-ਸਿਹਤ ਵਿਭਾਗ ਦੀ ਲਾਪਰਵਾਹੀ- ਗੰਨਮੈਨ ਦੀ ਰਿਪੋਰਟ ਕੋਰੋਨਾ ਪੌਜੇਟਿਵ ਆਉਣ ਤੋਂ ਬਾਅਦ ਵੀ ਦਫਤਰ ਨਹੀਂ ਕੀਤਾ ਸੀਲ
ਹਰਿੰਦਰ ਨਿੱਕਾ
ਬਰਨਾਲਾ 20 ਜੁਲਾਈ 2020: ਸਬ ਡਿਵੀਜਨਲ ਡੀਐਸਪੀ ਲਖਵੀਰ ਸਿੰਘ ਟਿਵਾਣਾ ਦੇ ਗੰਨਮੈਨ ਨੂੰ ਵੀ ਕੋਰੋਨਾ ਚਿੰਬੜ ਗਿਆ ਹੈ। ਉਸ ਦੀ ਰਿਪੋਰਟ ਪੌਜੇਟਿਵ ਆਉਣ ਤੋਂ ਬਾਅਦ ਖੁਦ ਡੀਐਸਪੀ ਤੇ ਉਸਦੇ ਹੋਰ ਸਟਾਫ ਦੇ ਕਰਮਚਾਰੀਆਂ ਦੇ ਵੀ ਜਾਂਚ ਲਈ ਸੈਂਪਲ ਲੈ ਲਏ ਗਏ। ਡੀਐਸਪੀ ਸਣੇ ਸਾਰਿਆਂ ਨੂੰ ਕੋਆਰੰਟੀਨ ਵੀ ਕਰ ਦਿੱਤਾ ਗਿਆ। ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਲਾਪਰਵਾਹੀ ਦੇਖੋ ਕਿ ਡੀਐਸਪੀ ਦੇ ਗੰਨਮੈਨ ਦੇ ਸੈਂਪਲ ਜਾਂਚ ਲਈ ਭੇਜੇ ਜਾਣ ਤੋਂ ਬਾਅਦ ਵੀ ਉਸਨੂੰ ਸ਼ੱਕੀ ਮਰੀਜ਼ ਦੇ ਤੌਰ ਦੇ ਕੋਆਰੰਟਾਈਨ ਨਹੀਂ ਕੀਤਾ ਗਿਆ ਸੀ। ਦੁਪਹਿਰ ਦੇ ਸਮੇਂ ਜਦੋਂ ਗੰਨਮੈਨ ਦੀ ਰਿਪੋਰਟ ਪੌਜੇਟਿਵ ਆਉਣ ਦਾ ਪਤਾ ਲੱਗਿਆ, ਤਾਂ ਉਹ ਡਿਊਟੀ ਤੇ ਹੀ ਦਫਤਰ ਚ, ਤਾਇਨਾਤ ਸੀ। ਹੈਰਾਨੀ ਦੀ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਬੇਸ਼ੱਕ ਸਿਹਤ ਵਿਭਾਗ ਦੀ ਟੀਮ ਤੁਰੰਤ ਹੀ ਡੀਐਸਪੀ ਦੇ ਸੈਂਪਲ ਲੈਣ ਪਹੁੰਚ ਗਈ। ਪਰੰਤੂ ਡੀਐਸਪੀ ਦਫਤਰ ਨੂੰ ਇਹਤਿਆਤੀ ਤੌਰ ਤੇ ਸੀਲ ਨਹੀਂ ਕੀਤਾ ਗਿਆ। ਜਿਸ ਤਰਾਂ ਜਿਲ੍ਹੇ ਦੇ ਐਸਐਸਪੀ ਸੰਦੀਪ ਗੋਇਲ,ਐਸਪੀ ਸੁਖਦੇਵ ਸਿੰਘ ਵਿਰਕ ਆਦਿ ਅਧਿਕਾਰੀਆਂ ਨੂੰ ਕੋਆਰੰਟੀਨ ਕਰਨ ਤੋਂ ਬਾਅਦ ਉਨਾਂ ਦੇ ਦਫਤਰ ਸੀਲ ਕਰ ਦਿੱਤੇ ਗਏ ਸਨ। ਤਾਂਕਿ ਕੋਈ ਹੋਰ ਵਿਅਕਤੀ ਕਿਸੇ ਤਰਾਂ ਕੋਰੋਨਾ ਦਾ ਸ਼ਿਕਾਰ ਨਾ ਹੋ ਜਾਵੇ। ਜਿਲ੍ਹੇ ਦੇ ਸਿਵਲ ਸਰਜ਼ਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਡੀਐਸਪੀ ਟਿਵਾਣਾ ਦੇ ਗੰਨਮੈਨ ਤੋਂ ਇਲਾਵਾ ਜਿਲ੍ਹੇ ਦੇ 2 ਹੋਰ ਨਾਗਰਿਕਾਂ ਦੀ ਰਿਪੋਰਟ ਵੀ ਪੌਜੇਟਿਵ ਆਈ ਹੈ। ਉਨਾਂ ਡੀਐਸਪੀ ਦਫਤਰ ਚ, ਆਉਣ ਜਾਣ ਜਾਰੀ ਰਹਿਣ ਸਬੰਧੀ ਪੁੱਛਣ ਤੇ ਕਿਹਾ ਕਿ ਉਹ ਸਿਹਤ ਵਿਭਾਗ ਦੇ ਸਬੰਧਿਤ ਕਰਮਚਾਰੀਆਂ ਤੋਂ ਇਸ ਬਾਰੇ ਜਾਣਕਾਰੀ ਹਾਸਿਲ ਕਰਕੇ ਹੀ ਕੁੱਝ ਕਹਿਣ ਦੇ ਸਮਰੱਥ ਹੋਣਗੇ। ਉਨਾਂ ਕਿਹਾ ਕਿ ਡੀਐਸਪੀ ਅਤੇ ਉਸਦੇ ਕੋਰੋਨਾ ਪੌਜੇਟਿਵ ਦੇ ਸੰਪਰਕ ਚ, ਆਉਣ ਵਾਲਿਆਂ ਦੀ ਸੂਚੀ ਬਣਾਈ ਜਾ ਰਹੀ ਹੈ। ਜਿਨ੍ਹਾਂ ਦੇ ਸੈਂਪਲ ਲੈ ਕੇ ਉਨਾਂ ਨੂੰ ਕੋਆਰੰਟੀਨ ਕੀਤਾ ਜਾਵੇਗਾ।