ਡੇਂਗੂ ਤੋਂ ਬਚਾਅ ਲਈ ਸਾਰੇ ਇਹਤਿਆਤਾਂ ਦੀ ਪਾਲਣਾ ਕਰਨ ਮੁਲਾਜ਼ਮ: ਡਿਪਟੀ ਕਮਿਸ਼ਨਰ
ਕੂਲਰ, ਫਰਿੱਜਾਂ, ਟੈਂਕੀਆਂ ਚੈੱਕ ਕਰਨ ਦੇ ਨਾਲ ਕੀਤਾ ਗਿਆ ਜਾਗਰੂਕ: ਸਿਵਲ ਸਰਜਨ
ਬਰਸਾਤੀ ਪਾਣੀ ’ਤੇ ਕਰਵਾਇਆ ਗਿਆ ਐਂਟੀ ਲਾਰਵਾ ਦਵਾਈ ਦਾ ਛਿੜਕਾਅ
ਹਰਿੰਦਰ ਨਿੱਕਾ
ਬਰਨਾਲਾ, 20 ਜੁਲਾਈ 2020: ਬਰਸਾਤੀ ਮੌਸਮ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡੇਂਗੂ, ਮਲੇਰੀਆ ਆਦਿ ਮੌਸਮੀ ਬਿਮਾਰੀਆਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਗਈ।
ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਰੇ ਦਫਤਰਾਂ ’ਚ ਕੂਲਰ, ਫਰਿੱਜਾਂ ਆਦਿ ਚੈੱਕ ਕੀਤੇ ਗਏ ਤਾਂ ਜੋ ਕਿਤੇ ਵੀ ਕਈ ਦਿਨ ਪਹਿਲਾਂ ਦਾ ਪਾਣੀ ਖੜ੍ਹਾ ਨਾ ਹੋਵੇ। ਇਸ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਦਰ ਐਂਟੀ ਲਾਰਵਾ ਛਿੜਕਾਅ ਕੀਤਾ ਗਿਆ। ਇਸ ਤੋਂ ਇਲਾਵਾ ਕੰਪਲੈਕਸ ਅੰਦਰ ਸਥਿਤ ਦੁਕਾਨਾਂ ਤੋਂ ਇਲਾਵਾ ਸਰਕਾਰ ਰਿਹਾਇਸ਼ਾਂ ਵਿਚ ਵੀ ਡੇਂਗੂ ਲਾਰਵਾ ਚੈੱਕ ਕੀਤਾ ਗਿਆ।
ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਦੇ ਆਦੇਸ਼ਾਂ ’ਤੇ ਡੇਂਗੂ, ਮਲੇਰੀਆ ਆਦਿ ਤੋਂ ਬਚਾਅ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੇ ਸਰਕਾਰ ਰਿਹਾਇਸ਼ਾਂ ’ਚ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ, ਜਿਸ ਦੌਰਾਨ ਸਾਰੇ ਚੈੱਕ ਕੀਤਾ ਗਿਆ ਕਿ ਕਿਤੇ ਵੀ ਪਾਣੀ ਖੜ੍ਹਾ ਨਾ ਹੋਵੇ। ਇਸ ਤੋਂ ਇਲਾਵਾ ਕੰਪਲੈਕਸ ਅੰਦਰ ਐਂਟੀ ਲਾਰਵਾ ਛਿੜਕਾਅ ਵੀ ਕੀਤਾ ਗਿਆ ਅਤੇ ਸਾਰੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਡੇਂਗੂ, ਮਲੇਰੀਆ ਆਦਿ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਦੌਰਾਨ ਦੋ-ਤਿੰਨ ਥਾਵਾਂ ’ਤੇ ਲਾਰਵਾ ਪਾਇਆ ਗਿਆ, ਜਿਸ ਨੂੰ ਮੌਕੇ ’ਤੇ ਨਸ਼ਟ ਕਰ ਦਿੱਤਾ ਗਿਆ ਅਤੇ ਅਗਲੀ ਕਾਰਵਾਈ ਆਰੰਭੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਕਰੀਬ ਡੇਢ ਮਹੀਨੇ ਤੋਂ ਡੇਂਗੂ, ਮਲੇਰੀਆ ਆਦਿ ਵਿਰੁੱਧ ਮੁਹਿੰਮ ਵਿੱਢੀ ਹੋਈ ਹੈ। ਇਸ ਦੌਰਾਨ ਬੱਸ ਸਟੈਂਡ, ਰੇਲਵੇ ਸਟੇਸ਼ਨ, ਟਾਇਰਾਂ ਨੂੰ ਪੈਂਚਰ ਲਾਉਣ ਵਾਲੀਆਂ ਦੁਕਾਨਾਂ, ਪੀਆਰਟੀਸੀ ਡਿਪੂ ਆਦਿ ਵਿਚ ਟੀਮ ਭੇਜ ਕੇ ਮੁਹਿੰਮ ਚਲਾਈ ਗਈ। ਇਸ ਤੋਂ ਇਲਾਵਾ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਮਨਾਇਆ ਜਾਂਦਾ ਹੈ। ਇਸ ਮੌਕੇ ਜ਼ਿਲ੍ਹਾ ਐਪਡੀਮੋਲੋਜਿਸਟ ਡਾ. ਮੁਨੀਸ਼ ਅਤੇ ਡਾ. ਅਰਮਾਨ ਤੇ ਡਿਪਟੀ ਮਾਸ ਮੀਡੀਆ ਅਫਸਰ ਕੁਲਦੀਪ ਸਿੰਘ ਹਾਜ਼ਰ ਸਨ।
ਡੇਂਗੂ ਤੋਂ ਬਚਾਅ ਦੇ ਤਰੀਕੇ
ਸਿਵਲ ਸਰਜਨ ਨੇ ਦੱਸਿਆ ਕਿ ਕੂਲਰਾਂ ਅਤੇ ਗਮਲਿਆਂ ਦੀ ਟਰੇਆਂ ਵਿਚ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਕੱਪਰੇ ਅਜਿਹੇ ਪਾਓ, ਜਿਸ ਨਾਲ ਪੂਰਾ ਸਰੀਰ ਢਕਿਆ ਜਾਵੇ ਤਾਂ ਜੋ ਮੱਛਰ ਨਾ ਕੱਟੇ। ਸੌਣ ਵੇਲੇ ਮੱਛਰਦਾਨੀ ਆਦਿ ਦੀ ਵਰਤੋਂ ਕਰੋ। ਬੁਖਾਰ ਹੋਣ ’ਤੇ ਐਸਪਰੀਨ ਜਾਂ ਬਰੂਫਿਨ ਨਾ ਲਵੋ, ਬੁਖਾਰ ਹੋਣ ’ਤੇ ਸਿਰਫ ਪੈਰਾਸੀਟਾਮੋਲ ਡਾਕਟਰ ਦੀ ਸਲਾਹ ਨਾਲ ਹੀ ਲਵੋ। ਛੱਤਾਂ ’ਤੇ ਟੈਂਕੀਆਂ ਦੇ ਢੱਕਣ ਚੰਗੀ ਤਰ੍ਹਾਂ ਬੰਦ ਰੱਖੋ। ਟੁੱਟੇ ਬਰਤਨਾਂ, ਡਰੰਮਾਂ ਤੇ ਟਾਇਰਾਂ ਆਦਿ ਵਿਚ ਪਾਣੀ ਨਾ ਖੜ੍ਹਾ ਹੋਣ ਦਿਓ। ਉਨ੍ਹਾਂ ਦੱਸਿਆ ਕਿ ਡੇਂਗੂ ਦਾ ਮੱਛਰ ਹਫਤੇ ਵਿਚ ਅੰਡੇ ਤੋਂ ਪੂਰਾ ਮੱਛਰ ਬਣਦਾ ਹੈ, ਇਸ ਲਈ ਕੂਲਰਾਂ, ਗਮਲਿਆਂ, ਫਰਿੱਜਾਂ ਦੀਆਂ ਟਰੇਆਂ ਆਦਿ ਭਾਂਡਿਆਂ ਨੂੰ ਹਰ ਸ਼ੁੱਕਰਵਾਰ ਡਰਾਈ ਡੇਅ ਮਨਾਉਂਦੇ ਹੋਏ ਸੁੱਕਾ ਰੱਖਿਆ ਜਾਵੇ।
ਵਧੇਰੇ ਜਾਣਕਾਰੀ ਲਈ ਟੌਲ ਫ੍ਰੀ ਨੰਬਰ 104
ਇਸ ਤੋਂ ਇਲਾਵਾ ਬਰਸਾਤੀ ਬਿਮਾਰੀਆਂ ਤੋਂ ਬਚਾਅ ਲਈ ਆਪਣੇ ਮੋਬਾਈਲ ’ਤੇ ਡੇਂਗੂ ਫ੍ਰੀ ਪੰਜਾਬ ਐਪਲੀਕੇਸ਼ਨ ਡਾਊਨਲੋਡ ਕੀਤੀ ਜਾਵੇ। ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਣ ’ਤੇ ਨੇੜੇ ਦੇ ਸਿਹਤ ਕੇਂਦਰ ’ਚ ਸੰਪਰਕ ਕੀਤਾ ਜਾਵੇ ਜਾਂ ਟੌਲ ਫ੍ਰੀ ਨੰਬਰ 104 ਡਾਇਲ ਕੀਤਾ ਜਾਵੇ।