ਅਸ਼ੋਕ ਵਰਮਾ
ਬਠਿੰਡਾ, 20 ਜੁਲਾਈ 2020: ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ, ਬਠਿੰਡਾ ਨੇ ਮਾਈਕਰੋਸਾਫ਼ਟ ਟੀਮਜ਼ ਰਾਹੀਂ ਮੈਕਸ ਹੈਲਥਕੇਅਰ ਦੇ ਸਹਿਯੋਗ ਨਾਲ ਔਰਤ ਫੈਕਲਟੀ ਮੈਂਬਰਾਂ ਅਤੇ ਵਿਦਿਆਰਥਣਾਂ ਨੂੰ ਜਾਣੂ ਕਰਵਾਉਣ ਲਈ ‘ਪੋਲੀ ਸਿਸਟਿਕ ਅੰਡਕੋਸ਼ ਬਿਮਾਰੀ (ਪੀ.ਸੀ.ਓ.ਡੀ)’ ਬਾਰੇ ਇੱਕ ਵਿਸ਼ੇਸ਼ ਵੈਬੀਨਾਰ ਕਰਵਾਇਆ । ਇਸ ਵੈਬੀਨਾਰ ਵਿੱਚ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਬਠਿੰਡਾ ਤੋਂ ਡਾ. ਰੀਤੂ ਗਰਗ, ਸਲਾਹਕਾਰ (ਗਾਇਨੀਕਾਲੋਜਿਸਟ) ਨੇ ਮਾਹਿਰ ਵਜੋਂ ਸ਼ਿਰਕਤ ਕੀਤੀ। ਡਾ. ਰੀਤੂ ਗਰਗ ਆਪਣੇ ਖੇਤਰ ਵਿਚ ਮਾਹਿਰ ਡਾਕਟਰ ਹੈ ਅਤੇ ਉਹ ਨਿਯਮਤ ਆਧਾਰ ‘ਤੇ ਪੀ.ਸੀ.ਓ.ਡੀ. ਪ੍ਰਭਾਵਿਤ ਕੇਸਾਂ ਦੇ ਅਧਿਐਨ ਨੂੰ ਵੇਖ ਰਹੀ ਹੈ। ਇਸ ਵੈਬੀਨਾਰ ਵਿੱਚ ਲਗਭਗ 315 ਔਰਤ ਫੈਕਲਟੀ ਮੈਂਬਰਾਂ ਅਤੇ ਵਿਦਿਆਰਥਣਾਂ ਸ਼ਾਮਲ ਹੋਈਆਂ। ਡਾ. ਰੀਤੂ ਗਰਗ ਨੇ ਇਸ ਬਿਮਾਰੀ ਦੀਆਂ ਵੱਖ-ਵੱਖ ਸਥਿਤੀਆਂ ਅਤੇ ਕਿਸਮਾਂ ਬਾਰੇ ਬਹੁਤ ਚੰਗੀ ਤਰਾਂ ਦੱਸਿਆ । ਉਨਾਂ ਨੇ ਔਰਤ ਦੇ ਸਰੀਰ ਵਿਚ ਇਸ ਬਿਮਾਰੀ ਦੀ ਸ਼ੁਰੂਆਤ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਨਾਂ ਨਾਲ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ ।
ਉਨਾਂ ਕਿਹਾ ਕਿ ਇਸ ਤੋਂ ਬਾਅਦ ਉਨਾਂ ਨੇ ਵਿਅਕਤੀਗਤ ਪੱਧਰ ‘ਤੇ ਇਸ ਬਿਮਾਰੀ ਦੇ ਵੱਖ-ਵੱਖ ਰੋਕਥਾਮ ਉਪਾਵਾਂ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ। ਉਨਾਂ ਨੇ ਮਾਹਿਰ ਦੀ ਸਲਾਹ ਲੈਣ ਦੀ ਲੋੜ ‘ਤੇ ਵਿਸ਼ੇਸ਼ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਸਰੀਰ ਵਿਚ ਕੋਈ ਵੀ ਲੱਛਣ ਦਿਖਾਈ ਦਿੰਦਾ ਹੈ ਤਾਂ ਮਾਹਿਰ ਦੀ ਸਲਾਹ ਲੈਣੀ ਚਾਹੀਦੀ ਹੈ ਕਿਉਂਕਿ ਇਲਾਜ ਵਿਚ ਬੇਲੋੜੀ ਦੇਰੀ ਭਵਿੱਖ ਵਿਚ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਇਸ ਤੋਂ ਇਲਾਵਾ, ਉਨਾਂ ਨੇ ਇਸ ਬਿਮਾਰੀ ਇਲਾਜ ਦੇ ਦੇ ਵੱਖੋ-ਵੱਖਰੇ ਤਰੀਕਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਜੋ ਕਿ ਜ਼ਰੂਰਤ ਪੈਣ ਤੇ ਪੇਸ਼ੇਵਰ ਤੌਰ ’ਤੇ ਅਪਣਾਏ ਜਾ ਸਕਦੇ ਹਨ। ਉਨਾਂ ਕਿਹਾ ਕਿ ਅੰਕੜੇ ਦੱਸਦੇ ਹਨ ਕਿ ਹਰ 10 ਔਰਤਾਂ ਵਿੱਚੋਂ 1 ਔਰਤ ਇਸ ਬਿਮਾਰੀ ਤੋਂ ਪੀੜਤ ਹੈ।
ਡਾ. ਗਰਗ ਨੇ ਸਲਾਹ ਦਿੱਤੀ ਹੈ ਕਿ ਸੁਸਤ ਜੀਵਨ-ਸ਼ੈਲੀ, ਖਾਣ ਪੀਣ ਦੀਆਂ ਮਾੜੀਆਂ ਆਦਤਾਂ ਅਤੇ ਹੋਰ ਮਾੜੀਆਂ ਸਿਹਤਮੰਦ ਜੀਵਨ ਪ੍ਰਣਾਲੀਆਂ ਦੀ ਬਜਾਏ ਇੱਕ ਸਰਗਰਮ ਜੀਵਨ ਸ਼ੈਲੀ ਨੂੰ ਅਪਣਾਇਆ ਜਾਣਾ ਚਾਹੀਦਾ ਹੈ ਜੋ ਕਸਰਤਾਂ, ਖ਼ੁਸ਼ਹਾਲ ਰਹਿਣ ਸਹਿਣ, ਹਰੀਆਂ ਸਬਜ਼ੀਆਂ ਸਮੇਤ ਸਿਹਤਮੰਦ ਖਾਣ ਪੀਣ ਦੀਆਂ ਆਦਤਾਂ ਨਾਲ ਭਰਪੂਰ ਹੋਵੇ। ਅਸਲ ਵਿਚ, ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਥੋੜੇ ਜਿਹੇ ਬਦਲਾਅ ਹੀ ਅਸਚਰਜ ਅਤੇ ਸਿਹਤਮੰਦ ਤਬਦੀਲੀਆਂ ਲਿਆ ਸਕਦੇ ਹਨ। ਇਸ ਵੈਬੀਨਾਰ ਦਾ ਸੰਚਾਲਨ ਪ੍ਰੋ. ਅੰਮਿ੍ਰਤ ਤੱਗੜ ਨੇ ਬਾਖ਼ੂਬੀ ਕੀਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਕਾਲਜ ਦੇ ਪਿੰ੍ਰਸੀਪਲ ਡਾ. ਜੈ ਅਸੀਸ ਸੇਠੀ ਨੇ ਔਰਤ ਫੈਕਲਟੀ ਮੈਂਬਰਾਂ ਅਤੇ ਵਿਦਿਆਰਥਣਾਂ ਲਈ ਇਸ ਜਾਣਕਾਰੀ ਭਰਪੂਰ ਵੈਬੀਨਾਰ ਨੂੰ ਸਫਲਤਾਪੂਰਵਕ ਕਰਵਾਉਣ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ।