ਨਗਰ ਨਿਗਮ ਕੋਂਸਲਰ ਮਮਤਾ ਆਸ਼ੂ ਨੇ ਫਿਰੋਜ਼ਪੁਰ ਰੋਡ 'ਤੇ ਮੀਂਹ ਦੇ ਪਾਣੀ ਇਕੱਠਾ ਹੋਣ ਸਬੰਧੀ ਐਨ.ਐਚ.ਏ.ਆਈ. ਅਧਿਕਾਰੀਆਂ ਦੀ ਕੀਤੀ ਖਿਚਾਈ
ਉਨ੍ਹਾਂ ਨੂੰ ਸਥਾਈ ਪ੍ਰਬੰਧ ਕਰਨ ਦੇ ਦਿੱਤੇ ਨਿਰਦੇਸ਼ ਤਾਂ ਜੋ ਲੋਕ ਪ੍ਰੇਸ਼ਾਨ ਨਾ ਹੋਣ
ਬੀ.ਆਰ.ਐਸ. ਨਗਰ 'ਚ ਲੈਈਅਰ ਵੈਲੀ ਅਤੇ ਸਿੱਧਵਾਂ ਨਹਿਰ ਦੇ ਅੰਡਰ ਪਾਸ ਦਾ ਵੀ ਕੀਤਾ ਦੌਰਾ
ਲੁਧਿਆਣਾ, 21 ਜੁਲਾਈ 2020: ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦੇ ਤਰਫੋਂ ਉਨ੍ਹਾਂ ਦੀ ਪਤਨੀ ਅਤੇ ਨਗਰ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਨੇ ਅੱਜ ਫਿਰੋਜ਼ਪੁਰ ਰੋਡ 'ਤੇ ਅਗਰ ਨਗਰ ਨੇੜੇ ਐਲੀਵੇਟਿਡ ਰੋਡ ਪ੍ਰਾਜੈਕਟ ਦਾ ਦੌਰਾ ਕੀਤਾ। ੳਨ੍ਹਾਂ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐਨ.ਐਚ.ਏ.ਆਈ.) ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਇਹ ਨਿਰਦੇਸ਼ ਦਿੱਤੇ ਕਿ ਕਿਸੇ ਵੀ ਸੂਰਤ 'ਚ ਸੜਕ 'ਤੇ ਬਰਸਾਤੀ ਪਾਣੀ ਇਕੱਠਾ ਨਾ ਹੋਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਮਮਤਾ ਆਸ਼ੂ ਦੇ ਨਾਲ ਨਗਰ ਨਿਗਮ ਕੌਂਸਲਰ ਸ੍ਰੀ ਪੰਕਜ ਕਾਕਾ, ਸ੍ਰੀਮਤੀ ਸੀਮਾ ਕਪੂਰ, ਸੀਨੀਅਰ ਕਾਂਗਰਸੀ ਆਗੂ ਸ੍ਰੀ ਸੁਨੀਲ ਕਪੂਰ, ਐਸ.ਡੀ.ਐਮ. ਲੁਧਿਆਣਾ (ਪੱਛਮੀ) ਸ੍ਰੀ ਅਮਰਿੰਦਰ ਸਿੰਘ ਮੱਲ੍ਹੀ ਵੀ ਮੌਜੂਦ ਸਨ।
ਸ੍ਰੀਮਤੀ ਮਮਤਾ ਆਸ਼ੂ ਨੇ ਦੱਸਿਆ ਕਿ ਫਿਰੋਜ਼ਪੁਰ ਰੋਡ 'ਤੇ ਅਗਰ ਨਗਰ ਇਲਾਕੇ ਨੇੜੇ ਪਾਣੀ ਇਕੱਠਾ ਹੋਣ ਦੀਆਂ ਕਈ ਸ਼ਿਕਾਇਤਾਂ ਆਈਆਂ ਸਨ, ਜਿਸ ਨਾਲ ਨਾ ਸਿਰਫ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਸੀ ਬਲਕਿ ਸੜਕੀ ਹਾਦਸੇ ਵੀ ਹੋ ਸਕਦੇ ਹਨ। ਉਨ੍ਹਾਂ ਕਿਹਾ ਪਾਣੀ ਖੜ੍ਹਾ ਹੋਣ ਨਾਲ ਜਿੱਥੇ ਸੜਕਾਂ ਨੂੰ ਨੁਕਸਾਨ ਪਹੁੰਚਦਾ ਹੈ ਉੱਥੇੇ ਨਾਲ-ਨਾਲ ਸਰਕਾਰੀ ਖਜ਼ਾਨੇ ਦਾ ਨੁਕਸਾਨ ਵੀ ਹੁੰਦਾ ਹੈ। ਉਨ੍ਹਾਂ ਐਨ.ਐਚ.ਏ.ਆਈ. ਦੇ ਅਧਿਕਾਰੀਆਂ ਨੂੰ ਇਸ ਸਮੱਸਿਆ ਦੇ ਪੱਕੇ ਹੱਲ ਲਈ ਵਿਧੀ ਤਿਆਰ ਕਰਨ ਵਿੱਚ ਅਸਫਲ ਰਹਿਣ ਲਈ ਤਾੜਨਾ ਕੀਤੀ।
ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਜੇਕਰ ਇਸ ਮੁੱਦੇ ਦਾ ਹੁਣ ਹੱਲ ਨਾ ਕੀਤਾ ਗਿਆ ਤਾਂ ਇਹ ਭਵਿੱਖ ਵਿੱਚ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਉਨ੍ਹਾਂ ਦੀ ਪਹਿਲ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਭਾਰਤ ਭੂਸ਼ਣ ਆਸ਼ੂ ਅਤੇ ਉਨ੍ਹਾਂ ਦੀ ਟੀਮ ਵਿਸ਼ੇਸ਼ ਤੌਰ 'ਤ ਇਸ ਪ੍ਰੋਜੈਕਟ ਦੀ ਨਿਗਰਾਨੀ ਕਰ ਰਹੀ ਹੈ।
ਬਾਅਦ ਵਿੱਚ ੳਨ੍ਹਾਂ ਭਾਈ ਰਣਧੀਰ ਸਿੰਘ ਨਗਰ ਵਿੱਚ ਡੀ.ਏ.ਵੀ. ਪਬਲਿਕ ਸਕੂਲ ਨੇੜੇ ਚੱਲ ਰਹੇ ਲਈਅਰ ਵੈਲੀ ਦੇ ਨਿਰਮਾਣ ਕਾਰਜ਼ ਦਾ ਵੀ ਦੌਰਾ ਵੀ ਕੀਤਾ ਅਤੇ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਫਿਰੋਜ਼ਪੁਰ ਰੋਡ ਨੇੜੇ ਸਿੱਧਵਾਂ ਨਹਿਰ ਦੇ ਨਾਲ ਲੱਗਦੇ ਅੰਡਰਪਾਸ ਦਾ ਦੌਰਾ ਵੀ ਕੀਤਾ। ੳਨ੍ਹਾਂ ਪੀ.ਡਬਲਯੂ.ਡੀ. (ਬੀ.ਐਂਡ.ਆਰ) ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਗਟਰਾਂ ਦੀ ਚੰਗੀ ਤਰ੍ਹਾਂ ਸਾਫ-ਸਫਾਈ ਕਰਵਾਈ ਜਾਵੇ ਤਾਂ ਜੋ ਉਥੇ ਪਾਣੀ ਇਕੱਠਾ ਨਾ ਹੋ ਸਕੇ। ੳਨ੍ਹਾਂ ਪੀਡਬਲਯੂਡੀ (ਬੀ.ਐਂਡ.ਆਰ) ਦੇ ਸੀਨੀਅਰ ਅਧਿਕਾਰੀਆਂ ਨੂੰ ਕਿਹਾ ਕਿ ਉਹ ਜਲਦੀ ਹੀ ਇਸ ਜਗ੍ਹਾ ਦਾ ਦੁਵਾਰਾ ਦੌਰਾ ਕਰਨਗੇ ਅਤੇ ਹਦਾਇਤ ਕੀਤੀ ਕਿ ਕਿਸੇ ਵੀ ਹੀਲੇ ਬਰਸਾਤ ਦੇ ਮੌਸਮ ਦੌਰਾਨ ਪਾਣੀ ਇਕੱਠਾ ਨਾ ਹੋਵੇ।