'ਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਅਤੇ ਰੋਜ਼ਗਾਰ ਨਾਲ ਜੋੜਨ ਲਈ ਪ੍ਰਮੁੱਖ ਕੰਪਨੀਆਂ ਨਾਲ ਕੀਤੇ ਜਾ ਰਹੇ ਨੇ ਗਠਜੋੜ ਸਥਾਪਿਤ
ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਅਤਿ-ਆਧੁਨਿਕ ਤਕਨੀਕੀ ਸਿੱਖਿਆ ਪ੍ਰਦਾਨ ਕਰਵਾਉਣ ਦੇ ਉਦੇਸ਼ ਨਾਲ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਇੰਡਸਟਰੀ ਗਠਜੋੜ ਸਥਾਪਿਤ ਕਰਨ ਵਾਸਤੇ ਕੀਤੇ ਗਏ ਉਪਰਾਲਿਆਂ ਨੂੰ ਭਰਪੂਰ ਸਮਰਥਨ ਮਿਲਿਆ ਹੈ।ਜਿਸ ਦੇ ਅੰਤਰਗਤ 'ਵਰਸਿਟੀ ਵੱਲੋਂ ਵਿਸ਼ਵ ਵਿਆਪੀ ਪੱਧਰ 'ਤੇ ਚੋਟੀ ਦੇ ਅਦਾਰਿਆਂ ਨਾਲ ਗਠਜੋੜ ਸਥਾਪਿਤ ਕੀਤੇ ਹਨ।ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਹੁਣ ਦੇਸ਼ ਦੀ ਦਿੱਗਜ਼ ਕੰਪਨੀ ਬਿਰਲਾਸੌਫ਼ਟ ਨਾਲ ਏ.ਸੀ.ਈ (ਅਕੈਡਮਿਕ ਕੋਲੈਬਰੇਸ਼ਨ ਫ਼ਾਰ ਐਕਸੀਲੈਂਸ) ਪ੍ਰੋਗਰਾਮ ਤਹਿਤ ਸਮਝੌਤਾ ਸਹੀਬੱਧ ਕੀਤਾ ਗਿਆ ਹੈ। ਚੰਡੀਗੜ੍ਹ ਯੂਨੀਵਰਸਿਟੀ ਉਤਰ ਭਾਰਤ ਦੀ ਪਹਿਲੀ ਵਿਦਿਅਕ ਸੰਸਥਾ ਬਣ ਗਈ ਹੈ ਜਿਸ ਵੱਲੋਂ ਬਿਰਲਾਸੌਫ਼ਟ ਨਾਲ ਸਮਝੌਤਾ ਸਹੀਬੱਧ ਕੀਤਾ ਗਿਆ ਹੈ। ਇਸ ਸੰਧੀ ਅਧੀਨ ਕੰਪਿਊਟਰ ਸਾਇੰਸ, ਆਈ.ਟੀ ਅਤੇ ਇਲੈਕਟ੍ਰਾਨਿਕਸ ਐਂਡ ਟੈਲੀਕਮਿਊਨੀਕੇਸ਼ਨ ਇੰਜੀਨੀਅਰਿੰਗ ਖੇਤਰ ਦੇ ਵਿਦਿਆਰਥੀਆਂ ਨੂੰ ਡਿਗਰੀ ਦੇ ਨਾਲ-ਨਾਲ ਜਿੱਥੇ ਭਵਿੱਖ ਮੁਖੀ ਤਕਨੀਕੀ ਅਤੇ ਤਜ਼ਰਬੇ ਆਧਾਰਿਤ ਸਿਖਲਾਈ ਮੁਹੱਈਆ ਕਰਵਾਈ ਜਾਵੇਗੀ ਉਥੇ ਵਿਦਿਆਰਥੀਆਂ ਨੂੰ ਉਦਯੋਗ ਦੀਆਂ ਮੰਗਾਂ ਅਨੁਸਾਰ ਤਿਆਰ ਕਰਨ ਵੱਲ ਤਰਜੀਹ ਦਿੱਤੀ ਜਾਵੇਗੀ। ਇਹ ਜਾਣਕਾਰੀ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ।
ਮੀਡੀਆ ਨਾਲ ਗੱਲਬਾਤ ਦੌਰਾਨ ਡਾ. ਬਾਵਾ ਨੇ ਦੱਸਿਆ ਕਿ ਬਿਰਲਾਸੌਫ਼ਟ ਦੇਸ਼ ਦੀ ਫਾਰਚੂਨ-500 ਕੰਪਨੀ ਹੈ ਅਤੇ ਦੇਸ਼ ਦੀਆਂ ਪ੍ਰਮੁੱਖ 100 ਆਈ.ਟੀ ਕੰਪਨੀਆਂ 'ਚ ਸ਼ੁਮਾਰ ਹੈ। ਉਨ੍ਹਾਂ ਦੱਸਿਆ ਕਿ ਬਿਰਲਾਸਾਫ਼ਟ ਦਾ ਏ.ਸੀ.ਈ ਇੱਕ ਵਿਆਪਕ ਸ਼ਮੂਲੀਅਤ ਪ੍ਰੋਗਰਾਮ ਹੈ, ਜਿਥੇ ਬਿਰਲਾਸੌਫ਼ਟ ਸਹਿਭਾਗੀ ਵਿਦਿਅਕ ਅਦਾਰਿਆਂ ਨਾਲ ਅਕਾਦਮਿਕ ਅਤੇ ਇੰਡਸਟਰੀ ਵਿਚਕਾਰਲੇ ਸਕਿੱਲ ਗੈਪ ਨੂੰ ਪੂਰਨ ਲਈ ਗਠਜੋੜ ਸਥਾਪਿਤ ਕਰਦਾ ਹੈ। ਜਿਸ ਦੌਰਾਨ ਬਿਰਲਾਸੌਫ਼ਟ ਦੀ ਤਕਨੀਕੀ ਅਕਾਦਮੀ ਟੀਮ ਵਿਦਿਅਕ ਅਦਾਰਿਆਂ ਦਾ ਪਾਠਕ੍ਰਮ ਦਾ ਵਿਸ਼ਲੇਸ਼ਣ ਕਰਦੀ ਹੈ, ਜਿਸ ਵਿੱਚ ਚੋਣਵੇਂ ਵਿਸ਼ੇ ਲਾਗੂ ਕਰਨਾ, ਪ੍ਰਾਜੈਕਟ ਅਤੇ ਵਿਸ਼ੇਸ਼ ਲੈਬਾਂ ਦੀ ਸਥਾਪਨਾ, ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ, ਹੈਕਾਥਨ, ਇੰਟਰਨਸ਼ਿਪ ਅਤੇ ਪ੍ਰੀ-ਆਨ ਬੋਰਡਿਗ ਸਿਖਲਾਈ ਪ੍ਰਦਾਨ ਕਰਵਾਈ ਜਾਂਦੀ ਹੈ।
ਡਾ. ਬਾਵਾ ਨੇ ਕਿਹਾ ਕਿ ਕਿੱਤਾਮੁਖੀ ਸਿੱਖਿਆ ਦੇ ਖੇਤਰ 'ਚ ਵਾਪਰ ਰਹੀਆਂ ਤਬਦੀਲੀਆਂ ਦੇ ਮੱਦਨਜ਼ਰ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਨਾਲ ਜੋੜੀ ਰੱਖਣ ਲਈ ਉਦਯੋਗਿਕ ਅਤੇ ਅਕਾਦਮਿਕ ਭਾਈਵਾਲੀ ਬੇਹੱਦ ਅਹਿਮ ਮੁੱਦਾ ਬਣਦੀ ਜਾ ਰਹੀ ਹੈ।ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇੰਡਸਟਰੀ ਦੀਆਂ ਮੌਜੂਦਾ ਜ਼ਰੂਰਤਾਂ ਅਤੇ ਕੌਮਾਤਰੀ ਅਧਿਆਪਨ ਪ੍ਰਣਾਲੀਆਂ ਦੀ ਤਰਜ਼ 'ਤੇ ਤਕਨੀਕੀ ਸਿਖਲਾਈ ਪ੍ਰਦਾਨ ਕਰਵਾਉਣ ਲਈ 'ਵਰਸਿਟੀ ਵੱਲੋਂ ਇੰਡਸਟਰੀ ਗਠਜੋੜ ਸਥਾਪਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ ਹੈ, ਜਿਸ ਨੂੰ ਨਿਰਸੰਦੇਹ ਭਰਪੂਰ ਹੁੰਗਾਰਾ ਵੀ ਮਿਲ ਰਿਹਾ ਹੈ। ਚੰਡੀਗੜ੍ਹ ਯੂਨੀਵਰਸਿਟੀ ਅਤੇ ਬਿਰਲਾਸੌਫ਼ਟ ਦਰਮਿਆਨ ਹੋਏ ਗਠਜੋੜ ਸਬੰਧੀ ਗੱਲਬਾਤ ਕਰਦਿਆਂ ਡਾ. ਬਾਵਾ ਨੇ ਦੱਸਿਆ ਸਮਝੌਤੇ ਤਹਿਤ ਵਿਦਿਆਰਥੀਆਂ ਨੂੰ ਬਿਰਲਾਸੌਫ਼ਟ ਦੇ ਸਹਿਯੋਗ ਨਾਲ ਉਦਯੋਗ ਲਈ ਢੁੱਕਵਾਂ ਪਾਠਕ੍ਰਮ ਮੁਹੱਈਆ ਕਰਵਾਇਆ ਜਾਵੇਗਾ, ਜਿਸ ਵਿੱਚ ਇੰਡਸਟਰੀ ਦੇ ਪ੍ਰੋਫ਼ੈਸ਼ਨਲਾਂ ਦੇ ਵਿਸ਼ੇਸ਼ ਲੈਕਚਰ ਪਾਠਕ੍ਰਮ ਦਾ ਹਿੱਸਾ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਵਿਸੇਸ਼ ਗਤੀਵਿਧੀਆਂ ਇਸ ਸਮਝੌਤੇ ਦਾ ਹਿੱਸਾ ਹਨ, ਜਿਸ ਦੌਰਾਨ ਵਿਸ਼ੇਸ਼ ਹੈਕਾਥਨ, ਵੈਬਿਨਾਰ, ਵਿਚਾਰ ਗੋਸ਼ਟੀਆਂ, ਇੰਡਸਟਰੀ ਪ੍ਰੋਫੈਸ਼ਨਲਾਂ ਦੀ ਪ੍ਰਧਾਨਗੀ 'ਚ ਵਿਸ਼ੇਸ਼ ਲੈਕਚਰਾਂ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਤਕਨੀਕੀ ਅਤੇ ਹੁਨਰਵੰਦ ਸਿੱਖਿਆ ਨਾਲ ਜੋੜਿਆ ਜਾਵੇਗਾ।ਡਾ. ਬਾਵਾ ਨੇ ਦੱਸਿਆ ਕਿ ਚੁਣੇ ਗਏ ਵਿਦਿਆਰਥੀਆਂ ਨੂੰ ਪ੍ਰੀ-ਆਨ ਬੋਰਡਿੰਗ ਸਿਖਲਾਈ ਦਿੱਤੀ ਜਾਵੇਗੀ ਅਤੇ ਭਰਤੀ ਪ੍ਰੀਕਿਰਿਆ ਦੌਰਾਨ 100 ਫ਼ੀਸਦੀ ਪਲੇਸਮੈਂਟ ਵੀ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਪਾਸਆਊਟ ਵਿਦਿਆਰਥੀਆਂ ਨੂੰ 'ਵਰਸਿਟੀ ਦੇ ਇੰਡਸਟਰੀ ਤਜ਼ਰਬੇਕਾਰ ਅਧਿਆਪਕਾਂ ਅਤੇ ਬਿਰਲਾਸੌਫ਼ਟ ਦੇ ਮਾਹਿਰਾਂ ਵੱਲੋਂ ਤਕਨੀਕੀ ਅਤੇ ਪਾਵਰ ਸਕਿੱਲ ਸਿਖਲਾਈ ਵੀ ਪ੍ਰਦਾਨ ਕਰਵਾਈ ਜਾਵੇਗੀ।
ਡਾ. ਬਾਵਾ ਨੇ ਦੱਸਿਆ ਕਿ ਸਮਝੌਤੇ ਅਧੀਨ ਤੀਜੇ ਅਤੇ ਆਖਰੀ ਸਾਲ ਦੇ ਵਿਦਿਆਰਥੀਆਂ ਨੂੰ ਜਿਥੇ ਵਧੇਰੇ ਹੱਥੀ ਤਜ਼ਰਬੇ ਅਤੇ ਮੁਸ਼ਕਲਾਂ ਦੇ ਹੱਲ ਕਰਨ ਸਬੰਧੀ ਹੁਨਰਾਂ ਬਾਰੇ ਸਿਖਲਾਈ ਦੇਣ 'ਤੇ ਵਧੇਰੇ ਧਿਆਨ ਕੇਂਦਰਤ ਕੀਤਾ ਜਾਵੇਗਾ ਉਥੇ ਹੀ 'ਵਰਸਿਟੀ ਫੈਕਲਟੀ ਨੂੰ ਵੀ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਜ਼ਰੀਏ ਇੰਡਸਟਰੀ ਦੀਆਂ ਉਭਰਦੀਆਂ ਤਕਨੀਕਾਂ ਬਾਬਤ ਟ੍ਰੇਨਿੰਗ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਹਿੱਤ ਇੰਡਸਟਰੀ ਦੀਆਂ ਲੋੜਾਂ ਸਬੰਧੀ ਸੁਝਾਅ ਪ੍ਰਾਪਤ ਕਰਨ ਲਈ ਕੰਪਨੀ ਦੇ ਅਧਿਕਾਰੀਆਂ ਅਤੇ ਫੈਕਲਟੀ ਮੈਂਬਰਾਂ ਦਾ ਆਪਸੀ ਵਿਚਾਰਾਤਮਕ ਤਾਲਮੇਲ ਬਣਾਇਆ ਜਾਂਦਾ ਹੈ।ਇਹ ਤਾਲਮੇਲ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਨੂੰ ਉਦਯੋਗਾਂ ਦੀਆਂ ਮੰਗਾਂ ਅਤੇ ਲੋੜਾਂ ਅਨੁਸਾਰ ਆਪਣੇ ਸਿਲੇਬਸ ਸੋਧਣ ਅਤੇ ਅਪਡੇਟ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਦਾ ਹੈ।
ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਤਕਨੀਕੀ ਸਿੱਖਿਆ ਇੱਕ ਅਜਿਹਾ ਖੇਤਰ ਹੈ, ਜਿਸ ਵਿੱਚ ਵਿਦਿਆਰਥੀਆਂ ਦੇ ਭਵਿੱਖ ਲਈ ਬੇਅੰਤ ਸੰਭਾਵਨਾਵਾਂ ਮੌਜੂਦ ਹਨ। ਇਸ ਲਈ 'ਵਰਸਿਟੀ ਦਾ ਮੁੱਢਲਾ ਉਦੇਸ਼ ਰਿਹਾ ਹੈ ਕਿ ਵਿਦਿਆਰਥੀਆਂ ਨੂੰ ਪੱਛਮੀ ਤਰਜ਼ 'ਤੇ ਢੁੱਕਵੇਂ ਪਾਠਕ੍ਰਮ ਅਤੇ ਤਕਨੀਕੀ ਸਿੱਖਿਆ ਰਾਹੀਂ ਹੁਨਰਵੰਦ ਬਣਾਕੇ ਇੰਡਸਟਰੀ ਦੀਆਂ ਉਭਰਦੀਆਂ ਲੋੜਾਂ ਮੁਤਾਬਕ ਤਿਆਰ ਕੀਤਾ ਜਾਵੇ। ਬਿਰਲਾਸੌਫ਼ਟ ਵੱਲੋਂ ਕੀਤੀਆਂ ਜਾ ਰਹੀਆਂ ਪਲੇਸਮੈਂਟਾਂ ਦਾ ਜ਼ਿਕਰ ਕਰਦਿਆਂ ਸ. ਸੰਧੂ ਨੇ ਦੱਸਿਆ ਕਿ ਬਿਰਲਾਸੌਫ਼ਟ ਵੱਲੋਂ ਪਿਛਲੇ 4 ਸਾਲਾਂ ਤੋਂ ਭਰਤੀ ਪ੍ਰੀਕਿਰਿਆ ਲਈ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ 'ਚ ਰੁਚੀ ਵਿਖਾਈ ਜਾ ਰਹੀ ਹੈ, ਜਿਸ ਤਹਿਤ ਬਿਰਲਾਸੌਫ਼ਟ ਵੱਲੋਂ ਹੁਣ ਤੱਕ 87 ਵਿਦਿਆਰਥੀ ਨੌਕਰੀ ਲਈ ਚੁਣੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 60 ਵਿਦਿਆਰਥੀ ਬੈਚ-2020 ਦੀ ਭਰਤੀ ਪ੍ਰੀਕਿਰਿਆ ਦੌਰਾਨ ਨੌਕਰੀ ਲਈ ਚੁਣੇ ਗਏ ਹਨ। ਉਨ੍ਹਾਂ ਕਿਹਾ 'ਵਰਸਿਟੀ ਵੱਲੋਂ ਭਾਰਤ ਸਰਕਾਰ ਦੇ ਸਕਿੱਲ ਇੰਡੀਆ ਮਿਸ਼ਨ ਤਹਿਤ ਵੀ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਖੋਜ ਕਾਰਜਾਂ, ਤਕਨੀਕੀ ਸਿੱਖਿਆ ਵੱਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ।