ਅੰਮ੍ਰਿਤਸਰ 26 ਜੁਲਾਈ 2020: ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਤੀਨਿਧ ਮੰਡਲ ਨੇ ਬੀਤੇ ਦਿਨੀਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਡਾਇਰੈਕਟਰ ਸ੍ਰੀ ਮਨੋਜ ਚਨਸੋਰੀਆ ਨੂੰ ਸ਼ਾਨਦਾਰ ਸੇਵਾਵਾਂ ਲਈ ਸੀਮਤ ਵਿਦਾਇਗੀ ਪਾਰਟੀ ਦੇ ਕੇ ਸਨਮਾਨਿਤ ਕੀਤਾ। ਤਿੰਨ ਵਰ੍ਹੇ ਬੜੀ ਸ਼ਾਨਦਾਰ ਸੇਵਾ ਉਪਰੰਤ ਵਿਦਾ ਹੋ ਰਹੇ ਡਾਇਰੈਟਕਰ ਨੂੰ ਮੰਚ ਵਲੋਂ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ, ਯਾਦਗਾਰੀ ਚਿੰਨ੍ਹ ਤੇ ਪ੍ਰਸੰਸਾ ਪੱਤਰ ਭੇਟ ਕੀਤਾ ਗਿਆ।ਪ੍ਰਤੀਨਿਧ ਮੰਡਲ ’ਚ ਮੰਚ ਦੇ ਪ੍ਰਧਾਨ ਮਨਮੋਹਨ ਸਿੰਘ ਬਰਾੜ, ਸਰਪ੍ਰਸਤ ਡਾਕਟਰ ਚਰਨਜੀਤ ਸਿੰਘ ਗੁਮਟਾਲਾ, ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ ਚਾਹਲ, ਸੁਰਿੰਦਰਜੀਤ ਸਿੰਘ ਅਤੇ ਦਲਜੀਤ ਸਿੰਘ ਸੈਣੀ ਸ਼ਾਮਲ ਹੋਏ।
ਮੰਚ ਦੇ ਪ੍ਰਧਾਨ ਮਨਮੋਹਨ ਸਿੰਘ ਬਰਾੜ ਨੇ ਡਾਇਰੈਕਟਰ ਸਾਹਿਬ ਵੱਲੋਂ ਪੂਰੀ ਨਿਸ਼ਠਾ ਨਾਲ ਨਿਭਾਈਆਂ ਸੇਵਾਵਾਂ ਦੀ ਬੜੇ ਭਾਵਪੂਰਤ ਅਤੇ ਜਜ਼ਬਾਤੀ ਸ਼ਬਦਾਂ ਵਿਚ ਪ੍ਰਸੰਸਾ ਕੀਤੀ। ਉਹਨਾਂ ਕਿਹਾ ਕਿ ਸ੍ਰੀ ਮਨੋਜ ਚਨਸੋਰੀਆ ਜੀ ਦੇ ਸੇਵਾ ਕਾਲ ਦੌਰਾਨ ਹਵਾਈ ਅੱਡੇ ਦਾ ਵਰਨਣਯੋਗ ਅਤੇ ਸਰਬਪੱਖੀ ਵਿਕਾਸ ਹੋਇਆ। ਹਵਾਈ ਅੱਡੇ ਦੀ ਇਮਾਰਤ ਵਿਚਲੀ ਪਹਿਲੀ ਮੰਜਿਲ ਦਾ ਅੰਤਰਰਾਸ਼ਟਰੀ ਮਿਆਰਾਂ ਅਨੁਸਾਰ ਆਧੁਨੀਕਰਨ ਕੀਤਾ ਗਿਆ, ਜਿਸ ਸਦਕਾ ਇਹ ਵਧੇਰੇ ਗਿਣਤੀ ਵਿਚ ਯਾਤਰੂਆਂ ਨੂੰ ਸੰਭਾਲਣ ਦੇ ਸਮਰੱਥ ਹੋ ਗਈ। ਹਵਾਈ ਯਾਤਰੀਆਂ ਨੂੰ ਧੁੱਪ ਅਤੇ ਮੀਂਹ-ਕਣੀ ਤੋਂ ਸੁਰੱਖਿਅਤ ਰੱਖਣ ਲਈ ਮੁੱਖ ਇਮਾਰਤ ਦੇ ਸਨਮੁੱਖ ਇੱਕ ਵੱਡ-ਅਕਾਰੀ ਕੈਨੋਪੀ (ਛੱਤਰੀ) ਦਾ ਨਿਰਮਾਣ ਕਰਵਾਇਆ ਗਿਆ। ਉਨ੍ਹਾਂ ਦੇ ਉੱਦਮ ਸਦਕਾ ਹਵਾਈ ਜਹਾਜ਼ਾਂ ਦੇ ਰੁਕਣ-ਸਥਾਨਾਂ ਦਾ ਨਿਰਮਾਣ ਕੀਤਾ ਗਿਆ। ਟਰਮੀਨਲ ਇਮਾਰਤ ਦੇ ਅੰਦਰ ਅਤੇ ਬਾਹਰ ਯਾਤਰੂਆਂ ਦੇ ਖਾਣ-ਪੀਣ ਦੀ ਸਹੂਲਤ ਦਾ ਮਨਭਾਉਂਦਾ ਪ੍ਰਬੰਧ ਵੀ ਕੀਤਾ ਗਿਆ।
ਇਸ ਸਮਾਗਮ ਵਿੱਚ ਹੀ ਹਾਜ਼ਰ ਹੋਏ ਨਵੇਂ ਡਾਇਰੈਕਟਰ ਸ੍ਰੀ ਵੀ.ਕੇ.ਸੇਠ ਨੂੰ ਵੀ ਮੰਚ ਦੇ ਅਹੁਦੇਦਾਰਾਂ ਨੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਖੁਸ਼ਆਮਦੀਦ ਕਿਹਾ। ਉਹਨਾਂ ਨੇ ਵੀ ਹਵਾਈ ਅੱਡੇ ਦਾ ਭਵਿੱਖ ਵਿਚ ਹੋਰ ਵਿਕਾਸ ਲਈ ਯਤਨ ਕਰਨ ਦਾ ਨਿਸ਼ਚਾ ਪ੍ਰਗਟਾਇਆ।
ਅਮਰੀਕਾ ਤੋਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਵੀ ਸ੍ਰੀ ਮਨੋਜ ਚਨਸੋਰੀਆ ਦਾ ਧੰਨਵਾਦ ਕਰਦਿਆਂ ਕਿਹਾ ਉਹਨਾਂ ਦੇ ਹੀ ਕਾਰਜਕਾਲ ਦੌਰਾਨ ਅੰਮ੍ਰਿਤਸਰ ਤੋਂ ਯਾਤਰੀਆਂ ਦੀ ਸਲਾਨਾ ਗਿਣਤੀ 25 ਲੱਖ ਤੱਕ ਪਹੁੰਚ ਗਈ, ਅੰਮ੍ਰਿਤਸਰ ਤੋਂ ਬਰਮਿੰਘਮ ਅਤੇ ਲੰਡਨ ਲਈ ਸਿੱਧੀਆਂ ਉਡਾਣਾਂ ਵੀ ਮੁੜ ਤੋਂ ਸ਼ੁਰੂ ਹੋਈਆਂ। ਕਰੋਨਾ ਸੰਕਟ ਦੌਰਾਨ ਉਨ੍ਹਾਂ ਨੇ ਬੜੀ ਨਿਪੁੰਨਤਾ ਨਾਲ 60 ਤੋਂ ਵੱਧ ਅੰਤਰਰਾਸ਼ਟਰੀ ਉਡਾਣਾਂ ਨੂੰ ਲੰਡਨ, ਵੈਨਕੂਵਰ, ਟਰਾਂਟੋ, ਕੁਆਲਾਲੰਪੁਰ, ਸ੍ਰੀਲੰਕਾ, ਭੂਟਾਨ ਅਤੇ ਹੋਰਨਾਂ ਵਿਦੇਸ਼ੀ ਮੁਲਕਾਂ ਲਈ ਵਿਸ਼ੇਸ਼ ਉਡਾਨਾਂ ਰਵਾਨਾ ਕੀਤੀਆਂ।