ਲੋਕਾਂ ਨੂੰ ਮਾਸਕ ਪਹਿਨਣ ਅਤੇ ਸਾਰੇ ਸੁਰੱਖਿਆ ਉਪਾਵਾਂ ਦੀ ਸਖ਼ਤੀ ਨਾਲ ਪਾਲਣ ਕਰਨ ਦੀ ਮੁੜ ਅਪੀਲ ਕੀਤੀ
ਚੰਡੀਗੜ, 18 ਜੁਲਾਈ 2020: ਮੱਤੇਵਾੜਾ ਜੰਗਲ ਦੇ ਉਜਾੜੇ ਬਾਰੇ ਸਾਹਮਣੇ ਆ ਰਹੀਆਂ ਰਿਪੋਰਟਾਂ ਨੂੰ ਪੂਰੀ ਤਰਾਂ ਰੱਦ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਮੱਤੇਵਾੜਾ ਜੰਗਲ ਦਾ ਇਕ ਵੀ ਰੁੱਖ ਨਹੀਂ ਪੁੱਟਿਆ ਜਾਵੇਗਾ ਅਤੇ ਨਾ ਹੀ ਉਦਯੋਗਿਕ ਪਾਰਕ ਦੇ ਵਿਕਾਸ ਲਈ ਸਰਕਾਰ ਵੱਲੋਂ ਜੰਗਲ ਦੀ ਇਕ ਇੰਚ ਵੀ ਜ਼ਮੀਨ ਲਈ ਜਾਵੇਗੀ।
ਅੱਜ ‘ਕੈਪਟਨ ਨੂੰ ਸਵਾਲ’ ਪ੍ਰੋਗਰਾਮ ਦੀ ਅਗਲੀ ਲੜੀ ਦੌਰਾਨ ਫੇਸਬੁੱਕ ਲਾਈਵ ਜ਼ਰੀਏ ਮੁੱਖ ਮੰਤਰੀ ਨੇ ਕਿਹਾ ਕਿ ਮੱਤੇਵਾੜਾ ਜੰਗਲ ਨੂੰ ਉਜਾੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,‘‘ਕੁਝ ਲੋਕਾਂ ਨੇ ਇਹ ਕਿਹਾ ਕਿ ਜੰਗਲ ਨੂੰ ਉਜਾੜਿਆ ਜਾਵੇਗਾ ਜਦਕਿ ਇਸ ਗੱਲ ਵਿੱਚ ਰੱਤੀ ਭਰ ਵੀ ਸੱਚਾਈ ਨਹੀਂ ਹੈ।’’ ਉਨਾਂ ਦੱਸਿਆ ਕਿ ਸਰਕਾਰ ਨੇ ਪਸ਼ੂ ਪਾਲਣ ਵਿਭਾਗ, ਬਾਗਬਾਨੀ ਵਿਭਾਗ ਅਤੇ ਗ੍ਰਾਮ ਪੰਚਾਇਤ ਦੀ 955 ਏਕੜ ਜ਼ਮੀਨ ਲਈ ਹੈ। ਉਨਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਐਕੁਵਾਇਰ ਕੀਤੀ ਜ਼ਮੀਨ ਵਿੱਚ ਮੱਤੇਵਾੜਾ ਜੰਗਲ ਦੇ 2300 ਏਕੜ ਵਿੱਚੋਂ ਇਕ ਇੰਚ ਜ਼ਮੀਨ ਵੀ ਸ਼ਾਮਲ ਨਹੀਂ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਨਾਂ ਦੀ ਸਰਕਾਰ ਵੱਲੋਂ ਲੋਕਾਂ ਦੇ ਸਹਿਯੋਗ ਨਾਲ 75 ਲੱਖ ਬੂਟੇ ਲਾਏ ਜਾਣ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਉਹ ਖੁਦ ਵੀ ਪੰਜਾਬ ਨੂੰ ਹੋਰ ਹਰਿਆ-ਭਰਿਆ ਦੇਖਣਾ ਚਾਹੁੰਦੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਇਨਾਂ ਖਦਸ਼ਿਆਂ ਕਿ ਉਦਯੋਗਿਕ ਪਾਰਕ ਦੀ ਰਹਿੰਦ-ਖੂੰਹਦ ਸਤਲੁਜ ਦਰਿਆ ਵਿੱਚ ਪਾ ਦਿੱਤੀ ਜਾਵੇਗੀ, ਨੂੰ ਦੂਰ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਦੇ ਤਾਜ਼ਾ ਨੇਮਾਂ ਮੁਤਾਬਕਾਂ ਆਧੁਨਿਕ ਕਾਮਨ ਐਫਲੂਐਂਟ ਟਰੀਟਮੈਂਟ ਪਲਾਂਟ ਸਥਾਪਤ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਸ ਉਦਯੋਗਿਕ ਪਾਰਕ ਨੂੰ ਵਿਕਸਤ ਕਰਨ ਦਾ ਉਦੇਸ਼ ਆਲਾ ਦਰਜੇ ਦਾ ਇੰਡਸਟਰੀਅਲ ਅਸਟੇਟ ਬਣਾਉਣਾ ਹੈ ਜਿੱਥੇ ਲੁਧਿਆਣਾ ਅਤੇ ਆਸ-ਪਾਸ ਇਲਾਕਿਆਂ ਦੇ ਲੋਕਾਂ ਨੂੰ ਵਧੀਆ ਨੌਕਰੀਆਂ ਮਿਲ ਸਕਦੀਆਂ ਹਨ।
ਕੋਵਿਡ ਦੇ ਮੁੱਦੇ ’ਤੇ ਮੁੱਖ ਮੰਤਰੀ ਨੇ ਆਪਣੀ ਅਪੀਲ ਨੂੰ ਦੁਹਰਾਉਂਦਿਆਂ ਸਾਰਿਆਂ ਨੂੰ ਪੂਰੇ ਇਹਤਿਆਤ ਵਰਤਣ ਅਤੇ ਮਾਸਕ ਪਹਿਨਣ ਤੇ ਹੋਰ ਸੁਰੱਖਿਆ ਨੇਮਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਆਖਿਆ ਤਾਂ ਕਿ ਸੂਬੇ ਵਿੱਚ ਇਸ ਦੇ ਹੋਰ ਫੈਲਾਅ ਨੂੰ ਰੋਕਿਆ ਜਾ ਸਕੇ। ਮਾਹਿਰਾਂ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਮਾਸਕ ਪਹਿਨਣ ਨਾਲ ਇਸ ਲਾਗ ਦੇ ਖਤਰੇ ਨੂੰ 75 ਫੀਸਦੀ ਤੱਕ ਘਟਾਇਆ ਜਾ ਸਕਦਾ ਹੈ। ਉਨਾਂ ਕਿਹਾ ਕਿ ਗਰੀਬ ਲੋਕਾਂ ਨੂੰ ਰੋਜ਼ਾਨਾ ਧੋ ਕੇ ਮੁੜ ਵਰਤੇ ਜਾਣ ਵਾਲੇ 10 ਲੱਖ ਮਾਸਕ ਵੰਡਣ ਲਈ ਡਿਪਟੀ ਕਮਿਸ਼ਨਰਾਂ ਨੂੰ ਭੇਜੇ ਜਾ ਚੁੱਕੇ ਹਨ। ਰਾਜਪੁਰਾ ਦੇ ਅਮਿਤ ਕੁਮਾਰ ਨੇ ਮੁੱਖ ਮੰਤਰੀ ਕੋਲ ਚਿੰਤਾ ਜ਼ਾਹਰ ਕੀਤੀ ਕਿ ਉਸ ਦੇ ਸ਼ਹਿਰ ਦੇ ਲੋਕ ਭੀੜ ਵਾਲੀਆਂ ਥਾਵਾਂ ’ਤੇ ਮਾਸਕ ਨਹੀਂ ਪਹਿਨਦੇ ਅਤੇ ਪੁਲੀਸ ਸਿਰਫ ਖਾਸ ਥਾਵਾਂ ’ਤੇ ਹੀ ਜਾਂਚ ਕਰਦੀ ਹੈ, ਜਿਸ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਲੋਕਾਂ ਨੂੰ ਕੋਵਿਡ ਦੀ ਲਾਗ ਦੇ ਕਿਸੇ ਵੀ ਤਰਾਂ ਦੇ ਲੱਛਣ ਦਾ ਸੰਕੇਤ ਸਾਹਮਣੇ ਆਉਣ ਜਾਂ ਸ਼ੱਕ ਹੋਣ ’ਤੇ ਤੁਰੰਤ ਹਸਪਤਾਲਾਂ ਨਾਲ ਸੰਪਰਕ ਸਾਧਣ ਦੀ ਅਪੀਲ ਕੀਤੀ ਕਿਉਂਕਿ ਦੇਰੀ ਹੋਣ ਨਾਲ ਬਚਣ ਦੀਆਂ ਸੰਭਾਵਨਾਵਾਂ ਘਟਦੀਆਂ ਜਾਂਦੀਆਂ ਹਨ। ਉਨਾਂ ਕਿਹਾ ਕਿ ਪੰਜਾਬ ਵਿੱਚ ਹੁਣ ਤੱਕ ਕੋਵਿਡ ਨਾਲ 239 ਵਿਅਕਤੀ ਜਾਨਾਂ ਗੁਆ ਚੁੱਕੇ ਹਨ ਅਤੇ 9442 ਮਾਮਲੇ ਸਾਹਮਣੇ ਆਏ ਹਨ। ਉਨਾਂ ਕਿਹਾ ਕਿ ਕੇਸਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਉਨਾਂ ਨੇ ਇਸ ਤੱਥ ’ਤੇ ਚਿੰਤਾ ਜ਼ਾਹਰ ਕੀਤੀ ਕਿ ਬੀਤੇ ਇਕ ਹਫ਼ਤੇ ਵਿੱਚ ਹਰੇਕ ਦਿਨ ਲਗਪਗ 300 ਕੇਸ ਆ ਰਹੇ ਹਨ।
ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਸਰਹੱਦ ਰਾਹੀਂ ਪੰਜਾਬ ਵਿੱਚ ਦਾਖਲ ਹੋਣ ਵਾਲੇ ਹਰੇਕ ਵਿਅਕਤੀ ਦੀ ਸਖ਼ਤੀ ਨਾਲ ਜਾਂਚ ਕੀਤੀ ਜਾਵੇਗੀ। ਲੁਧਿਆਣਾ ਦੇ ਰਵਿੰਦਰ ਬੱਗਾ ਨੇ ਚਿੰਤਾ ਪ੍ਰਗਟਾਈ ਕਿ ਮਜ਼ਦੂਰਾਂ ਨੂੰ ਟਰੱਕਾਂ ਰਾਹੀਂ ਲਿਆਂਦਾ ਜਾ ਰਿਹਾ ਅਤੇ ਸ਼ੰਭੂ ਬਾਰਡਰ ’ਤੇ ਛੱਡ ਦਿੱਤਾ ਜਾਂਦਾ ਹੈ ਜਿੱਥੋਂ ਉਹ ਪੈਦਲ ਸੂਬੇ ਵਿੱਚ ਪ੍ਰਵੇਸ਼ ਕਰ ਰਹੇ ਹਨ।
ਅਨੰਦਪੁਰ ਸਾਹਿਬ ਤੋਂ ਅਮਰਜੀਤ ਸਿੰਘ ਦੇ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਐਤਵਾਰ ਨੂੰ ਹੁਣ ਕਰਫਿਊ ਲਾਗੂ ਨਹੀਂ ਕੀਤਾ ਜਾ ਰਿਹਾ ਕਿਉਂਕਿ ਬਹੁਤ ਲੋਕਾਂ ਨੂੰ ਕੰਮ ਲਈ ਘਰੋਂ ਬਾਹਰ ਨਿਕਲਣ ਦੀ ਲੋੜ ਹੁੰਦੀ ਹੈ।
ਕੋਵਿਡ ਦੇ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ ਵਾਸਤੇ ਤੈਅ ਕੀਤੀਆਂ ਕੀਮਤਾਂ ਨੂੰ ਬਹੁਤ ਜ਼ਿਆਦਾ ਦੱਸਦਿਆਂ ਲੁਧਿਆਣਾ ਦੇ ਸੇਵਕ ਨੇ ਕਿਹਾ ਕਿ ਇਹ ਕੀਮਤਾਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਵੱਲੋਂ ਹੁਣ ਤੱਕ ਵਸੂਲੇ ਜਾ ਰਹੇ ਖਰਚੇ ਬਹੁਤ ਜ਼ਿਆਦਾ ਸਨ ਜਿਸ ਕਰਕੇ ਬਹੁਤ ਬਿਮਾਰ ਮਰੀਜ਼ਾਂ ਲਈ ਪ੍ਰਤੀ ਦਿਨ 18000 ਰੁਪਏ ਦੀ ਸੀਮਾ ਮਿੱਥੀ ਗਈ ਹੈ। ਉਨਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਵੀ ਸਾਰੀਆਂ ਸਹੂਲਤਾਂ ਮੌਜੂਦ ਹਨ ਜੋ ਵਾਜਬ ਕੀਮਤਾਂ ’ਤੇ ਅਦਾ ਕੀਤੀਆਂ ਜਾ ਰਹੀਆਂ ਹਨ।
ਪਟਿਆਲਾ ਦੇ ਸਚਿਨ ਢੰਡ ਵੱਲੋਂ ਕੇਸਾਂ ਵਿੱਚ ਵਾਧੇ ਨੂੰ ਧਿਆਨ ਵਿੱਚ ਰੱਖਦਿਆਂ ਸਖਤ ਲੌਕਡਾਊਨ ਦੀ ਸੰਭਾਵਨਾ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਹਾਂਮਾਰੀ ਦੇ ਫੈਲਾਅ ਦੇ ਦਰਮਿਆਨ ਹੋਰਨਾਂ ਨਾਲੋਂ ਸ਼ਹਿਰੀ ਖੇਤਰਾਂ ਵਿੱਚ ਕੇਸਾਂ ਦੀ ਸਥਿਤੀ ਗੰਭੀਰ ਹੈ ਅਤੇ ਇਸਨੂੰ ਨਜਿੱਠਣ ਲਈ ਇਕੋ ਇਕ ਹੱਲ ਲੋਕਾਂ ਵੱਲੋਂ ਹੋਰ ਵਧੇਰੇ ਜਿੰਮੇਵਾਰੀ ਦਿਖਾਉਣਾ ਹੈ।
ਮੁੱਖ ਮੰਤਰੀ ਵੱਲੋਂ ਕਰਨ ਧਾਲੀਵਾਲ ਨੂੰ ਭਰੋਸਾ ਦਿੱਤਾ ਗਿਆ ਕਿ,‘‘ਅਸੀਂ 2021 ਇਕੱਠੇ ਵੇਖਾਂਗੇ ਅਤੇ ਉਸਨੂੰ ਹੌਸਲੇ ਨਾਲ ਰਹਿਣ ਅਤੇ ਨਾ ਘਬਰਾਉਣ ਦੀ ਅਪੀਲ ਕੀਤੀ ਗਈ।’’
ਜ਼ਮੀਨ ਹੇਠਲੇ ਪਾਣੀ ਦੀ ਚਿੰਤਾਜਨਕ ਸਥਿਤੀ ਬਾਰੇ ਪਾਤੜਾਂ ਦੇ ਰਾਜਿੰਦਰ ਸਿੰਘ ਵੱਲੋਂ ਪੁੱਛੇ ਜਾਣ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਮਸਲੇ ਨੂੰ ਘੋਖਣ ਅਤੇ ਇਸਦੇ ਹੱਲ ਲਈ ਇਕ ਇਜ਼ਰਾਇਲੀ ਕੰਪਨੀ ਨਿਯੁਕਤ ਕੀਤੀ ਗਈ ਹੈ। ਇਸਦੇ ਨਾਲ ਹੀ ਸੁਬੇ ਵੱਲੋਂ ਜਲ ਨੇਮਬੰਦੀ ਅਤੇ ਵਿਕਾਸ ਅਥਾਰਟੀ ਸਥਾਪਤ ਕੀਤੀ ਗਈ ਹੈ ਅਤੇ ਕਿਸਾਨਾਂ ਦੇ ਸਿੱਧੇ ਫਾਇਦੇ ਲਈ ‘ਪਾਣੀ ਬਚਾਓ ਪੈਸਾ ਕਮਾਓ‘ ਯੋਜਨਾ ਸ਼ੁਰੂ ਕੀਤੀ ਗਈ ਸੀ।
ਹੋਰ ਕਿਸਾਨ ਸੁਖਦੇਵ ਸਿੰਘ ਸਿੱਧੂ ਵੱਲੋਂ ਸੋਲਰ ਪਾਵਰ ਪੰਪ ਕੁਨੈਕਸ਼ਨਾਂ ਦੀ ਗਿਣਤੀ ਵਧਾਉਣ ਅਤੇ ਗੁਰਦਾਸ ਪੁਰ ਦੇ ਕਲਾਨੌਰ ਨੂੰ ਸ਼ੁਮਾਰ ਕਰਨ ਲਈ ਕੀਤੀ ਬੇਨਤੀ ਬਾਰੇ ਮੁੱਖ ਮੰਤਰੀ ਸਕੀਮ ਦੇ ਦੂਜੇ ਗੇੜ ਵਿੱਚ ਉਨਾਂ ਦੇ ਇਲਾਕੇ ਸਮੇਤ ਸਾਰੇ ਖੇਤਰਾਂ ਨੂੰ ਸ਼ਾਮਲ ਕੀਤਾ ਜਾਵੇਗਾ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਨਸਾ ਦੀ ਗੁਰਪ੍ਰੀਤ ਕੌਰ,ਜਿਸਨੇ 10 ਸਾਲਾਂ ਦੀ ਉਮਰੇ ਵਿੱਚ ਅੱਤਵਾਦੀ ਹਮਲੇ ਵਿੱਚ ਆਪਣੇ ਪਿਤਾ ਗੁਆਏ ਸਨ, ਨੂੰ ਇਸ ਸਬੰਧੀ ਘੋਖ ਕਰਨ ਦਾ ਭਰੋਸਾ ਦਿੱਤਾ ਕਿ ਨੌਕਰੀ ਸਬੰਧੀ ਨੀਤੀ ਤਹਿਤ ਯੋਗਤਾ ਪੂਰੀ ਕਰਨ ਦੇ ਬਾਵਜੂਦ ਉਸਨੂੰ ਨੌਕਰੀ ਕਿਉ ਨਹੀਂ ਮਿਲ ਸਕੀ।
ਪਿਛਲੀ ਸਰਕਾਰ ਮੌਕੇ ਦਰਜ ਹੋਏ ਝੂਠੇ ਕੇਸਾਂ ਬਾਰੇ ਇਕ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਹਿਤਾਬ ਸਿੰਘ ਕਮਿਸ਼ਨ ਵੱਲੋਂ ਅਜਿਹੇ ਕੇਸਾਂ ਨੂੰ ਵੇਖਿਆ ਜਾ ਰਿਹਾ ਹੈ ਅਤੇ ਜ਼ਰੂਰੀ ਕਾਰਵਾਈ ਕੀਤੀ ਜਾ ਰਹੀ ਹੈ। ਉਨਾਂ ਫਾਜ਼ਿਲਕਾ ਦੇ ਨਰਿੰਦਰ ਕੁਮਾਰ ਭਾਦੂ ਨੂੰ ਆਪਣੇ ਕੇਸ ਦੇ ਵੇਰਵੇ ਭੇਜਣ ਲਈ ਕਿਹਾ, ਜੇਕਰ ਇਹ ਹਾਲੇ ਤੱਕ ਹੱਲ ਨਹੀਂ ਹੋਇਆ। ਫਰੀਦਕੋਟ ਦੇ ਗਗਨਦੀਪ ਸਿੰਘ ਵੱਲੋਂ ਪੁੱਛੇ ਇਕ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਵੱਲੋਂ ਬਰਗਾੜੀ ਮਾਮਲੇ ਬਾਰੇ ਜਾਂਚ ਕੀਤੀ ਜਾ ਰਹੀ ਹੈ ਅਤੇ ਉਨਾਂ ਨੂੰ ਉਮੀਦ ਹੈ ਕਿ ਜਾਂਚ ਜਲਦੀ ਮੁਕੰਮਲ ਹੋ ਜਾਵੇਗੀ। ਉਨਾਂ ਕਿਹਾ, ‘‘ਅਸੀਂ ਮਾਮਲੇ ਦੀ ਤਹਿ ਤੱਕ ਜਾਵਾਂਗੇ ਅਤੇ ਕੋਈ ਵੀ ਦੋਸ਼ੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।’’
ਮੁੱਖ ਮੰਤਰੀ ਨੇ ਕਿਹਾ ਕਿ ਉਹ ਬਰਨਾਲਾ ਦੇ ਮਨਦੀਪ ਸਿੰਘ ਦੁਆਰਾ ਖਨੌਰੀ ਬਾਡਰ ‘ਤੇ ਪੁਲੀਸ ਵੱਲੋਂ ਕੀਤੇ ਜਾ ਰਹੇ ਭਿ੍ਰਸ਼ਟਾਚਾਰ ਬਾਰੇ ਕੀਤੀ ਸ਼ਿਕਾਇਤ ਸਬੰਧੀ ਪੰਜਾਬ ਪੁਲੀਸ ਮੁਖੀ ਨੂੰ ਇਸ ਮਾਮਲੇ ਨੂੰ ਵੇਖਣ ਲਈ ਆਖਣਗੇ। ਮੋਹਾਲੀ ਦੇ ਰੁਪੇਸ਼ ਜਗੋਰੀਆ ਵੱਲੋਂ ਕੀਤੀ ਬੇਨਤੀ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਨੂੰ ਵਾਹਨਾਂ ਦੇ ਈ-ਚਲਾਨ ਲਾਗੂ ਕਰਨ ਸਬੰਧੀ ਸੰਭਾਵਨਾਵਾਂ ਨੂੰ ਤਲਾਸ਼ਣ।
ਮੱਧ ਵਰਗੀ ਪਰਿਵਾਰਾਂ ਨੂੰ ਨੀਲੇ ਕਾਰਡਾਂ ਤਹਿਤ ਕਵਰ ਕੀਤੇ ਜਾਣ ਸਬੰਧੀ ਸੰਗਰੂਰ ਦੇ ਰੁਪਿੰਦਰ ਧੀਮਾਨ ਵੱਲੋਂ ਕੀਤੀ ਬੇਨਤੀ ਸਬੰਧੀ ਮੁੱਖ ਮੰਤਰੀ ਨੇ ਵਾਅਦਾ ਕੀਤਾ ਕਿ ਉਹ ਇਸ ਮਸਲੇ ਨੂੰ ਵੇਖਣਗੇ।
ਮੁੱਖ ਮੰਤਰੀ ਵੱਲੋਂ ਲੁਧਿਆਣਾ ਵਾਸੀ ਪਰਮਜੀਤ ਕੌਰ ਨੂੰ ਦੱਸਿਆ ਗਿਆ ਕਿ ਕੇਂਦਰ ਵੱਲੋਂ ਤੇਲ ਦੀਆਂ ਕੀਮਤਾਂ ਵਿੱਚ ਕੀਤੇ ਭਾਰੀ ਵਾਧੇ ਸਦਕਾ ਪ੍ਰਾਈਵੇਟ ਬੱਸਾਂ ਚਲਾਉਣਾ ਲਾਭਦਾਇਕ ਨਾ ਰਹਿਣ ਕਾਰਨ ਬੱਸਾਂ ਵਿੱਚ ਸਵਾਰੀਆਂ ਦੀ ਗਿਣਤੀ ‘ਤੇ ਬੰਦਿਸ਼ ਹਟਾਉਣ ਦਾ ਸੂਬਾ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਸੀ। ਉਨਾਂ ਕਿਹਾ ਕਿ ਹੁਣ ਬੱਸਾਂ ਸੀਟਾਂ ਦੀ ਪੂਰੀ ਸਮਰੱਥਾ ਅਨੁਸਾਰ ਚਲਾਈਆਂ ਜਾ ਸਕਦੀਆਂ ਹਨ ਪਰ ਯਾਤਰੀਆਂ ਦੁਆਰਾ ਮਾਸਕ ਪਹਿਨੇ ਜਾਣ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ।
ਗੁਰਦਾਸਪੁਰ ਦੇ ਇਕ ਸਕੂਲ ਦੇ ਵਿਦਿਆਰਥੀਆਂ ਦੇ ਇਮਤਿਹਾਨ ਲਏ ਜਾਣ ਬਾਰੇ ਦਰਸਾਉਦੀ ਵਾਇਰਲ ਹੋਈ ਵੀਡੀਓ ਬਾਰੇ ਕੁਲਦੀਪ ਸਿੰਘ ਵੱਲੋਂ ਜਤਾਈ ਚਿੰਤਾ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਮਸਲੇ ਨੂੰ ਵੇਖਣਗੇ ਅਤੇ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਸਕੂਲ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।