ਬੇਅਦਬੀ ਮਾਮਲੇ ’ਤੇ ਸਿਆਸਤ ਕਰਨ ਦੀ ਥਾਂ ਮੁੱਖ ਮੰਤਰੀ ਯੂਥ ਕਾਂਗਰਸ ਨੂੰ ਦੱਸਣ ਕਿ ਕਿੰਨੇ ਨੌਜਵਾਨਾਂ ਨੂੰ ਨੌਕਰੀ ਦਿੱਤੀ : ਡਾ. ਚੀਮਾ
ਚੰਡੀਗੜ੍ਹ, 29 ਜੁਲਾਈ 2020: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਯੂਥ ਕਾਂਗਰਸ ਨੂੰ ਬਰਗਾੜੀ ਕੇਸ ਦੀ ਜਾਣਕਾਰੀ ਦੇਣ ਵਾਸਤੇ ਅਫਸਰ ਦੀ ਡਿਊਟੀ ਲਾਉਣ ਦਾ ਫੈਸਲਾ ਕੀਤਾ ਹੈ ਤੇ ਪਾਰਟੀ ਨੇ ਉਹਨਾਂ ਨੂੰ ਸਵਾਲ ਕੀਤਾ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਇਹ ਹਦਾਇਤ ਉਹਨਾਂ ਨੇ ਇਸ ਕਰ ਕੇ ਦਿੱਤੀ ਹੈ ਕਿ ਇਸਨੂੰ ਇਕ ਸਿਆਸੀ ਮਾਮਲਾ ਬਣਾਈ ਰੱਖਿਆ ਜਾਵੇ ਤੇ ਕਾਂਗਰਸ ਪਾਰਟੀ ਇਸ ’ਤੇ ਰਾਜਨੀਤੀ ਕਰਦੀ ਰਹੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬਰਗਾੜੀ ਬੇਅਦਬੀ ਕੇਸ ਇਕ ਗੰਭੀਰ ਕੇਸ ਹੈ ਜਿਸ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਜੁੜੀਆਂ ਹਨ ਤੇ ਮੁੱਖ ਮੰਤਰੀ ਨੂੰ ਇਸ ਮਾਮਲੇ ਦੀ ਜਾਂਚ ਦੀ ਜਾਣਕਾਰੀ ਯੂਥ ਕਾਂਗਰਸ ਨੂੰ ਦੇਣ ਵਾਸਤੇ ਅਫਸਰਾਂ ਦੀ ਤਾਇਨਾਤੀ ਕਰਨ ਦੀ ਜਾਣਕਾਰੀ ਦਿੰਦਾ ਸਰਕਾਰੀ ਪ੍ਰੈਸ ਬਿਆਨ ਜਾਰੀ ਕਰ ਕੇ ਇਸਦਾ ਸਿਆਸੀਕਰਨ ਨਹੀਂ ਕਰਨਾ ਚਾਹੀਦਾ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਡੇਰਾ ਸਮਰਥਕ ਵੀਰਪਾਲ ਕੌਰ ਜਿਸਨੇ ਗੁਰੂ ਸਾਹਿਬਾਨ ਦੀ ਬੇਅਦਬੀ ਕੀਤੀ ਦੀ ਹਮਾਇਤ ਕਰਨੀ ਛੱਡ ਦਿੱਤੀ ਹੈ ਤੇ ਹੁਣ ਇਹ ਡਿਊਟੀ ਪੰਜਾਬ ਯੂਥ ਕਾਂਗਰਸ ਨੂੰ ਸੌਂਪੀ ਗਈ ਹੈ। ਇਸ ਤੋਂ ਪਤਾ ਲੱਗਾ ਹੈ ਕਿ ਬਰਗਾੜੀ ਬੇਅਦਬੀ ਮਾਮਲੇ ’ਤੇ ਸਿਆਸਤ ਖੇਡਣ ਦੀ ਡੂੰਘੀ ਸਾਜ਼ਿਸ਼ ਰਚੀ ਗਈ ਹੈ।
ਮੁੱਖ ਮੰਤਰੀ ਨੂੰ ਇਸ ਮਾਮਲੇ ’ਤੇ ਰਾਜਨੀਤੀ ਨਾ ਕਰਨ ਦੀ ਸਲਾਹ ਦਿੰਦਿਆਂ ਡਾ. ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਸਵਾਲ ਵੀ ਕੀਤਾ ਕਿ ਉਹ ਕਿਸ ਸਮਰਥਾ ਵਿਚ ਅਫਸਰਾਂ ਨੂੰ ਯੂਥ ਕਾਂਗਰਸ ਨੂੰ ਰਿਪੋਰਟ ਕਰਨ ਵਾਸਤੇ ਕਹਿ ਰਹੇ ਹਨ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਨੇ ਕਹਿ ਰਹੇ ਹਨ ਕਿ ਸੀ ਬੀ ਆਈ ਕੇਸ ਦੀਆਂ ਫਾਈਲਾਂ ਨਹੀਂ ਮੋੜ ਰਹੀ ਤੇ ਬੇਅਦਬੀ ਕੇਸ ਦੀ ਜਾਂਚ ਹਾਲੇ ਬਾਕੀ ਹੈ। ਉਹਨਾਂ ਕਿਹਾ ਕਿ ਜੇਕਰ ਇਹ ਸੱਚਾਈ ਹੈ ਤਾਂ ਫਿਰ ਮੁੱਖ ਮੰਤਰੀ ਬੇਅਦਬੀ ਕੇਸਾਂ ਨੂੰ ਹੱਲ ਕਰਨ ਦਾ ਡਰਾਮਾ ਕਿਉਂ ਕਰ ਰਹੇ ਹਨ ਤੇ ਜਿਹਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ, ਉਹਨਾਂ ਨੂੰ ਇਕ ਹਫਤੇ ਦੇ ਅੰਦਰ ਅੰਦਰ ਹੀ ਜ਼ਮਾਨਤ ਮਿਲ ਗਈ। ਉਹਨਾਂ ਕਿਹਾ ਕਿ ਇਸ ਤੋਂ ਡੇਰੇ ਅਤੇ ਕਾਂਗਰਸ ਸਰਕਾਰ ਵਿਚਾਲੇ ਗੰਢਤੁਪ ਦਾ ਪਤਾ ਚਲਦਾ ਹੈ ਜਿਸਦੇ ਕਾਰਨ ਹੀ ਸਰਕਾਰ ਨੇ ਡੇਰਾ ਹਮਾਇਤੀਆਂ ਦੀ ਜ਼ਮਾਨਤ ਲੈਣ ਵਿਚ ਮਦਦ ਕੀਤੀ।
ਡਾ. ਚੀਮਾ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਯੂਥ ਕਾਂਗਰਸ ਨਾਲ ਇਕ ਮੀਟਿੰਗ ਕਰ ਕੇ ਜਥੇਬੰਦੀ ਨੂੰ ਦੱਸਣ ਕਿ ਉਹ ਆਪਣੇ ਘਰ ਘਰ ਨੌਕਰੀ ਦੇ ਵਾਅਦੇ ਅਨੁਸਾਰ 50 ਲੱਖ ਨੌਕਰੀਆਂ ਦੇਣ ਵਿਚ ਫੇਲ੍ਹ ਕਿਉਂ ਹੋਏ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਇਹ ਵੀ ਦੱਸਣ ਕਿ ਆਪਣੀ ਗੱਡੀ ਆਪਣਾ ਰੋਜ਼ਗਾਰ ਤੇ ਯਾਰੀ ਐਂਟਰਪ੍ਰਾਇਜ਼ਿਜ਼ ਸਕੀਮ ਤਹਿਤ ਕਿੰਨੀਆਂ ਟੈਕਸੀਆਂ ਤੇ ਕਮਰਸ਼ੀਅਲ ਵਾਹਨ ਅਤੇ ਟਰੈਕਟਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਇਹ ਵੀ ਦੱਸਣ ਕਿ ਕੀ ਇਕ ਵੀ ਨੌਜਵਾਨ ਨੂੰ ਵਾਅਦੇ ਮੁਤਾਬਕ 2500 ਰੁਪਏ ਮਹੀਨਾ ਬੇਰੋਜ਼ਗਾਰੀ ਭੱਤਾ ਦਿੱਤਾ ਗਿਆ ਹੈ।