ਖੇਤੀਬਾੜੀ ਮਸ਼ੀਨਰੀ ਦੀ ਖਰੀਦ ਦੇ ਘੁਟਾਲੇ ਦੀ ਜਾਂਚ ਹੋਵੇ : ਪ੍ਰੋ. ਚੰਦੂਮਾਜਰਾ
ਚੰਡੀਗੜ, 25 ਜੁਲਾਈ 2020: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਮੱਕੀ ਅਤੇ ਦਾਲਾਂ ਦੀ ਖਰੀਦ ਘੱਟੋ ਘੱਟ ਸਮਰਥਨ ਮੁੱਲ 'ਤੇ ਕਰਨ ਦਾ ਪ੍ਰਬੰਧ ਕਰਨ ਅਤੇ ਕਿਹਾ ਕਿ ਜਿਹੜੇ ਕਿਸਾਨਾਂ ਨੇ 2.5 ਲੱਖ ਹੈਕਟੇਅਰ ਵਿਚ ਮੱਕੀ ਦੀ ਫਸਲ ਬੀਜੀ ਸੀ, ਉਸਨੂੰ ਕਾਂਗਰਸ ਸਰਕਾਰ ਨੇ ਹੇਠਾਂ ਲਾ ਦਿੱਤਾ ਹੈ ਕਿਉਂਕਿ ਸਰਕਾਰ ਉਹਨਾਂ ਦੀ ਮਦਦ ਲਈ ਨਹੀਂ ਨਿਤਰੀ ਜਿਸ ਕਾਰਨ ਉਹਨਾਂ ਨੂੰ ਮੰਦੇ ਭਾਅ ਜਿਣਸ ਵੇਚਣੀ ਪੈ ਰਹੀ ਹੈ।
ਇਥੇ ਵਰੁਚਅਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਐਮ ਪੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜੇਕਰ ਸਰਕਾਰ ਮੱਕੀ ਦੀ ਖਰੀਦ ਜਨਤਕ ਵੰਡ ਪ੍ਰਣਾਲੀ ਲਈ ਕਰਦੀ ਤਾਂ ਫਿਰ ਕਿਸਾਨਾਂ ਨੂੰ ਜਿਣਸ ਦੀ ਪੂਰੀ ਕੀਮਤ ਦੇ ਕੇ ਬਚਾਇਆ ਜਾ ਸਕਦਾ ਸੀ। ਉਹਨਾਂ ਕਿਹਾ ਕਿ ਮੱਕੀ ਨਿਸ਼ਚਿਤ ਕੀਮਤ ਨਾਲੋਂ ਰੇਟ 'ਤੇ ਵੇਚਣ 'ਤੇ ਕੇਂਦਰ ਸਰਕਾਰ ਦੀ ਸਕੀਮ ਦਾ ਲਾਭ ਵੀ ਲਿਆ ਜਾ ਸਕਦਾ ਸੀ ਕਿਉਂਕਿ ਇਸਨੇ ਇਸ ਵਾਸਤੇ ਇਸ ਸਾਲ 14 ਹਜ਼ਾਰ ਕਰੋੜ ਰੁਪਏ ਰੱਖੇ ਸਨ। ਉਹਨਾਂ ਕਿਹਾ ਕਿ ਹਰਿਆਣਾ ਤੇ ਮੱਧ ਪ੍ਰਦੇਸ਼ ਵਰਗੇ ਸੂਬਿਆਂ ਨੇ ਇਸ ਸਕੀਮ ਦਾ ਲਾਭ ਲਿਆ ਹੈ ਤੇ ਕੇਂਦਰ ਤੋਂ ਮੱਕੀ ਲਈ ਮੁਆਵਜ਼ਾ ਹਾਸਲ ਕੀਤਾ ਹੈ ਪਰ ਅਜਿਹਾ ਜਾਪਦਾ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਮੁਸ਼ਕਿਲਾਂ ਪ੍ਰਤੀ ਦੋਗਲਾਪਨ ਅਪਣਾ ਰਹੀ ਹੈ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਰਾਜ ਸਰਕਾਰ ਨੂੰ ਕਿਸਾਨਾਂ ਵਾਸਤੇ ਖੇਤੀਬਾੜੀ ਮਸ਼ੀਨਰੀ ਖਰੀਦਣ ਲਈ ਦਿੱਤੀ 550 ਕਰੋੜ ਰੁਪਏ ਸਬਸਿਡੀ ਦੀ ਦੁਰਵਰਤੋਂ ਦੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਬਜਾਏ ਸਿੱਧਾ ਕਿਸਾਨਾਂ ਨੂੰ ਸਬਸਿਡੀ ਦੇਣ ਦੇ ਰਾਜ ਸਰਕਾਰ ਨੇ ਆਪ ਹੀ ਪ੍ਰਾਈਵੇਟ ਕੰਪਨੀਆਂ ਤੋਂ ਖੇਤੀਬਾੜੀ ਮਸ਼ੀਨਰੀ ਖਰੀਦਣ ਤੇ ਫਿਰ ਇਹ ਲਾਭ ਕਿਸਾਨਾਂ ਨੂੰ ਦੇਣ ਦਾ ਫੈਸਲਾ ਕੀਤਾ। ਉਹਨਾਂ ਕਿਹਾ ਕਿ ਖੇਤੀਬਾੜੀ ਮਸ਼ੀਨਰੀ ਅਸਲ ਕੀਮਤਾਂ ਨਾਲੋਂ ਵੱਧ ਕੀਮਤਾਂ 'ਤੇ ਖਰੀਦੀ ਗਈ ਤੇ ਸਰਕਾਰੀ ਅਧਿਕਾਰੀਆਂ ਤੇ ਪ੍ਰਾਈਵੇਟ ਕੰਪਨੀਆਂ ਨੇ ਆਪਣੇ ਸਿਆਸੀ ਆਕਾਵਾਂ ਨਾਲ ਮਿਲ ਕੇ ਇਸ ਵਿਚੋਂ ਹਿੱਸੇਦਾਰੀ ਵੰਡ ਲਈ।
ਉਦਾਹਰਣ ਦਿੰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪਰਾਲੀ ਦੀ ਸੰਭਾਲ ਲਈ ਮਸ਼ੀਨਰੀ ਬਜ਼ਾਰ ਵਿਚ 80 ਹਜ਼ਾਰ ਰੁਪਏ ਕੀਮਤ 'ਤੇ ਉਪਲਬਧ ਹੈ ਪਰ ਸਰਕਾਰ ਨੇ ਇਹ 1.05 ਲੱਖ ਰੁਪਏ ਪ੍ਰਤੀ ਯੂਨਿਟ ਦੀ ਦਰ 'ਤੇ ਖਰੀਦੀ। ਇਸੇ ਤਰੀਕੇ ਹੈਪੀ ਸੀਡਰ ਮਾਰਕੀਟ ਵਿਚ 1.30 ਲੱਖ ਦਾ ਮਿਲਦਾ ਹੈ ਪਰ ਸਰਕਾਰ ਨੇ 1.60 ਲੱਖ ਰੁਪਏ ਦਾ ਖਰੀਦਿਆ। ਉਹਨਾਂ ਕਿਹਾ ਕਿ ਹੈਪੀ ਸੀਡਰ ਤੇ ਹੋਰ ਮਸ਼ੀਨਰੀ ਮਾਰਕੀਟ ਵਿਚ ਜਿਸ ਕੀਮਤ 'ਤੇ ਉਪਲਬਧ ਹੈ, ਉਸ ਤੋਂ 20 ਤੋਂ 30 ਹਜ਼ਾਰ ਰੁਪਏ ਪ੍ਰਤੀ ਯੂਨਿਟ ਮਹਿੰਗੀ ਖਰੀਦੀ ਗਈ।
ਸਾਬਕਾ ਐਮ ਪੀ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਸਵਾਲ ਕੀਤਾ ਕਿ ਉਹ ਪੰਜਾਬ ਵਿਚ ਆਪਣੀ ਸਰਕਾਰ ਨੂੰ ਡੀਜ਼ਲ 'ਤੇ ਵੈਟ 10 ਰੁਪਏ ਪ੍ਰਤੀ ਲੀਟਰ ਘਟਾ ਕੇ ਕਿਸਾਨਾਂ ਨੂੰ ਲੋੜੀਂਦੀ ਰਾਹਤ ਦੇਣ ਦੀ ਮੰਗ ਕਿਉਂ ਨਹੀਂ ਕਰ ਰਹੇ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਪਹਿਲਾਂ ਹੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਪੈਟਰੋਲੀਅਮ ਪਦਾਰਥਾਂ 'ਤੇ ਕੇਂਦਰੀ ਆਬਕਾਰੀ ਡਿਊਟੀ ਘਟਾਵੇ। ਪ੍ਰੋ. ਚੰਦੂਮਾਜਰਾ ਨੈ ਇਹ ਵੀ ਮੰਗ ਕੀਤੀ ਕਿ ਕਾਂਗਰਸ ਸਰਕਾਰ ਡਿਜ਼ਾਸਟਰ ਮੈਨੇਜਮੈਂਟ ਫੰਡ ਵਿਚ ਇਕੱਤਰ 6 ਹਜ਼ਾਰ ਕਰੋੜ ਰੁਪਏ ਤੁਰੰਤ ਕਿਸਾਨਾਂ, ਮਜ਼ਦੂਰਾਂ ਤੇ ਹੁਨਰਮੰਦ ਵਰਕਰਾਂ ਦੀ ਮਦਦ ਲਈ ਜਾਰੀ ਕਰੇ ਤੇ ਉਹਨਾਂ ਨੂੰ ਸਿੱਧੀ ਰਾਹਤ ਦੇਵੇ।