ਸਿੱਖਿਆ ਦਾ ਮਿਆਰ ਸੁਧਰਨ ਕਾਰਨ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਸਰਕਾਰੀ ਸਕੂਲਾਂ ਵੱਲ ਆਉਣੇ ਸ਼ੁਰੂ
ਮੁੱਖ ਮੰਤਰੀ ਨੇ ‘ਕੈਪਟਨ ਨੂੰ ਪੁੱਛੋ’ ਫੇਸਬੁਕ ਲਾਈਵ ਸੈਸ਼ਨ ਦੌਰਾਨ ਨਵਾਂਸ਼ਹਿਰ ਦੇ ਵਸਨੀਕ ਦੇ ਸਵਾਲ ਦਾ ਦਿੱਤਾ ਜਵਾਬ
ਨਵਾਂਸ਼ਹਿਰ, 25 ਜੁਲਾਈ ,2020 : ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਹਿੰਮਤ ਕਾਰਨ ਸਰਕਾਰੀ ਸਕੂਲਾਂ ਨੇ ਇਸ ਵਾਰ ਇਤਿਹਾਸ ਰਚਦਿਆਂ ਬੋਰਡ ਦੀਆਂ ਪ੍ਰੀਖਿਆਵਾਂ ਵਿਚ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਪ੍ਰਾਈਵੇਟ ਸਕੂਲਾਂ ਨੂੰ ਪਿੱਛੇ ਛੱਡ ਦਿੱਤਾ ਹੈ। ਇਹ ਪ੍ਰਗਟਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੇ ਹਫ਼ਤਾਵਾਰੀ ਫੇਸਬੁਕ ਲਾਈਵ ਸੈਸ਼ਨ ‘ਕੈਪਟਨ ਨੂੰ ਪੁੱਛੋ’ ਦੌਰਾਨ ਨਵਾਂਸ਼ਹਿਰ ਦੇ ਵਸਨੀਕ ਸੁਖਜਿੰਦਰ ਸਿੰਘ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕੀਤਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਮਾਰਟ ਸਕੂਲਾਂ ਦੀ ਸਥਾਪਨਾ ਅਤੇ ਵਧੀਆ ਅਧਿਆਪਕਾਂ ਦੀ ਭਰਤੀ ਕਰ ਕੇ ਸਿੱਖਿਆ ਦੇ ਮਿਆਰ ਵਿਚ ਜ਼ਬਰਦਸਤ ਸੁਧਾਰ ਕੀਤਾ ਹੈ। ਇਸ ਤੋਂ ਇਲਾਵਾ ਸਰਹੱਦੀ ਖੇਤਰ ਵਿਚ ਸਾਇੰਸ ਅਧਿਆਪਕਾਂ ਦੀ ਕਮੀ ਪੂਰੀ ਕੀਤੀ ਗਈ ਹੈ ਅਤੇ ਬੱਚਿਆਂ ਦੀ ਸਕੂਲਾਂ ਵਿਚ ਸਖ਼ਤੀ ਨਾਲ ਹਾਜ਼ਰੀ ਯਕੀਨੀ ਬਣਾਈ ਗਈ ਹੈ। ਇਸੇ ਤਰਾਂ ਆਧੁਨਿਕ ਢੰਗ ਵਾਲੇ ਸਿੱਖਣ ਦੇ ਤਰੀਕਿਆਂ ਨੂੰ ਅਪਣਾ ਕੇ ਵਿਦਿਅਰਥੀਆਂ ਦੇ ਸਿੱਖਣ ਦਾ ਪੱਧਰ ਉੱਚਾ ਕੀਤਾ ਗਿਆ ਹੈ ਅਤੇ ਨਕਲ ਦੀ ਬਿਮਾਰੀ ਨੂੰ ਸਖ਼ਤੀ ਨਾਲ ਰੋਕਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦਾ ਸਿੱਖਿਆ ਵਿਭਾਗ ਮਹਿਕਮੇ ਦੇ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਅਤੇ ਸਕੱਤਰ ਸ੍ਰੀ ਿਸ਼ਨ ਕੁਮਾਰ ਦੀ ਮਿਹਨਤ ਅਦੇ ਦੂਰਅੰਦੇਸ਼ੀ ਸੋਚ ਸਦਕਾ ਬਹੁਤ ਵਧੀਆ ਕੰਮ ਕਰ ਰਿਹਾ ਹੈ। ਉਨਾਂ ਸਰਕਾਰੀ ਸਕੂਲਾਂ ਦੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਬਿਹਤਰੀਨ ਪ੍ਰਦਰਸ਼ਨ ਲਈ ਵਧਾਈ ਦਿੱਤੀ, ਜਿਨਾਂ ਨੇ ਕੋਵਿਡ ਮਹਾਮਾਰੀ ਦੀ ਇਸ ਬੇਹੱਦ ਔਖੀ ਘੜੀ ਵਿਚ ਵੀ ਪੂਰੀ ਪ੍ਰਤੀਬੱਧਤਾ ਅਤੇ ਹਿੰਮਤ ਵਿਖਾਈ ਹੈ। ਉਨਾਂ ਕਿਹਾ ਕਿ ਇਸ ਔਖੇ ਦੌਰ ਵਿਚ ਵੀ ਅਧਿਆਪਕਾਂ ਵੱਲੋਂ ਆਨਲਾਈਨ ਕਲਾਸਾਂ ਲਗਾ ਕੇ ਬੱਚਿਆਂ ਨੂੰ ਸਿੱਖਿਆ ਤੋਂ ਵਾਂਝੇ ਨਹੀਂ ਹੋਣ ਦਿੱਤਾ ਗਿਆ, ਜਿਸ ਲਈ ਉਹ ਸ਼ਲਾਘਾ ਦੇ ਪਾਤਰ ਹਨ। ਜ਼ਿਕਰਯੋਗ ਹੈ ਕਿ ਸੁਖਜਿੰਦਰ ਸਿੰਘ ਨੇ ਕਿਹਾ ਸੀ ਕਿ ਇਸ ਵਾਰ ਸਰਕਾਰੀ ਸਕੂਲਾਂ ਦੇ ਨਤੀਜੇ ਪ੍ਰਾਈਵੇਟ ਸਕੂਲਾਂ ਨਾਲੋਂ ਬੇਹੱਦ ਵਧੀਆ ਆਏ ਹਨ, ਜੋ ਕਿ ਬਹੁਤ ਹੀ ਵੱਡੀ ਪ੍ਰਾਪਤੀ ਹੈ। ਉਨਾਂ ਨੇ ਮੁੱਖ ਮੰਤਰੀ ਤੋਂ ਪੁੱਛਿਆ ਸੀ ਕਿ ਇਸ ਪ੍ਰਾਪਤੀ ਲਈ ਸਰਕਾਰ ਵੱਲੋਂ ਕੀ-ਕੀ ਕਦਮ ਉਠਾਏ ਗਏ ਸਨ।