← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ, 20 ਜੁਲਾਈ 2020: ਬਠਿੰਡਾ ਜਿਲੇ ’ਚ ਅੱਜ ਇੱਕ ਦਿਨ ’ਚ 29 ਮਰੀਜਾਂ ਦੀ ਆਮਦ ਨਾਲ ਕਰੋਨਾ ਵਾਇਰਸ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਮੌਜੂਦਗੀ ਦਰਜ ਕਰਵਾਈ ਹੈ। ਨਵੇਂ ਮਰੀਜਾਂ ’ਚ ਏਅਰ ਫੋਰਸ ਸਟੇਸ਼ਨ ਦੇ ਚਾਰ ਮਰੀਜ ਹਨ ਜਦੋਂਕਿ 2 ਪੁਰਸ਼ ਅਤੇ ਇੱਥ ਔਰਤ ਮਰੀਜ ਦਾ ਸਬੰਧ ਥਾਣਾ ਕੈਨਾਲ ਕਲੋਨੀ ਨਾਲ ਹੈ। ਇਸੇ ਤਰਾਂ ਹੀ ਏਮਜ਼ ਹਸਪਤਾਲ ਦੇ ਤਿੰਨ ਵਿਅਕਤੀ ਕਰੋਨਾ ਪੀੜਤ ਪਾਏ ਗਏ ਹਨ। ਬਠਿੰਡਾ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲੇ ਅੰਦਰ ਸੋਮਵਾਰ ਦੀ ਸ਼ਾਮ ਤੱਕ 4 ਹੋਰ ਵਿਅਕਤੀ ਕਰੋਨਾ ਨੂੰ ਮਾਤ ਪਾਉਣ ਉਪਰੰਤ ਠੀਕ ਹੋ ਕੇ ਆਪੋ-ਆਪਣੇ ਘਰ ਪਰਤ ਗਏ ਹਨ। ਮਿਲੇ ਨਤੀਜਿਆਂ ਅਨੁਸਾਰ ਅੱਜ 417 ਨਮੂਨਿਆਂ ਦੀ ਰਿਪੋਰਟ ਨੈਗੇਟਿਵ ਤੇ 29 ਕੇਸ ਨਵੇਂ ਪਾਜੀਟਿਵ ਆਏ ਹਨ।ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਕੋਵਿਡ-19 ਤੋਂ ਬਚਾਓ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ । ਉਨਾਂ ਆਮ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਕਰੋਨਾ ਇੱਕ ਭਿਆਨਕ ਵਾਇਰਸ ਹੈ, ਜੋ ਕਿ ਅਕਸਰ ਇੱਕ ਦੂਜੇ ਦੇ ਸੰਪਰਕ ਵਿਚ ਆਉਣ ਨਾਲ ਹੀ ਫੈਲਦਾ ਹੈ। ਇਸ ਤੋਂ ਬਚਾਓ ਲਈ ਹਾਲ ਦੀ ਘੜੀ ਸਿਰਫ਼ ਪ੍ਰਹੇਜ਼ ਹੀ ਇਸ ਦਾ ਇਲਾਜ ਹੈ। ਕਰੋਨਾ ਤੋਂ ਸਾਵਧਾਨ ਕਰਦਿਆਂ ਉਨਾਂ ਕਿਹਾ ਕਿ ਇਸ ਵਾਇਰਸ ਤੋਂ ਬਚਣ ਲਈ ਹਰ ਵਿਅਕਤੀ ਲਈ ਮਾਸਕ ਪਹਿਨਣਾ ਲਾਜ਼ਮੀ ਹੈ ਇਸ ਤੋਂ ਇਲਾਵਾ ਆਪਸ ਵਿੱਚ 6 ਫੁੱਟ ਦੀ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਆਪਸੀ ਤਾਲਮੇਲ ਨੂੰ ਘਟਾਇਆ ਜਾਵੇ ਹੱਥਾਂ ਨੂੰ ਵਾਰ-ਵਾਰ ਸਾਬਣ ਜਾਂ ਸੈਨੀਟਾਈਜ਼ਰ ਨਾਲ ਸਾਫ਼ ਕੀਤਾ ਜਾਵੇ ਉਨਾਂ ਬਜ਼ੁਰਗਾਂ ‘ਤੇ ਬੱਚਿਆਂ ਨੂੰ ਖਾਸ਼ ਅਪੀਲ ਕੀਤੀ ਕਿ ਉਹ ਆਪਣੇ ਘਰ ਤੋਂ ਬਾਹਰ ਨਿਕਲਣ ਤੋਂ ਪ੍ਰਹੇਜ਼ ਕਰਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਹਰ ਹਾਲਤ ਵਿੱਚ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ, ਤਾਂ ਜੋ ਕੋਵਿਡ-19 ਨੂੰ ਹਰਾਉਣ ਲਈ ਚਲਾਏ ਗਏ ਮਿਸ਼ਨ ਫਤਿਹ ਨੂੰ ਸਫਲ ਬਣਾਇਆ ਜਾ ਸਕੇ।
Total Responses : 265