← ਪਿਛੇ ਪਰਤੋ
ਪ੍ਰਸ਼ਾਸ਼ਨ ਕਰੋਨਾ ਨੂੰ ਹਰਾਉਣ ਲਈ ਪੂਰੀ ਤਰ੍ਹਾਂ ਮੁਸਤੈਦ : ਸੋਨਾਲੀ ਗਿਰੀ ਜ਼ਿਲ੍ਹਾ ਵਾਸੀਆਂ ਨੂੰ ਆਪਣੇ ਮੋਬਾਇਲਾਂ ਤੇ ਕੋਵਾ ਐਪ ਡਾਊਨਲੋਡ ਕਰਨ ਦੀ ਅਪੀਲ ਹਰੀਸ਼ ਕਾਲੜਾ ਰੂਪਨਗਰ, 27 ਜੁਲਾਈ 2020 : ਸ਼੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਨੇ ਕਰੋਨਾ ਦੀ ਲੜਾਈ ਫਤਿਹ ਕਰਨ ਉਪਰੰਤ ਅੱਜ ਮੁੜ ਤੋਂ ਦਫਤਰ ਜੁਆਇੰਨ ਕਰ ਲਿਆ ਹੈ। ਡਿਪਟੀ ਕਮਿਸ਼ਨਰ ਰੋਜ਼ਾਨਾ ਦੀ ਤਰ੍ਹਾਂ ਹੁਣ ਸਵੇਰੇ 09 ਵਜੇ ਤੋਂ ਜਨਤਾ ਦੀਆਂ ਮੁਸ਼ਕਿਲਾਂ ਦੀ ਸੁਣਵਾਈ ਲਈ ਦਫਤਰ ਹਾਜ਼ਰ ਰਹਿਣਗੇ। ਸ਼੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਇਸ ਔਖੀ ਘੜੀ ਵਿੱਚ ਸਮੂਹ ਵਰਗਾਂ ਨੂੰ ਆਪਣੀ ਜ਼ੰਮੇਵਾਰੀ ਨਿਭਾਉਂਦੇ ਹੋਏ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਕਰੋਨਾ ਦੀ ਲੜਾਈ ਵਿੱਚ ਮੁੱਖ ਤੌਰ ਤੇ ਮਾਸਕ ਪਾਉਣ ਨਾਲ ਕਾਫੀ ਹੱਦ ਤੱਕ ਬਚਾਅ ਹੋ ਸਕਦਾ ਹੈ ਇਸ ਦੇ ਨਾਲ ਹੀ ਸਮਾਜਿਕ ਦੂਰੀ ਦੇ ਮਾਪਦੰਡਾਂ ਨੂੰ ਅਪਣਾ ਕੇ ਘੱਟੋ ਘੱਟ 2 ਗਜ਼ ਦੀ ਫਾਸਲਾ ਬਣਾ ਕੇ ਰੱਖਿਆ ਜਾਵੇ। ਸ਼੍ਰੀਮਤੀ ਸੋਨਾਲੀ ਗਿਰੀ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਰ ਵਿਅਕਤੀ ਵਲੋਂ ਆਪਣੇ ਫੋਨ 'ਤੇ ਕੋਵਾ ਐਪ ਡਾਊਨਲੋਡ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਐਪ ਦਾ ਸਭ ਤੋਂ ਚੰਗਾ ਫੀਚਰ ਇਹ ਹੈ ਕਿ ਇਹ ਸਾਡੇ ਨਜ਼ਦੀਕ ਦੇ ਕੋਵਿਡ ਮਰੀਜ ਤੋਂ ਦੂਰੀ ਬਾਰੇ ਦੱਸਦਾ ਹੈ ਅਤੇ ਜੇਕਰ ਅਸੀਂ ਕਿਸੇ ਸ਼ੱਕੀ ਮਰੀਜ ਦੇ ਨਜ਼ਦੀਕ ਵੀ ਜਾਂਦੇ ਹਾਂ, ਤਾਂ ਇਹ ਸਾਨੂੰ ਸਾਵਧਾਨ ਕਰਦਾ ਹੈ। ਇਸ ਐਪ 'ਤੇ ਕੋਵਿਡ ਸਬੰਧੀ ਹਰ ਸਰਕਾਰੀ ਜਾਣਕਾਰੀ ਮਿਲਦੀ ਹੈ। ਕੋਵਿਡ ਮਰੀਜ਼ਾਂ ਸਬੰਧੀ ਰਿਅਲ ਟਾਈਮ ਸੂਚਨਾ ਵੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਕੋਵਾ ਐਪ ਪੂਰੀ ਤਰ੍ਹਾਂ ਸੁਰੱਖਿਅਤ ਐਪ ਹੈ, ਜਿਸ 'ਤੇ ਕੋਵਿਡ-19 ਸਬੰਧੀ ਹਰ ਜ਼ਰੂਰੀ ਜਾਣਕਾਰੀ ਸਰਕਾਰ ਵਲੋਂ ਮੁਹੱਈਆ ਕਰਵਾਈ ਜਾਂਦੀ ਹੈ। ਇਸ ਐਪ ਰਾਹੀਂ ਲੋਕ ਈ-ਪਾਸ ਵੀ ਜਨਰੇਟ ਕਰ ਸਕਦੇ ਹਨ। ਈ-ਸੰਜੀਵਨੀ ਰਾਹੀਂ ਡਾਕਟਰਾਂ ਨਾਲ ਵੀਡੀਓ ਕਾਲ ਕਰ ਸਕਦੇ ਹਾਂ। ਦੂਸਰੇ ਸੂਬਿਆਂ ਤੋਂ ਆਉਣ ਵਾਲੇ ਜਾਂ ਭੀੜ ਦੀ ਸੂਚਨਾ ਦੇ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਇਹ ਬਲੂਟੂਥ ਅਤੇ ਲੋਕੇਸ਼ਨ ਦੇ ਆਧਾਰ 'ਤੇ ਯੂਜਰ ਨੂੰ ਕੋਵਿਡ ਦੇ ਖਤਰੇ ਪ੍ਰਤੀ ਸਾਵਧਾਨ ਕਰਦਾ ਹੈ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਕਿਸੇ ਵੀ ਅਫਵਾਹ ਤੋਂ ਬਚਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਪ੍ਰਸ਼ਾਸ਼ਨ ਇਸ ਔਖੀ ਘੜੀ ਵਿੱਚ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਲੋਕਾਂ ਨੂੰ ਕਿਸੇ ਤਰ੍ਹਾਂ ਵੀ ਘਬਰਾਉਣ ਦੀ ਲੋੜ ਨਹੀਂ।
Total Responses : 265