ਬਾਦਲਾਂ ਨੂੰ ਦਿਨ ਪ੍ਰਤੀ ਦਿਨ ਧੂੜ ਚਟਾਉਣ ਵਾਲੇ ਤੇ ਬਾਦਲਾਂ ਦੇ ਕੈਂਪ ਵਿੱਚ ਭੱਗਦੜ ਮਚਾਉੱਣ ਵਾਲੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਦੇਵ ਸਿੰਘ ਢੀਂਡਸਾ ਦੀ ਵਿਰੋਧਤਾ ਕਰਨ ਵਾਲੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸ ਸਿਮਰਜੀਤ ਸਿੰਘ ਬੈਂਸ ਲੁਕਵੇਂ ਤੌਰ ਤੇ ਕਾਂਗਰਸ ਤੇ ਬਾਦਲਾਂ ਦੇ ਹੱਥਾਂ ਵਿੱਚ ਖੇਡ ਰਹੇ ਹਨ , ਪੰਜਾਬ ਦੀ ਜਨਤਾ ਨੂੰ ਇਹਨਾਂ ਲੋਕਾਂ ਦੀਆਂ ਚਾਲਾਂ ਤੋਂ ਸੁਚੇਤ ਤੇ ਖ਼ਬਰਦਾਰ ਰਹਿਣਾ ਚਾਹੀਦਾ ਹੈ ।
ਅੱਜ ਇਹਨਾਂ ਵੀਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ ਢੀਂਡਸਾ ਦੇ ਨਜ਼ਦੀਕੀ ਸਾਥੀਆਂ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ ਮਨਜੀਤ ਸਿੰਘ ਭੋਮਾ ਅਕਾਲੀ ਆਗੂ ਸਰਬਜੀਤ ਸਿੰਘ ਜੰਮੂ , ਬਲਵਿੰਦਰ ਸਿੰਘ ਖੋਜਕੀਪੁਰ ਕੁਲਦੀਪ ਸਿੰਘ ਪ੍ਰਧਾਨ ਮਜੀਠੀਆਂ ਹਰਸ਼ਰਨ ਸਿੰਘ ਭਾਂਤਪੁਰ ਜੱਟਾਂ ਤੇ ਲਖਬੀਰ ਸਿੰਘ ਖਾਲਸਾ ਟਾਂਡਾ ਨੇ ਇੱਕ ਸ਼ਾਂਝੇ ਬਿਆਨ ਵਿੱਚ ਸ ਸਿਮਰਜੀਤ ਸਿੰਘ ਬੈਂਸ ਵਲੋਂ ਸ ਸੁਖਦੇਵ ਸਿੰਘ ਢੀਂਡਸਾ ਵਿਰੁੱਧ ਦਿੱਤੇ ਤਾਜ਼ਾ ਬਿਆਨ ਦਾ ਸਖ਼ਤ ਨੋਟਿਸ ਲੈਂਦਿਆ ਕਿਹਾ ਕਿ ਬਿਆਨ ਤੋਂ ਪਤਾ ਚਲਦਾ ਹੈ ਕਿ ਸ ਸੁਖਦੇਵ ਸਿੰਘ ਢੀਂਡਸਾ ਦੇ ਸਿਆਸੀ ਚੌਂਕੇ , ਛੱਕਿਆ ਨੇ ਇਕੱਲੇ ਬਾਦਲਾਂ ਦੀਆਂ ਹੀ ਚੀਕਾਂ ਨਹੀਂ ਮਰਵਾਈਆਂ ਸਗੋਂ ਆਲੇ ਦੁਆਲੇ ਵੀ ਵੱਡੇ ਪੱਧਰ ਤੇ ਚੀਕ ਚਿਹਾੜਾ ਮਚਾ ਰੱਖਿਆ ਹੈ ਇਹ ਬੈਂਸ ਦੇ ਬਿਆਨ ਤੋਂ ਹੀ ਸਿੱਧ ਹੁੰਦਾ ਹੈ ਕਿ ਸ ਢੀਂਡਸਾ ਸਹੀ ਟ੍ਰੈਕ ਤੇ ਚੱਲ ਕੇ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ । ਸ ਢੀਂਡਸਾ ਦਾ ਕਾਫ਼ਲਾ ਸਾਰੇ ਪੰਜਾਬ ਤੇ ਦੇਸ਼ ਬਦੇਸ਼ ਵਿੱਚ ਫੈਲ ਰਿਹਾ ਹੈ ਜਦੋਂ ਕਿ ਬੈਂਸ ਆਪਣੇ ਘਰ ਦੇ ਆਲੇ-ਦੁਆਲੇ ਸੀਮਤ ਹੋ ਰਹੇ ਹਨ ਉਨ੍ਹਾਂ ਬੈਂਸ ਭਰਾਵਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਹੁਣ ਹੰਕਾਰ ਵੀ ਛੱਡੋ ਤੇ ਸ਼ੇਖ ਚਿੱਲੀ ਦੇ ਸੁਪਨੇ ਵੇਖਣੇ ਵੀ ਛੱਡ ਦੇਵੋ ਕਿ ਇੱਕ ਭਰਾ ਮੁੱਖ ਮੰਤਰੀ ਤੇ ਦੂਜਾ ਸ੍ਰੋਮਣੀ ਕਮੇਟੀ ਦਾ ਪ੍ਰਧਾਨ , ਵਾਹ , ਮਾਂ ਜੰਮੀ ਨਾ , ਪੁੱਤ ਬਨੇਰੇ ਤੇ । ਬੈਂਸ ਭਰਾ ਕੱਲ ਤੱਕ ਸੁਖਬੀਰ ਤੇ ਮਜੀਠੀਏ ਦੀਆਂ ਟਿਕਟਾਂ ਲਈ ਪ੍ਰਕਰਮਾ ਕਰਦੇ ਰਹੇ ਹਨ ।
ਬਿਆਨ ਦੇ ਅਖੀਰ ਵਿੱਚ ਭੋਮਾ ਜੰਮੂ ਨੇ ਕਿਹਾ ਕਿ ਸ ਢੀਂਡਸਾ ਦਾ ਕਾਫ਼ਲਾ ਮਸਤ ਹਾਥੀ ਦੀ ਤਰ੍ਹਾਂ ਚੱਲਕੇ ਇਸ ਵਾਰ ਉੱਤਰ ਕਾਂਟੋਂ ਮੈਂ ਚੜਾਂ ਦੀ ਖੇਡ ਬੰਦ ਕਰ ਕੇ ਪੰਜਾਬ ਦੇ ਲੋਕਾਂ ਦੀਆਂ ਰੀਝਾਂ ਪੂਰੀਆਂ ਕਰਨ ਲਈ ਤੀਸਰਾ ਬਦਲ ਮੁਹੱਈਆਂ ਕਰਵਾਏਗਾ ।