ਮਿਡ ਡੇ ਮੀਲ ਵਰਕਰਜ਼ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪ੍ਰਧਾਨ ਰਿੰਪੀ ਰਾਣੀ ਜ਼ਿਲ੍ਹਾ ਸਕੱਤਰ ਸੁਨੀਤਾ ਰਾਣੀ, ਮਨਜੀਤ ਕੌਰ, ਲਛਮੀ ਦੇਵੀ, ਪਰਮਜੀਤ ਕੌਰ ਮੁਕੰਦਪੁਰ, ਸਰਬਜੀਤ ਕੌਰ, ਕਮਲਜੀਤ ਕੌਰ, ਦਲਜੀਤ ਕੌਰ, ਅੰਜੂ ਬਾਲਾ, ਸੀਮਾ ਰਾਣੀ, ਕੁਲਵਿੰਦਰ ਕੌਰ, ਸੁਖਵਿੰਦਰ ਕੌਰ ਅਤੇ ਊਸ਼ਾ ਰਾਣੀ ਨੇ ਸਾਂਝੇ ਬਿਆਨ ਰਾਹੀਂ ਪੰਜਾਬ ਸਰਕਾਰ ਵੱਲੋਂ ਮਿੱਡ ਡੇ ਮੀਲ ਵਰਕਰਾਂ ਨੂੰ ਬਹੁਤ ਹੀ ਨਿਗੂਣਾ ਮਿਲਦਾ ਮਾਣ ਭੱਤਾ ਵੀ ਅਪਰੈਲ ਤੋਂ ਨਾ ਦੇਣ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਦੌਰਾਨ ਸਭ ਕੰਮਕਾਰ ਠੱਪ ਹੋਣਕਾਰਨ ਵਰਕਰਾਂ ਦੇ ਘਰਾਂ ਦੇ ਚੁੱਲ੍ਹੇ ਠੰਢੇ ਹੋ ਗਏ ਹਨ। ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਸੱਤ ਜਨਵਰੀ ਨੂੰ ਮਿਡ ਡੇ ਮੀਲ ਵਰਕਰਜ਼ ਯੂਨੀਅਨ ਪੰਜਾਬ ਨਾਲ ਹੋਈ ਮੀਟਿੰਗ ਵਿੱਚ ਵਾਅਦਾ ਕੀਤਾ ਸੀ ਕਿ ਅਪ੍ਰੈਲ ਤੋਂ ਮਿਡ ਡੇ ਮੀਲ ਵਰਕਰਾਂ ਨੂੰ ਹਰ ਹਾਲ ਤਿੰਨ ਹਜ਼ਾਰ ਰੁਪਏ ਮਹੀਨਾ ਮਿਹਨਤਾਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਸੀ ਕਿ ਮੁੱਖ ਮੰਤਰੀ ਸਾਹਿਬ ਦੀ ਮਨਜ਼ੂਰੀ ਤੋਂ ਬਾਅਦ ਫਾਈਲ ਵਿੱਤ ਵਿਭਾਗ ਪੰਜਾਬ ਨੂੰ ਭੇਜੀ ਹੋਈ ਹੈ।
ਉਨ੍ਹਾਂ ਦੱਸਿਆ ਕਿ ਜੋ ਪਹਿਲਾਂ 1700 ਰੁਪਏ ਮਹੀਨਾ ਮਿਲਦਾ ਸੀ ਉਹ ਵੀ ਅਪ੍ਰੈਲ ਤੋਂ ਨਹੀਂ ਦਿੱਤਾ ਗਿਆ। ਜੋ ਸਾਲ ਵਿੱਚ ਸਿਰਫ 10 ਮਹੀਨੇ ਹੀ ਮਿਲਦਾ ਸੀ। ਇਸ ਤੋਂ ਪਹਿਲਾਂ ਵੀ ਸਿੱਖਿਆ ਮੰਤਰੀ ਵੱਲੋਂ ਗਿਆਰਾਂ ਅਕਤੂਬਰ ਨੂੰ ਜਥੇਬੰਦੀ ਨਾਲ ਕੀਤੀ ਮੀਟਿੰਗ ਵਿੱਚ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਸੀ, ਪਰ ਹਾਲੇ ਤੱਕ ਕਿਸੇ ਵੀ ਮੰਗ ਦਾ ਹੱਲ ਨਹੀਂ ਕੀਤਾ ਗਿਆ।
ਉਨ੍ਹਾਂ ਮੰਗਾਂ ਸਬੰਧੀ ਅੱਗੇ ਕਿਹਾ ਕਿ ਮਿਡ ਡੇ ਮੀਲ ਵਰਕਰਾਂ ਨੂੰ ਸਕਿਲਡ ਵਰਕਰ ਮੰਨਦੇ ਹੋਏ ਘੱਟੋ ਘੱਟੋ ਉਜ਼ਰਤ ਦੇ ਘੇਰੇ ਵਿੱਚ ਲਿਆਉਣ ਉਦੋਂ ਤੱਕ ਹਰਿਆਣਾ ਵਾਂਗ 3500 ਰੁਪਏ ਪ੍ਰਤੀ ਮਹੀਨਾ ਸਾਲ ਦੇ ਬਾਰਾਂ ਮਹੀਨੇ ਮਾਣ ਭੱਤਾ ਦੇਣ, ਪੰਜਾਬ ਸਰਕਾਰ ਦੀਆਂ ਬਾਕੀ ਮਹਿਲਾ ਮੁਲਾਜ਼ਮਾਂ ਵਾਂਗ 20 ਅਚਨਚੇਤ ਛੁੱਟੀਆਂ ਸਮੇਤ ਮੈਡੀਕਲ, ਪ੍ਰਸੂਤਾ ਅਤੇ ਕਮਾਈ ਛੁੱਟੀਆਂ ਦੇਣ, ਹਰੇਕ ਵਰਕਰ ਦਾ ਪੰਜ ਲੱਖ ਦਾ ਮੁਫਤ ਬੀਮਾ ਕਰਨ, ਅਤੇ ਗਰਮੀਆਂ ਅਤੇ ਸਰਦੀਆਂ ਲਈ ਵਰਦੀ ਦੇਣ, ਹਰੇਕ ਸਕੂਲ ਵਿਚ ਘੱਟੋ ਘੱਟ ਦੋ ਵਰਕਰਾਂ ਰੱਖਣ ਅਤੇ ਹਰੇਕ ਪੱਚੀ ਬੱਚਿਆਂ ਪਿੱਛੇ ਇੱਕ ਹੋਰ ਵਰਕਰ ਰੱਖਣ, ਬਿਨਾਂ ਕਾਰਨ ਹਟਾਈਆਂ ਵਰਕਰਾਂ ਨੂੰ ਬਹਾਲ ਕਰਨ, ਸੇਵਾ ਪੱਤਰੀਆਂ ਲਗਾ ਕੇ ਸੀਪੀਐੱਫ ਕੱਟਣ, ਮਿਡ-ਡੇ-ਮੀਲ ਦੇ ਕੰਮ ਤੋਂ ਬਿਨਾਂ, ਜ਼ਬਰਦਸਤੀ ਹੋਰ ਕੋਈ ਵੀ ਕੰਮ ਨਾ ਲੈਣ, ਬੱਚੇ ਘੱਟਣ ਕਾਰਨ ਛਾਂਟੀ ਨਾ ਕਰਨ, ਚੋਣਾਂ ਦੌਰਾਨ ਖਾਣਾ ਬਣਾਉਣ ਲਈ ਲਗਾਈ ਡਿਊਟੀ ਦਾ ਮਿਹਨਤਾਨਾ ਉਸੇ ਦਿਨ ਦੇਣ, ਗੈਸ ਸਿਲੰਡਰ ਸਕੂਲਾਂ ਵਿੱਚ ਭੇਜਣ, ਸਾਰੇ ਸਕੂਲਾਂ ਵਿਚ ਚੌਕੀਦਾਰਾਂ ਦਾ ਪ੍ਰਬੰਧ ਕਰਨ ਆਦਿ ਮੰਗਾਂ ਨੂੰ ਮਨਵਾਉਣ ਲਈ ਤਿੱਖੇ ਸੰਘਰਸ਼ ਕੀਤੇ ਜਾਣਗੇ।