ਐਸ.ਏ.ਐਸ ਨਗਰ, 23 ਜੁਲਾਈ 2020: ਡਿਪਟੀ ਕਮਿਸ਼ਨਰ- ਕਮ- ਜਿਲ੍ਹਾ ਚੋਣ ਅਫਸਰ ਸ੍ਰੀ ਗਿਰੀਸ਼ ਦਿਆਲਨ ਨੇ ਆਮ ਜਨਤਾ ਦੀ ਜਾਣਕਾਰੀ ਲਈ ਦੱਸਿਆ ਹੈ ਕਿ ਜਿਲ੍ਹਾ ਐਸ ਏ ਐਸ ਨਗਰ ਵਿੱਚ ਪੈਂਦੇ ਵਿਧਾਨ ਸਭਾ ਚੋਣ ਹਲਕਿਆਂ 52 ਖਰੜ, 53 ਐਸ ਏ ਐਸ ਨਗਰ ਅਤੇ 112 ਡੇਰਾਬੱਸੀ ਦੀ ਹਦੂਦ ਅੰਦਰ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ, ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਕੋਵਿਡ 19 ਦੇ ਚਲਦਿਆਂ ਨਵੀਂਆਂ ਵੋਟਾਂ ਬਣਾਊਣ, ਸੋਧ ਕਰਾਉਣ, ਵਿਧਾਨ ਸਭਾ ਹਲਕੇ ਅੰਦਰ ਘਰ ਦਾ ਪਤਾ ਬਦਲਾਉਣ ਜਾਂ ਵੋਟਾਂ ਕਟਾਉਣ ਦੀ ਪ੍ਰਕੀਰਿਆ ਵਿੱਚ ਕੋਈ ਰੋਕ ਨਹੀਂ ਲਗਾਈ ਗਈ । ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਨਿਰਵਿਘਨ ਜਾਰੀ ਹੈ।
ਜਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਜਿਲ੍ਹੇ ਵਿਚਲੇ 3 ਵਿਧਾਨ ਸਭਾ ਹਲਕਿਆਂ ਦੇ ਸਮੁੱਚੇ 18 ਸਾਲ ਦੀ ਉਮਰ ਦੇ ਨੌਜਵਾਨ ਆਪਣੀ ਵੋਟ ਬਣਾਉਣ ਲਈ ਫਾਰਮ ਨੰ: 6, ਵਿਧਾਨ ਸਭਾ ਹਲਕੇ ਅੰਦਰ ਘਰ ਦਾ ਪਤਾ ਬਦਲਾਉਣ ਲਈ (ਵੋਟ ਸ਼ਿਫਟ ਕਰਨ ਲਈ) ਫਾਰਮ ਨੰ: 8 ਏ, ਵੋਟਰ ਕਾਰਡ ਵਿੱਚ ਸੋਧ ਕਰਾਉਣ ਲਈ ਫਾਰਮ ਨੰ: 8 ਅਤੇ ਵੋਟ ਕਟਾਉਣ ਲਈ ਫਾਰਮ ਨੰ: 7 ਭਾਰਤ ਚੋਣ ਕਮਿਸ਼ਨ ਦੀ ਵੈਬਸਾਈਟ www.nvsp.in ਤੇ ਆਨਲਾਇਨ ਫਾਰਮ ਭਰਨ ਜਾਂ ਆਪਣੇ ਹਲਕੇ ਨਾਲ ਸਬੰਧਤ ਬੀ.ਐਲ.ਓਜ਼ ਜਾਂ ਫਿਰ ਆਪਣੇ ਹਲਕੇ ਨਾਲ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ— ਕਮ—ਉਪ ਮੰਡਲ ਮੈਜਿਸਟ੍ਰੇਟ ਅਫਸਰਾਂ ਦੇ ਦਫਤਰ ਵਿੱਚ ਫਾਰਮ ਭਰ ਕੇ ਦੇਣ ਜਿਸ ਤਹਿਤ ਵੋਟਰ ਸੂਚੀ ਵਿੱਚ ਵੋਟਰਾਂ ਦੇ ਵੇਰਵਿਆਂ ਨੂੰ ਦਰੁਸਤ ਕਰਨ ਸਬੰਧੀ ਸੂਚਨਾ ਇੱਕਤਰ ਹੋ ਸਕੇ ਅਤੇ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਵਿੱਚ ਵੱਧ ਤੋਂ ਵੱਧ ਵੋਟਰਾਂ ਨੂੰ ਰਜਿਸਟਰ ਕੀਤਾ ਜਾ ਸਕੇ।