ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ ਦਾ ਵਿਕਾਸ ਵੀ ਸਾਡੀ ਸਿਖਰਲੀ ਤਰਜੀਹ : ਬਲਬੀਰ ਸਿੰਘ ਸਿੱਧੂ
ਕਿਹਾ ਕਾਂਗਰਸ ਸਰਕਾਰ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸੁੱਖ-ਸਹੂਲਤਾਂ ਦੇਣ ਲਈ ਵਚਨਬੱਧ
ਐਸ ਏ ਐਸ ਨਗਰ, 27 ਜੁਲਾਈ 2020: ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਸ਼ਹਿਰ ਦੇ ਫ਼ੇਜ਼ 11 ਦੀ ਮਾਰਕੀਟ ਦਾ ਮੂੰਹ-ਮੁਹਾਂਦਰਾ ਬਦਲਣ ਲਈ 57.86 ਲੱਖ ਰੁਪਏ ਦੀ ਲਾਗਤ ਵਾਲੇ ਵੱਖ-ਵੱਖ ਕੰਮਾਂ ਦਾ ਨੀਂਹ ਪੱਥਰ ਰਖਿਆ।
ਪਾਲਿਕਾ ਮਾਰਕੀਟ ਵਿਚ ਨੀਂਹ ਪੱਥਰ ਰੱਖਣ ਮਗਰੋਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਮਾਰਕੀਟ ਦੇ ਨਵੀਨੀਕਰਨ ਲਈ ਵੱਖ-ਵੱਖ ਵਿਕਾਸ ਕਾਰਜਾਂ 'ਤੇ ਲਗਭਗ 58 ਲੱਖ ਰੁਪਏ ਦੀ ਵੱਡੀ ਰਕਮ ਖ਼ਰਚ ਕੀਤੀ ਜਾਵੇਗੀ ਜਿਸ ਨਾਲ ਇਸ ਮਾਰਕੀਟ ਦਾ ਪੂਰੀ ਤਰ੍ਹਾਂ ਕਾਇਆਕਲਪ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਨਵੀਨੀਕਰਨ ਦਾ ਕੰਮ ਛੇਤੀ ਤੋਂ ਛੇਤੀ ਮੁਕੰਮਲ ਕੀਤਾ ਜਾਵੇ ਅਤੇ ਵਰਤੀ ਜਾਣ ਵਾਲੀ ਸਮੱਗਰੀ ਉੱਚ ਮਿਆਰ ਦੀ ਹੋਵੇ। ਉਨ੍ਹਾਂ ਕਿਹਾ ਕਿ ਇਸ ਮਾਰਕੀਟ ਦੇ ਸੁੰਦਰੀਕਰਨ ਦਾ ਕੰਮ ਕਾਫ਼ੀ ਸਮੇਂ ਤੋਂ ਲਟਕਿਆ ਹੋਇਆ ਸੀ। ਮਾਰਕੀਟ ਕਮੇਟੀ ਦੇ ਅਹੁਦੇਦਾਰਾਂ ਨੇ ਉਨ੍ਹਾਂ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ ਤਾਂ ਉਨ੍ਹਾਂ ਤੁਰੰਤ ਨਿਜੀ ਦਿਲਚਸਪੀ ਲੈਂਦਿਆਂ ਲੋੜੀਂਦੀ ਰਕਮ ਮਨਜ਼ੂਰ ਕਰਵਾਈ।
ਸ. ਸਿੱਧੂ ਨੇ ਕਿਹਾ ਕਿ 11 ਫ਼ੇਜ਼ ਵਿਚ ਵੱਖ-ਵੱਖ ਵਿਕਾਸ ਕਾਰਜਾਂ ਲਈ ਪਹਿਲਾਂ ਹੀ ਕਰੋੜਾਂ ਰੁਪਏ ਦੀਆਂ ਗਰਾਂਟਾਂ ਜਾਰੀ ਕੀਤੀਆਂ ਜਾ ਚੁਕੀਆਂ ਹਨ ਜਿਨ੍ਹਾਂ ਜ਼ਰੀਏ ਵੱਖ-ਵੱਖ ਵਿਕਾਸ ਕਾਰਜ ਨੇਪਰੇ ਚੜ੍ਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਵਿਕਾਸ ਕਾਰਜਾਂ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਉਨ੍ਹਾਂ ਕਿਹਾ ਕਿ ਸ਼ਹਿਰਾਂ ਦੀਆਂ ਮਾਰਕੀਟਾਂ ਦਾ ਕਾਇਆਕਲਪ ਕੀਤਾ ਜਾ ਰਿਹਾ ਹੈ ਤਾਕਿ ਬਾਜ਼ਾਰਾਂ ਵਿਚ ਆਉਣ-ਜਾਣ ਵਾਲੇ ਲੋਕਾਂ ਨੂੰ ਸੁੱਖ-ਸਹੂਲਤਾਂ ਮਿਲ ਸਕਣ। ਸਿਹਤ ਮੰਤਰੀ ਨੇ ਕਿਹਾ ਕਿ ਹਲਕਾ ਮੋਹਾਲੀ 'ਚ ਵਿਕਾਸ ਕਾਰਜ ਜੰਗੀ ਪੱਧਰ 'ਤੇ ਚੱਲ ਰਹੇ ਹਨ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਚੱਲ ਰਹੇ ਵਿਕਾਸ ਕਾਰਜ ਛੇਤੀ ਤੋਂ ਛੇਤੀ ਮੁਕੰਮਲ ਕੀਤੇ ਜਾਣ।
ਇਸ ਮੌਕੇ ਮਿਊਂਸਪਲ ਕਾਰਪੋਰੇਸ਼ਨ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ ਨੇ ਫ਼ੇਜ਼ 11 ਬੀਤੇ ਸਮੇਂ ਦੌਰਾਨ ਕੀਤੇ ਗਏ ਕੰਮਾਂ ਦਾ ਵੇਰਵਾ ਪੇਸ਼ ਕੀਤਾ ਜਿਨ੍ਹਾਂ ਵਿਚ ਸੀਵਰੇਜ ਪਾਈਪਾਂ ਪਾਉਣ ਲਈ 2 ਕਰੋੜ ਰੁਪਏ, ਵਾਟਰ ਸਪਲਾਈ ਪਾਈਪਾਂ ਲਈ 1 ਕਰੋੜ 35 ਲੱਖ ਰੁਪਏ, ਬਰਸਾਤੀ ਪਾਣੀ ਦੀਆਂ ਪਾਈਪਾਂ ਲਈ 80 ਲੱਖ ਰੁਪਏ, ਮਾਰਕੀਟ ਵਿਚ ਬਾਥਰੂਮਾਂ ਲਈ 9 ਲੱਖ ਰੁਪਏ, ਟਰੈਫ਼ਿਕ ਲਾਈਟਾਂ ਲਈ 11 ਲੱਖ ਰੁਪਏ, ਬੱਸ ਕਿਉ ਸ਼ੈਲਟਰ ਲਈ 8 ਲੱਖ ਰੁਪਏ, ਰੋਡ ਫ਼ੁਟਪਾਥ ਪਾਰਕਿੰਗ ਲਈ 4 ਕਰੋੜ ਰੁਪਏ ਖ਼ਰਚੇ ਗਏ ਹਨ।
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਮਿਊਂਸਪਲ ਕਾਰਪੋਰੇਸ਼ਨ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਕੌਂਸਲਰ ਜਸਵੀਰ ਸਿੰਘ ਮਣਕੂ, ਮਿਊਂਸਪਲ ਕਾਰਪੋਰੇਸ਼ਨ ਦੇ ਜੁਆਇੰਟ ਕਮਿਸ਼ਨਰ ਕਨੂੰ ਥਿੰਦ, ਮੁਕੇਸ਼ ਗਰਗ ਐਸ.ਈ, ਹਰਪ੍ਰੀਤ ਸਿੰਘ ਐਕਸੀਅਨ, ਸੁਖਵਿੰਦਰ ਸਿੰਘ ਐਸਡੀਓ, ਸੁਨੀਲ ਕੁਮਾਰ ਸ਼ਰਮਾ ਐਸਡੀਓ, ਕਮਲਜੀਤ ਸਿੰਘ ਐਸਡੀਓ, ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ, ਐਡਵੋਕੇਟ ਨਰਪਿੰਦਰ ਸਿੰਘ ਰੰਗੀ, ਪਾਲਿਕਾ ਬਾਜ਼ਾਰ ਮਾਰਕੀਟ ਕਮੇਟੀ ਦੇ ਪ੍ਰਧਾਨ ਸੋਹਣ ਲਾਲ, ਮਾਰਕੀਟ ਕਮੇਟੀ ਦੇ ਪ੍ਰਧਾਨ ਰਘਬੀਰ ਸਿੰਘ ਗਿੱਲ, ਗੁਰਦਵਾਰਾ ਫ਼ੇਜ਼ 11 ਕਮੇਟੀ ਦੇ ਪ੍ਰਧਾਨ ਬਲਬੀਰ ਸਿੰਘ ਖ਼ਾਲਸਾ, ਚੇਅਰਮੈਨ ਹਰਪਾਲ ਸਿੰਘ ਸੋਢੀ, ਮਾਰਕੀਟ ਪ੍ਰਧਾਨ ਪਵਨ ਜਗਦੰਬਾ, ਮੰਦਰ ਕਮੇਟੀ ਦੇ ਪ੍ਰਧਾਨ ਪ੍ਰਮੋਦ ਮਿਸ਼ਰਾ, ਚਮਨ ਲਾਲ , ਰਾਜ ਕੁਮਾਰ ਸ਼ਾਹੀ ਆਦਿ ਮੌਜੂਦ ਸਨ।