ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 20 ਜੁਲਾਈ 2020: ਪੰਜਾਬ ਖੇਤ ਮਜਦੂਰ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ਬਲਾਕ ਪ੍ਰਧਾਨ ਕਾਕਾ ਸਿੰਘ ਖੁੰਡੇ ਹਲਾਲ ਦੀ ਅਗਵਾਈ ਹੇਠ ਧਰਨਾ ਦਿੱਤਾ ।ਧਰਨੇ ਨੂੰ ਸੰਬੋਧਨ ਕਰਦਿਆਂ ਜਿਲਾ ਜਨਰਲ ਸਕੱਤਰ ਤਰਸੇਮ ਸਿੰਘ ਖੁੰਡੇ ਹਲਾਲ ਕਾਕਾ ਸਿੰਘ ਖੁੰਡੇ ਹਲਾਲ ,ਇੰਦਰਜੀਤ ਸਿੰਘ ਲੱਖੇਵਾਲੀ, ਅਮਰੀਕ ਸਿੰਘ ਭਾਗਸਰ ਆਦਿ ਆਗੂਆਂ ਨੇ ਕਿਹਾ ਕਰੋਨਾ ਮਹਾਮਾਰੀ ਸਮੇ ਲੱਗੇ ਕਰਫਿਊ ਅਤੇ ਲਾਕਡਾਊਨ ਸਮੇਂ ਕੰਮ ਅਤੇ ਪੈਸੇ ਨਾਂ ਹੋਣ ਕਾਰਨ ਭੁਖ ਦੇ ਮਾਰੇ ਆਪਣੇ ਪਿਤਰੀ ਸੂਬਿਆਂ ਨੂੰ ਜਾ ਰਹੇ ਮਜਦੂਰਾਂ ਨੂੰ ਬੇਰਹਿਮੀ ਨਾਲ ਕੁੱਟਮਾਰ ਕਰਨ ਅਤੇ ਪੈਦਲ ਚਲਣ ਸਮੇ ਮਰਨ ਲਈ ਮਜਬੂਰ ਕਰਨ ਵਾਲੀਆਂ ਸਰਕਾਰਾਂ ਦਾ ਲੋਕਾਂ ਦੀਆਂ ਜਿੰਦਗੀਆਂ ਦਾ ਫਿਕਰ ਨਕਲੀ ਹੈ। ਉਨਾਂ ਕਿਹਾ ਕਿ ਕਰੋਨਾਂ ਮਹਾਂਮਾਰੀ ਦੇ ਸਮੇਂ ਕਾਰਪੋਰੇਟ ਘਰਾਣਿਆਂ ਦੇ ਹਜਾਰਾਂ ਕਰੋੜ ਦੇ ਕਰਜੇ ਮੁਆਫ਼ ਕੀਤੇ ਜਾ ਰਹੇ ਹਨ ਅਤੇ ਇਸ ਮਹਾਂਮਾਰੀ ਦੌਰਾਨ ਸਭ ਤੋਂ ਵੱਧ ਆਰਥਿਕ ਮੰਦੀ ਦੇ ਹਲਾਤਾਂ ਵਿੱਚ ਲੰਘ ਰਹੀਆਂ ਮਜਦੂਰ ਔਰਤਾਂ ਤੋਂ ਕੰਪਨੀਆਂ ਵੱਲੋਂ ਜਬਰੀ ਕਿਸ਼ਤਾਂ ਵਸੂਲੀਆਂ ਜਾ ਰਹੀਆਂ ਹਨ।
ਉਹਨਾਂ ਆਖਿਆ ਕਿ ਕੇਂਦਰ ਸਰਕਾਰ ਬਿਜਲੀ ਐਕਟ, ਤਿੰਨ ਖੇਤੀ ਆਰਡੀਨੈਂਸ ਲਿਆਕੇ ਰੇਲਵੇ ,ਕੋਲਾ ਸਮੇਤ ਜਨਤਕ ਖੇਤਰ ਦੇ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਵੇਚ ਕੇ ਆਪਣੀ ਸਾਂਝ ਨੰਗੇ ਚਿੱਟੇ ਰੂਪ ਨਿਭਾ ਰਹੀ ਹੈ । ਪੰਜਾਬ ਦੀ ਕਾਂਗਰਸ ਸਰਕਾਰ ਨੇ ਵੀ ਭਾਜਪਾ ਦੀ ਮੋਦੀ ਸਰਕਾਰ ਦੇ ਨਕਸ਼ੇ ਕਦਮ ਤੇ ਚੱਲਦਿਆਂ ਸਾਮਰਾਜਵਾਦ ਲਈ ਮਾਹੌਲ ਸਜਗਾਰ ਬਣਾਉਣ ਵਾਸਤੇ ਕਰੋਨਾਂ ਮਹਾਂਮਾਰੀ ਦੇ ਪਰਦੇ ਹੇਠ ਲੋਕਾਂ ਦੇ ਹੱਕਾਂ ਲਈ ਲੜਨ ਵਾਲੀਆਂ ਜਨਤਕ ਜਥੇਬੰਦੀਆਂ ਨੂੰ ਖਤਮ ਕਰਨ ਲਈ ਧਾਰਾ 144 ਅਤੇ ਮਹਾਂਮਾਰੀ ਫੈਲਾਉਣ ਦੀ ਧਾਰਾ 188 ਵਰਗੇ ਕਾਨੂੰਨ ਮੜ ਦਿੱਤੀਆਂ ਹਨ । ਖੇਤ ਮਜਦੂ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਸਰਕਾਰ ਖੇਤ ਮਜਦੂਰਾਂ ਦੇ ਕਰਜਿਆਂ ਦਾ ਖਾਤਮਾ ਨਹੀਂ ਕਰਦੀ ਪਾਬੰਦੀਆਂ ਦੇ ਬਾਵਜੂਦ ਸੰਘਰਸ਼ ਜਾਰੀ ਰੱਖਿਆ ਜਾਏਗਾ।
ਆਗੂਆਂ ਨੇ ਆਖਿਆ ਕਿ ਮਜਦੂਰਾਂ ਦੇ ਬਿਜਲੀ ਬਿੱਲਾਂ ਦੇ ਬਕਾਏ ਮਾਫ ਕੀਤੇ ਜਾਣ, ਕੱਟੇ ਰਾਸ਼ਨ ਕਾਰਡ ਬਹਾਲ ਕੀਤੇ ਜਾਣ, ਬੇਘਰੇ ਤੇ ਲੋੜਵੰਦ ਪਰਿਵਾਰਾਂ ਨੂੰ ਪਲਾਟ ਦਿੱਤੇ ਜਾਣ, ਜਮੀਨੀ ਸੁਧਾਰ ਕਾਨੂੰਨ ਸਖਤੀ ਨਾਲ ਲਾਗੂ ਕਰਕੇ ਵਾਧੂ ਨਿਕਲਦੀ ਜਮੀਨ ਦੀ ਵੰਡ ਮਜਦੂਰਾਂ ਤੇ ਗਰੀਬ ਕਿਸਾਨਾਂ ‘ਚ ਕੀਤੀ ਜਾਵੇ। ਉਨਾਂ ਕਿਹਾ ਕਿ ਇਨਕਲਾਬੀ ਕਵੀ ਵਰਕਰਾ ਰਾਓ ਸਮੇਤ ਵੱਖ ਵੱਖ ਕੇਸਾਂ ਵਿੱਚ ਗਿ੍ਰਫਤਾਰ ਕੀਤੇ ਬੁੱਧੀਜੀਵੀਆਂ ਅਤੇ ਨਾਗਰਿਕਤਾ ਹੱਕਾਂ ‘ਤੇ ਹੱਲੇ ਖਿਲਾਫ ਸੰਘਰਸ਼ ਕਰਨ ਸਦਕਾ ਜੇਲਾਂ ‘ਚ ਡੱਕੇ ਸਮੂਹ ਲੋਕਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ । ਇਸ ਮੌਕੇ ਡਾ ਹਰਭਿੰਦਰ ਸਿੰਘ ਭਾਗਸਰ, ਹੈਪੀ ਗੰਦੜ, ਬਲਜੀਤ ਸਿੰਘ ਚਿੱਬੜਾਂ ਵਾਲੀ ਦਰਸ਼ਨ ਸਿੰਘ ਮਹਾਂਬੱਧਰ ,ਵੀਰਪਾਲ ਕੌਰ ਪਾਲੋ, ਸਿਮਰਜੀਤ ਕੌਰ ਖੁੰਡੇ ਹਲਾਲ ਆਦਿ ਹਾਜਿਰ ਸਨ।