਨੇ ਕਿਹਾ ਕਿ ਇੱਥੋਂ ਤੱਕ ਕਿ ਇਨ੍ਹਾਂ ਨੇ ਤਾਂ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਛੋਟੇ ਬੱਚਿਆਂ ਦਾ ਵੀ ਖਿਆਲ ਨਹੀਂ ਰੱਖਿਆ ਅਤੇ ਧਰਨੇ 'ਚ ਛੋਟੇ-ਛੋਟੇ ਬੱਚਿਆਂ ਦੀ ਵੀ ਸ਼ਮੂਲੀਅਤ ਕਰਵਾ ਕੇ ਉਨ੍ਹਾਂ ਦੀ ਜਾਨ ਨੂੰ ਜ਼ੋਖਮ 'ਚ ਪਾ ਦਿੱਤਾ ਅਤੇ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਦੀ ਵੀ ਉਲੰਘਣਾ ਕੀਤੀ।
ਐਸ.ਐਸ.ਪੀ. ਸਿੱਧੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਅਤੇ ਪੰਜਾਬ ਸਰਕਾਰ ਵੱਲੋਂ ਅਰੰਭੇ ਮਿਸ਼ਨ ਫ਼ਤਿਹ ਦੀ ਸਫ਼ਲਤਾ ਲਈ ਹਦਾਇਤਾਂ ਦੀ ਪਾਲਣਾਂ ਕਰਨ ਅਤੇ ਨਿਯਮਾਂ ਦੀ ਅਣਦੇਖੀ ਕਰਨ ਤੋਂ ਗੁਰੇਜ਼ ਕਰਨ ਨਹੀਂ ਅਜਿਹੇ 'ਚ ਪੁਲਿਸ ਨੂੰ ਮਜ਼ਬੂਰਨ ਅਜਿਹੇ ਲੋਕਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਪਵੇਗੀ।