ਅਸ਼ੋਕ ਵਰਮਾ
ਮਾਨਸਾ, 27 ਜੁਲਾਈ 2020: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਰਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ 5100 ਰੁਪਏ ਦੀ ਸਨਮਾਨ ਰਾਸ਼ੀ ਵਿੱਚ ਸੂਬੇ ਦੇ 335 ਬੱਚਿਆਂ ਚੋਂ ਜਿਲਾ ਵਾਰ ਸਭ ਤੋਂ ਵੱਧ ਗਿਣਤੀ ਮਾਨਸਾ ਦੇ 19 ਵਿਦਿਆਰਥੀਆਂ ਦੀ ਹੈ। ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸੁਰਜੀਤ ਸਿੰਘ ਨੇ ਇਸ ਪ੍ਰਾਪਤੀ ਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਵੀ ਦਿੱਤੀ। ਉਨਾਂ ਅੱਜ ਸਭ ਤੋਂ ਵੱਧ ਨੰਬਰ 449/450 ਹਾਸਲ ਕਰਨ ਵਾਲੀ ਸਿਮਰਜੀਤ ਕੌਰ ਬੁਢਲਾਡਾ ਦਾ ਮੂੰਹ ਮਿੱਠਾ ਕਰਵਾਇਆ ਅਤੇ ਅਸ਼ੀਰਵਾਦ ਦਿੱਤਾ।ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮਾਨਸਾ ਜ਼ਿਲੇ ਤੋਂ ਬਾਅਦ ਦੂਜੇ ਸਥਾਨ ਤੇ ਜ਼ਿਲਾ ਫਾਜ਼ਿਲਕਾ ਦੇ 18 ਵਿਦਿਆਰਥੀ ਹਨ ਜਦੋਂਕਿ ਤੀਸਰੇ ਸਥਾਨ ਤੇ 12-12 ਵਿਦਿਆਰਥੀਆਂ ਨਲ ਬਠਿੰਡਾ, ਸੰਗਰੂਰ ਹਨ।
ਉਨਾਂ ਦੱਸਿਆ ਕਿ ਮਾਨਸਾ ਜ਼ਿਲੇ ਦੇ 19 ਵਿਦਿਆਰਥੀਆਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੁਢਲਾਡਾ ਦੇ 4 ਵਿਦਿਆਰਥੀ ਹਨ ਜਦੋਂਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਆਲਮਪੁਰ ਮੰਦਰਾਂ ਦੇ ਵੀ 4 ਬਾਜੇਵਾਲਾ ਸਕੂਲ ਦੇ ਤਿੰਨ, ਰਿਉੰਦ ਕਲਾਂ ਦਾ ਇੱਕ, ਭੈਣੀਬਾਘਾ ਸਕੂਲ ਦੇ ਦੋ ਜੋਗਾ ਸਕੂਲ ਝੰਡਾ ਖੁਰਦ ਅਤੇ ਖੈਰਾ ਖੁਰਦ ਦਾ ਇੱਕ ਵਿਦਿਆਰਥੀ ਹੈ। ਇਸੇ ਤਰਾਂ ਹੋਰ ਵੀ ਵਿਦਿਆਰਥੀਆਂ ਨੇ ਮਾਨਸਾ ਦੇ ਸਰਕਾਰੀ ਸਕੂਲਾਂ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ।ਮਾਨਸਾ ਦੇ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ, ਨੋਡਲ ਅਫਸਰ ਰੇਨੂੰ ਗੁਪਤਾ, ਉੱਪ ਜ਼ਿਲਾ ਸਿੱਖਿਆ ਅਫਸਰ ਜਗਰੂਪ ਭਾਰਤੀ, ਡਾਇਟ ਪਿ੍ਰੰਸੀਪਲ ਡਾ ਬੂਟਾ ਸਿੰਘ ਸੇਖੋਂ, ਜ਼ਿਲਾ ਗਾਈਡੈਂਸ ਤੇ ਕੌਸਲਰ ਨਰਿੰਦਰ ਸਿੰਘ ਮੋਹਲ ਅਤੇ ਸਿੱਖਿਆ ਵਿਕਾਸ ਮੰਚ ਮਾਨਸਾ ਦੇ ਜਨਰਲ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਇਸ ਨੂੰ ਅਧਿਆਪਕਾਂ ਦੀ ਮਿਹਨਤ ਅਤੇ ਸਮਾਰਟ ਸਕੂਲ ਨੀਤੀ ਦਾ ਸਿੱਟਾ ਦੱਸਿਆ ਹੈ।