ਅਸ਼ੋਕ ਵਰਮਾ
ਮਾਨਸਾ, 27 ਜੁਲਾਈ 2020: ਮਾਨਸਾ ਸ਼ਹਿਰ ਦੇ ਵਾਟਰ ਵਰਕਸ ਵਿੱਚ ਬਣੇ ਅਤੀ ਸੁੰਦਰ ਸੈਂਟਰਲ ਪਾਰਕ ਦੀ ਚਾਰ ਦਿਵਾਰੀ ਪਹਿਲੇ ਮੀਂਹ ਨਾਲ ਹੀ 4 ਥਾਵਾਂ ਤੋਂ ਢਹਿ ਗਈ ਹੈ। ਇਸ ਚਾਰਦਿਵਾਰੀ ਨੂੰ ਬਣਿਆਂ ਆਜੇ ਛੇ ਮਹੀਨੇ ਵੀ ਨਹੀਂ ਹੋਏ ਸਨ। ਸੈਂਟਰਲ ਪਾਰਕ ਸੁਧਾਰ ਕਮੇਟੀ ਦੇ ਮੈਂਬਰਾਂ ਨੇ ਇਸ ਪਾਰਕ ਦਾ ਦੌਰਾ ਕਰਕੇ ਜਿੰਨਾਂ ਥਾਵਾਂ ’ਤੇ ਚਾਰ ਦਿਵਾਰੀ ਡਿੱਗੀ ਹੈ ਉਸ ਦਾ ਜਾਇਜਾ ਲਿਆ ਅਤੇ ਦੇਖਿਆ ਕਿ ਕੁੱਝ ਦਰਖਤ ਡਿੱਗਣ ਨਾਲ ਪਾਰਕ ਦੇ ਕਈ ਹਿੱਸਿਆਂ ਨੂੰ ਨੁਕਸਾਨ ਪਹੁੰਚਿਆ ਹੈ। ਇਲਾਵਾ ਪਾਰਕ ਵਿੱਚ ਵੱਡੇ ਪੱਧਰ ’ਤੇ ਜੰਗਲੀ ਘਾਹ ਅਤੇ ਜੜੀਆਂ ਬੂਟੀਆਂ ਉੱਗੀਆਂ ਹੋਈਆਂ ਹਨ। ਮੈਂਬਰਾਂ ਦਾ ਕਹਿਣਾ ਹੈ ਕਿ ਇਸ ਜੰਗਲੀ ਘਾਹ ਵਿੱਚ ਕੋਈ ਵੀ ਜ਼ਹਿਰੀਲਾ ਜਾਨਵਰ ਛੁਪਕੇ ਸੈਰ ਕਰਨ ਵਾਲਿਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਬਾਰੇ ਕਮੇਟੀ ਮੈਂਬਰਾਂ ਨੂੰ ਸੈਰ ਕਰਦੇ ਬੱਚਿਆਂ ਨੇ ਜਾਣਕਾਰੀ ਦਿੱਤੀ। ਪਾਰਕ ਵਿੱਚ ਕਈ ਥਾਵਾਂ ਤੇ ਬਿਨਾਂ ਕਿਸੇ ਸਰਕਾਰੀ ਮਨਜ਼ੂਰੀ ਤੋਂ ਪਾਰਕ ਦੀ ਚਾਰ ਦਿਵਾਰੀ ਤੋੜ ਕੇ ਗੈਰਕਾਨੂੰਨੀ ਗੇਟ ਲਾ ਕੇ ਲਾਂਘੇ ਬਣਾਏ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਲਾਭ ਸਿੰਘ ਮਾਹਲ ਐਡਵੋਕੇਟ ਮੈਂਬਰ ਸੈਂਟਰਲ ਪਾਰਕ ਕਮੇਟੀ ਨੇ ਦੱਸਿਆ ਕਿ ਸਾਰੇ ਮਸਲੇ ਨੂੰ ਲਿਖਤੀ ਰੂਪ ’ਚ ਡਿਪਟੀ ਕਮਿਸ਼ਨਰ ਮਾਨਸਾ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ। ਉਨਾਂ ਆਖਿਆ ਕਿ ਪਾਰਕ ਦੀ ਨਵੀਂ ਬਣੀ ਚਾਰਦਿਵਾਰੀ ਦਾ ਇਸ ਤਰਾਂ ਟੁੱਟ ਜਾਣਾ ਕਿਤੇ ਨਾ ਕਿਤੇ ਕਥਿਤ ਘਟੀਆ ਮੈਟੀਰੀਅਲ ਵਰਤੇ ਜਾਣ ਦਾ ਇਸ਼ਾਰਾ ਕਰਦਾ ਹੈ। ਉਨਾਂ ਆਖਿਆ ਚਾਰਦਿਵਾਰੀ ਟੁੱਟਣ ਨਾਲ ਇੱਥੇ ਚ ਆਉਣ ਵਾਲੇ ਬੱਚੇ ਅਤੇ ਔਰਤਾਂ ਅਸੁਰੱਖਿਅਤ ਮਹਿਸੂਸ ਕਰਦੇ ਹਨ ਕਿਉਂਕਿ ਪਾਰਕ ਵਿੱਚ ਆਕੇ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ। ਉਨਾਂ ਆਖਿਆ ਕਿ ਆਵਾਰਾ ਪਸ਼ੂ ਵੀ ਟੁੱਟੀ ਚਾਰਦਿਵਾਰੀ ਦੇ ਰਸਤੇ ਰਾਹੀਂ ਪਾਰਕ ਵਿੱਚ ਵੜ ਕੇ ਨੁਕਸਾਨ ਪਹੁੰਚਾ ਸਕਦੇ ਹਨ। ਉਨਾਂ ਪਾਰਕ ਦੀ ਚਾਰ ਦਿਵਾਰੀ ਨੂੰ ਸਰਕਾਰ ਜਲਦੀ ਤੋਂ ਜਲਦੀ ਬਨਾਉਣ ਦੀ ਮੰਗ ਵੀ ਕੀਤੀ ਹੈ। ਇਸ ਸਮੇਂ ਸੈਂਟਰਲ ਪਾਰਕ ਕਮੇਟੀ ਦੇ ਮੈਂਬਰ ਡਾ. ਧੰਨਾ ਮੱਲ ਗੋਇਲ ਪ੍ਰਧਾਨ ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ, ਅਜੈ ਪਾਲ ਨੱਤ, ਆਰਿਸ਼ ਗਰਗ, ਅਤੇ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।