ਐਸ ਏ ਐਸ ਨਗਰ, 21 ਜੁਲਾਈ 2020: ਕੋਵਿਡ-19 ਮਹਾਂਮਾਰੀ ਦੇ ਕਾਰਨ ਪੈਦਾ ਹੋਏ ਗੰਭੀਰ ਹਾਲਤਾਂ ਦੇ ਕਾਰਨ, ਬਹੁਤ ਸਾਰੇ ਛੋਟੇ ਅਤੇ ਦਰਮਿਆਨੇ ਉਦਮੀਆਂ ਨੂੰ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ; ਇਸ ਲਈ ਆਪਣਾ ਕਾਰੋਬਾਰ ਦੁਬਾਰਾ ਸ਼ੁਰੂ ਕਰਨ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਮੁਹੱਈਆ ਕਰਾਉਣ ਲਈ, ਬੈਂਕਾਂ ਨੂੰ ਵੱਡੀ ਭੂਮਿਕਾ ਨਿਭਾਉਣੀ ਪਵੇਗੀ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਸ੍ਰੀਮਤੀ ਅਸ਼ਿਕਾ ਜੈਨ ਨੇ ਜ਼ਿਲ੍ਹੇ ਦੇ ਸਾਰੇ ਬੈਂਕਾਂ ਦੇ ਜ਼ਿਲ੍ਹਾ ਕੋਆਰਡੀਨੇਟਰਾਂ (ਡੀ.ਸੀ.ਓਜ਼) ਨਾਲ ਵੀਡੀਓ ਕਾਨਫਰੰਸ (ਵੀ.ਸੀ.) ਦੇ ਜ਼ਰੀਏ ਅੱਜ ਇਥੇ ਕੀਤੀ ਇੱਕ ਮੀਟਿੰਗ ਦੌਰਾਨ ਕੀਤਾ।
ਉਹਨਾਂ ਸਾਰੇ ਡੀ.ਸੀ.ਓਜ਼ ਨੂੰ ਅਪੀਲ ਕੀਤੀ ਕਿ ਉਹ ਸਵੈ-ਰੁਜ਼ਗਾਰ ਲਈ ਇੱਕ ਮਿਸ਼ਨ ਵਜੋਂ ਕੰਮ ਕਰਨ। ਹਰੇਕ ਬੈਂਕ ਨੂੰ ਪ੍ਰਤੀ ਸ਼ਾਖਾ, ਜਿਸ ਵਿਚ ਸਰਕਾਰੀ ਅਤੇ ਪ੍ਰਾਇਵੇਟ ਦੋਵੇਂ ਬੈਂਕ ਸ਼ਾਮਲ ਹਨ, ਵਿਚ 15 ਅਰਜ਼ੀਆਂ ਦਾ ਟੀਚਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਮਿਸ਼ਨ ਲਈ ਕੰਮ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਜੋ ਆਪਣਾ ਉਧਾਰ ਚੁਕਾਉਣ ਤੋਂ ਅਸਮਰਥ ਹਨ। ਉਨ੍ਹਾਂ ਕਿਹਾ ਕਿ ਬੈਂਕਾਂ ਨੂੰ ਦਿੱਤੇ ਟੀਚੇ ਤੋਂ ਵੱਧ ਸਵੈ ਰੋਜਗਾਰ ਲੋਨ ਮੁਹੱਈਆ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ।
ਵੀਡੀਓ ਕਾਨਫਰੰਸ ਦਾ ਮੁੱਖ ਏਜੰਡਾ 'ਮੁਦਰਾ ਲੋਨ' ਵਧਾਉਣ ‘ਤੇ ਕੇਂਦਰਿਤ ਰਿਹਾ। ਰਾਜ ਸਰਕਾਰ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਲੋਨ ਪ੍ਰਦਾਨ ਕਰਨ ਲਈ ਇਸ 'ਤੇ ਬਹੁਤ ਜ਼ੋਰ ਦੇ ਰਹੀ ਹੈ।
ਉਹਨਾਂ ਕਿਹਾ ਕਿ ਉਹ ਸਾਰੇ ਉਮੀਦਵਾਰਾਂ ਜਿਨ੍ਹਾਂ ਨੇ ਲਿੰਕ (ਡੀਬੀਈਈ ਦੁਆਰਾ ਬਣਾਏ) ਰਾਹੀਂ ਕਰਜ਼ਿਆਂ ਲਈ ਅਰਜ਼ੀ ਦਿੱਤੀ ਹੈ, ਨੂੰ ਹੋਰ ਅਰਜੀਆਂ (ਸਿੱਧੇ ਬੈਂਕਾਂ ਨੂੰ ਦਿੱਤੀਆਂ ਗਈਆਂ) ਨਾਲ ਵਿਚਾਰਿਆ ਜਾਣਾ ਚਾਹੀਦਾ ਹੈ। ਡੀਬੀਈਈ ਉਨ੍ਹਾਂ ਉਮੀਦਵਾਰਾਂ ਦੀ ਬਾਂਹ ਫੜਦਾ ਹੈ ਜੋ ਸਵੈ-ਰੁਜ਼ਗਾਰ ਅਪਣਾਉਣ ਲਈ ਇਛੁੱਕ ਹਨ।
ਸ੍ਰੀਮਤੀ ਜੈਨ ਨੇ ਸਾਰੀਆਂ ਬੈਂਕ ਸ਼ਾਖਾਵਾਂ ਨੂੰ ਅਗਲੇ ਹਫ਼ਤੇ ਤੱਕ ਉਨ੍ਹਾਂ ਨੂੰ ਦਿੱਤੇ ਟੀਚਿਆਂ ਅਨੁਸਾਰ ਡਾਟਾ ਜਮ੍ਹਾ ਕਰਨ ਲਈ ਕਿਹਾ।
ਇਸ ਤੋਂ ਪਹਿਲਾਂ, ਮੁੱਖ ਐਲ.ਡੀ.ਐਮ ਅਤੇ ਮੀਟਿੰਗ ਦੇ ਕਨਵੀਨਰ ਸ੍ਰੀ ਹਮੇਂਦਰ ਜੈਨ ਨੇ ਬੈਂਕਾਂ ਦੇ ਪ੍ਰਤੀਨਿਧੀਆਂ ਦਾ ਨਿੱਘਾ ਸਵਾਗਤ ਕੀਤਾ ਅਤੇ ਵੱਖ-ਵੱਖ ਸ਼ਾਖਾਵਾਂ ਦੁਆਰਾ ਦਿੱਤੇ ਕਰਜ਼ੇ ਦੀ ਸਥਿਤੀ ਤੋਂ ਜਾਣੂ ਕਰਵਾਇਆ ਗਿਆ।