← ਪਿਛੇ ਪਰਤੋ
ਪ੍ਰਸ਼ਾਸਨ ਵੱਲੋਂ ਸ਼ਹੀਦ ਦੇ ਪਰਿਵਾਰ ਦੀ ਹਰ ਬਣਦੀ ਮਦਦ ਕੀਤੀ ਜਾਵੇਗੀ-ਚੰਦਰ ਗੈਂਦ ਜੀ ਐਸ ਪੰਨੂ ਪਟਿਆਲਾ, 27 ਜੁਲਾਈ 2020: ਪਟਿਆਲਾ ਦੇ ਡਵੀਜ਼ਨਲ ਕਮਿਸ਼ਨਰ ਚੰਦਰ ਗੈਂਦ ਨੇ ਲੰਘੀ 7 ਜੁਲਾਈ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ਖੇਤਰ ਸ਼ਹੀਦ ਹੋਏ ਭਾਰਤੀ ਫ਼ੌਜ ਦੇ ਸੈਨਿਕ ਨਾਇਕ ਰਾਜਵਿੰਦਰ ਸਿੰਘ ਦੇ ਮਾਤਾ-ਪਿਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਦੁੱਖ ਸਾਂਝਾ ਕੀਤਾ । ਕਮਿਸ਼ਨਰ ਨੇ ਪਰਿਵਾਰ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਸ਼ਹੀਦ ਦੇ ਪਰਿਵਾਰ ਦੀ ਹਰ ਬਣਦੀ ਮਦਦ ਕੀਤੀ ਜਾਵੇਗੀ। ਇਸ ਮੌਕੇ ਚੰਦਰ ਗੈਂਦ ਨੇ ਸ਼ਹੀਦ ਦੇ ਪਿਤਾ ਅਵਤਾਰ ਸਿੰਘ ਅਤੇ ਮਾਤਾ ਸ੍ਰੀਮਤੀ ਮਹਿੰਦਰ ਕੌਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਜਿਸ ਬਹਾਦਰੀ ਨਾਲ ਸ਼ਹੀਦ ਰਾਜਵਿੰਦਰ ਸਿੰਘ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰੱਖਿਆ ਕਰਨ ਲਈ ਅਤਿਵਾਦੀਆਂ ਦਾ ਮੁਕਾਬਲਾ ਕਰਕੇ ਸ਼ਹਾਦਤ ਦਾ ਜਾਮ ਪੀਤਾ ਉਹ ਲਾਮਿਸਾਲ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਰਾਜਵਿੰਦਰ ਸਿੰਘ ਦੀ ਸ਼ਹੀਦੀ ਨੂੰ ਸਦਾ ਯਾਦ ਰੱਖਿਆ ਜਾਵੇਗਾ। ਡਵੀਜ਼ਨਲ ਕਮਿਸ਼ਨਰ ਨੇ ਦੁਖੀ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕਰਦਿਆਂ ਕਿਹਾ ਕਿ ਉਹ ਆਪ ਤੇ ਪੰਜਾਬ ਸਰਕਾਰ ਨਾਲੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਦੇ ਪਰਿਵਾਰ ਲਈ ਪੈਦਾ ਹੋਈ ਇਸ ਦੁੱਖ ਦੀ ਘੜੀ 'ਚ ਰਾਜਵਿੰਦਰ ਸਿੰਘ ਦੇ ਪਰਿਵਾਰ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਸ਼ਹਾਦਤ ਅਨਮੋਲ ਹੁੰਦੀ ਹੈ ਪਰੰਤੂ ਪੰਜਾਬ ਦੇ ਮੁੱਖ ਮੰਤਰੀ ਨੇ ਸ਼ਹੀਦ ਦਾ ਸਤਿਕਾਰ ਕਰਦਿਆਂ ਪਰਿਵਾਰ ਲਈ 50 ਲੱਖ ਰੁਪਏ ਦੀ ਵਿੱਤੀ ਸਹਾਇਤਾ ਤੇ ਪਰਿਵਾਰ ਦੇ ਇੱਕ ਯੋਗ ਜੀਅ ਨੂੰ ਨੌਕਰੀ ਦੇਣ ਸਮੇਤ ਪਰਿਵਾਰ ਅਤੇ ਗ੍ਰਾਮ ਪੰਚਾਇਤ ਪਿੰਡ ਦੋਦੜਾ ਦੀ ਮੰਗ ਮੁਤਾਬਕ ਸ਼ਹੀਦ ਦੀ ਢੁਕਵੀਂ ਯਾਦਗਾਰ ਵੀ ਬਣਾਉਣ ਦਾ ਐਲਾਨ ਕੀਤਾ ਹੈ, ਜਿਸਨੂੰ ਜਲਦ ਹੀ ਪੂਰਾ ਕਰ ਦਿੱਤਾ ਜਾਵੇਗਾ। ਪਰਿਵਾਰ ਨੇ ਚੰਦਰ ਗੈਂਦ ਨੂੰ ਸ਼ਹੀਦ ਰਾਜਵਿੰਦਰ ਸਿੰਘ ਵੱਲੋਂ ਦੁਸ਼ਮਣਾਂ ਦਾ ਟਾਕਰਾ ਬਹਾਦਰੀ ਨਾਲ ਕਰਨ ਦੀ ਵਿਥਿਆ ਸੁਣਾਈ, ਤਾਂ ਉਨ੍ਹਾਂ ਕਿਹਾ ਕਿ ਪਰਿਵਾਰ ਦਾ ਕੋਈ ਵੀ ਯੋਗ ਕੰਮ ਪਹਿਲ ਦੇ ਅਧਾਰ 'ਤੇ ਪੂਰਾ ਕਰਵਾਇਆ ਜਾਵੇਗਾ।
Total Responses : 265