ਮੁੱਖ ਮੰਤਰੀ ਨੂੰ ਪੱਤਰ ਲਿਖਕੇ ਮਾਮਲੇ ਦੀ ਛੇਤੀ ਜਾਂਚ ਕਰਵਾਏ ਜਾਣ ਲਈ ਵੀ ਆਖਿਆ
ਚੰਡੀਗੜ, 21 ਜੁਲਾਈ, 2020 : ਸਾਬਕਾ ਐਮ ਪੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਉਹਨਾਂ ਬਾਰੇ ਸੋਸ਼ਲ ਮੀਡੀਆ 'ਤੇ ਚਲਾਈਆਂ ਜਾ ਰਹੀਆਂ ਝੂਠੀਆਂ ਤੇ ਕੂੜ ਪ੍ਰਚਾਰ ਵੱਲ ਸੇਧਤ ਖਬਰਾਂ ਦੇ ਮਾਮਲੇ ਵਿਚ ਸੂਬੇ ਦੇ ਸਾਈਬਰ ਕ੍ਰਾਈਮ ਸੈਲ ਵਿਚ ਸ਼ਿਕਾਇਤ ਦਰਜ ਕਰਵਾਈ ਜਦਕਿ ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੱਖਰੇ ਤੌਰ 'ਤੇ ਪੱਤਰ ਲਿਖ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਐਮ ਪੀ ਨੇ ਕਿਹਾ ਕਿ ਉਹਨਾਂ ਨੇ ਸੂਬੇ ਦੇ ਸਾਈਬਰ ਕ੍ਰਾਈਮ ਸੈਲ ਨੂੰ ਦੱਸ ਦਿੱਤਾ ਹੈ ਕਿ ਕਿਵੇਂ ਉਹਨਾਂ ਬਾਰੇ ਝੂਠੇ ਤੇ ਗੁੰਮਰਾਹਕੁੰਨ ਬਿਆਨ ਖਬਰਾਂ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਕਦੇ ਵੀ ਅਜਿਹੇ ਬਿਆਨ ਨਹੀਂ ਦਿੱਤੇ ਅਤੇ ਇਹ ਮੁਹਿੰਮ ਉਹਨਾਂ ਦੇ ਵਿਰੋਧੀਆਂ ਵੱਲੋਂ ਉਹਨਾਂ ਦੇ ਅਕਸ ਨੂੰ ਢਾਹ ਲਾਉਣ ਲਈ ਚਲਾਈ ਜਾ ਰਹੀ ਹੈ।
ਪ੍ਰੋ. ਚੰਦੂਮਾਜਰਾ ਨੇ ਇਹ ਵੀ ਸਪਸ਼ਟ ਕੀਤਾ ਕਿ ਉਹ ਡੇਰਾ ਸਿਰਸਾ ਦੇ ਮੁਖੀ ਵੱਲੋਂ ਦਸਵੇਂ ਗੁਰੂ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਦਾ ਸਵਾਂਗ ਰਚਾਉਣ ਦੇ ਮਾਮਲੇ ਵਿਚ ਉਸਦੇ ਖਿਲਾਫ ਬੋਲਣ ਵਾਲੇ ਪਹਿਲੇ ਵਿਅਕਤੀ ਹਨ। ਉਹਨਾਂ ਕਿਹਾ ਕਿ ਇਸ ਸਬੰਧ ਵਿਚ ਉਹਨਾਂ ਖਿਲਾਫ ਸੋਸ਼ਲ ਮੀਡੀਆ 'ਤੇ ਘੁੰਮਾਈ ਜਾ ਰਹੀ ਝੂਠੀ ਤੇ ਬੇਬੁਨਿਆਦ ਖਬਰ ਦਾ ਮਕਸਦ ਸਿੱਖ ਜਗਤ ਵਿਚ ਉਹਨਾਂ ਦੀ ਬਦਨਾਮੀ ਕਰਨਾ ਹੈ। ਉਹਨਾਂ ਕਿਹਾ ਕਿ ਇਸ ਝੂਠੀ ਖਬਰ ਨਾਲ ਸਿੱਖਾਂ ਦੇ ਹਿਰਦੇ ਵੀ ਵਲੂੰਧਰੇ ਗਏ ਹਨ ਕਿਉਂਕਿ ਜਾਅਲਸਾਜ਼ੀ ਕਰਨ ਵਾਲਿਆਂ ਵੱਲੋਂ ਕੀਤੇ ਗੁੰਮਰਾਹਕੁੰਨ ਪ੍ਰਚਾਰ ਕਾਰਨ ਕਈ ਲੋਕ ਭੰਬਲਭੂਸੇ ਵਿਚ ਪਏ ਹਨ। ਉਹਨਾਂ ਕਿਹਾ ਕਿ ਇਹ ਝੂਠੀਆਂ ਖਬਰਾਂ ਫੈਲਾਉਣ ਵਾਲੇ ਅਨੁਸਰਾਂ ਖਿਲਾਫ ਤੁਰੰਤ ਕੇਸ ਦਰਜ ਹੋਣਾ ਚਾਹੀਦਾ ਹੈ ਤੇ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਅਕਾਲੀ ਦਲ ਦੇ ਆਗੂ ਨੇ ਮੁੱਖ ਮੰਤਰੀ ਨੂੰ ਵੱਖਰੇ ਤੌਰ 'ਤੇ ਪੱਤਰ ਲਿਖਿਆ ਤੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਕੀਤੇ ਜਾ ਰਹੇ ਕੂੜ ਪ੍ਰਚਾਰ ਕਾਰਨ ਸਿਆਸੀ ਸ਼ਖਸੀਅਤਾਂ ਵੀ ਪ੍ਰਭਾਵਤ ਹੋ ਰਹੀਆਂ ਹਨ। ਉਹਨਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਸ ਸਾਰੇ ਮਾਮਲੇ ਦੀ ਤੇਜ਼ ਰਫਤਾਰ ਨਾਲ ਡੂੰਘਾਈ ਨਾਲ ਜਾਂਚ ਕੀਤੇ ਜਾਣ ਦੇ ਹੁਕਮ ਜਾਰੀ ਕਰਨ। ਉਹਨਾਂ ਨੇ ਇਹ ਵੀ ਬੇਨਤੀ ਕੀਤੀ ਕਿ ਝੂਠੀਆਂ ਖਬਰਾਂ ਬਣਾ ਕੇ ਵਟਸਐਪ ਤੇ ਹੋਰ ਸੋਸ਼ਲ ਮੀਡੀਆ 'ਤੇ ਪਾਉਣ ਵਾਲੇ ਅਨਸਰਾਂ ਖਿਲਾਫ ਵੀ ਠੋਸ ਕਾਰਵਾਈ ਹੋਣੀ ਚਾਹੀਦੀ ਹੈ।