ਸ਼ਹਿਰ ਦੇ ਦੂਜੇ ਮਾਰਗਾਂ ਨੂੰ ਵੀ ਅਗਲੇ ਪੜਾਅ ਵਿਚ ਸਮਾਰਟ ਰੋਡ ਦੇ ਰੂਪ ਵਿਚ ਵਿਕਸਤ ਕਰਨ ਲਈ ਕਿਹਾ
ਲੁਧਿਆਣਾ, 25 ਜੁਲਾਈ 200: ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਸਮਾਰਟ ਸਿਟੀ ਤਹਿਤ ਘੁਮਾਰ ਮੰਡੀ ਮਾਰਕੀਟ ਰੋਡ ਅਤੇ ਨੈਸ਼ਨਲ ਰੋਡ ਨੂੰ ਸ਼ਹਿਰ ਵਾਸੀਆਂ ਦੀ ਭਲਾਈ ਲਈ ਸਮਾਰਟ ਸੜਕਾਂ ਵਜੋਂ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੀ ਕੁਲ ਲਾਗਤ 18.93 ਕਰੋੜ ਰੁਪਏ ਹੈ।
ਸ੍ਰੀ ਆਸ਼ੂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਸਮਾਰਟ ਰੋਡ ਦੇ ਨਾਲ ਮਾਡਲ ਮਾਰਕੀਟ ਲਈ ਚੁਣਿਆ ਗਿਆ ਹ,ੈ ਜਿਸ ਵਿੱਚ ਸਾਰੀਆਂ ਸਹੂਲਤਾਂ, ਪੈਦਲ ਯਾਤਰੀਆਂ ਨੂੰ ਸਮਰਪਿਤ ਜਗ੍ਹਾ ਮੁਹੱਈਆ ਕਰਵਾਉਣਾ ਅਤੇ ਲੈਂਡਸਕੇਪ, ਸਾਈਕਲ ਟਰੈਕ, ਭੂਮੀਗਤ ਬਿਜਲੀ ਸੇਵਾਵਾਂ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਦੋਵੇਂ ਸੜਕਾਂ 'ਤੇ ਅਕਸਰ ਹੀ ਹੋਰ ਜ਼ਿਲ੍ਹਿਆਂ/ਰਾਜਾਂ ਦੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਆਉਣਾ ਜਾਣਾ ਬਣਿਆ ਹੋਇਆ ਹੈ ਅਤੇ ਇਸੇ ਕਰਕੇ ਇਨ੍ਹਾਂ ਸੜਕਾਂ ਨੂੰ ਸਮਾਰਟ ਸੜਕਾਂ ਵਜੋਂ ਵਿਕਸਤ ਕੀਤਾ ਜਾਵੇਗਾ ਤਾਂ ਜੋ ਇਹ ਸਮਾਰਟ ਸਿਟੀ ਦੀ ਚੰਗੀ ਤਸਵੀਰ ਪੇਸ਼ ਕਰ ਸਕਣ।
ਉਨ੍ਹਾਂ ਕਿਹਾ ਕਿ ਅਗਲੇ ਪੜਾਅ ਵਿੱਚ ਸਰਾਭਾ ਨਗਰ, ਮਾਲ ਰੋਡ, ਰਾਣੀ ਝਾਂਸੀ ਰੋਡ, ਦੀਪਕ ਹਸਪਤਾਲ ਰੋਡ, ਕੋਚਰ ਮਾਰਕੀਟ ਰੋਡ, ਕਾਲਜ ਰੋਡ, ਇਸ਼ਮੀਤ ਸਿੰਘ ਰੋਡ, ਕਲੱਬ ਰੋਡ, ਮੰਦਰ-ਗੁਰੂਦੁਆਰਾ ਰੋਡ ਨੂੰ ਵੀ ਸਮਾਰਟ ਸੜਕਾਂ ਵਜੋਂ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਲਹਾਰ ਰੋਡ 'ਤੇ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ।
ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਉਹ ਹਰ ਹਫ਼ਤੇ ਲੁਧਿਆਣਾ ਸਮਾਰਟ ਸਿਟੀ ਅਧੀਨ ਚੱਲ ਰਹੇ ਸਾਰੇ ਪ੍ਰਾਜੈਕਟਾਂ ਦੀ ਪ੍ਰਗਤੀ ਦੀ ਨਿਗਰਾਨੀ ਕਰਨਗੇ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਤਰਫੋਂ ਕੋਈ ਖਾਮੀ ਪਾਈ ਗਈ ਤਾਂ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਜ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਸਮਾਰਟ ਸਿਟੀ ਪ੍ਰਾਜੈਕਟ ਅਧੀਨ ਪ੍ਰਾਜੈਕਟ ਪਹਿਲ ਦੇ ਅਧਾਰ ਤੇ ਅਤੇ ਨਿਰਧਾਰਤ ਸਮੇਂ ਸੀਮਾ ਦੇ ਅੰਦਰ ਮੁਕੰਮਲ ਕੀਤੇ ਜਾਣਗੇ।