ਅਸ਼ੋਕ ਵਰਮਾ
ਬਠਿੰਡਾ, 11 ਫਰਵਰੀ 2021: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵੱਲੋਂ ਨਗਰ ਕੌਂਸਲ ਦੀਆਂ ਚੋਣਾਂ ਲਈ ਭੁੱਚੋ ਮੰਡੀ, ਨਥਾਣਾ ਅਤੇ ਗੋਨਿਆਣਾ ਵਿੱਚ ‘ਆਪ’ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਭੁੱਚੋ ਮੰਡੀ ਵਿੱਚ ਉਨਾਂ ਵੱਲੋਂ ਪੈਦਲ ਯਾਤਰਾ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਲੋਕ ਸ਼ਾਮਲ ਹੋਏ। ਇਸ ਮੌਕੇ ਉਹਨਾਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ‘ਆਪ’ ਸਥਾਨਕ ਸਰਕਾਰਾਂ ਵਿੱਚ ਇਕ ਬਦਲਾਅ ਦੇ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਹੀ ਸਿਆਸੀ ਬਦਲਾਅ ਲਿਆ ਸਕਦੀ ਹੈ। ਉਹਨਾਂ ਕਿਹਾ ਕਿ ਅਕਾਲੀ, ਭਾਜਪਾ ਅਤੇ ਕਾਂਗਰਸ ਪਾਰਟੀਆਂ ਨੇ ਹਮੇਸ਼ਾਂ ਜਿੱਤਣ ਦੇ ਲਈ ਗੁੰਮਰਾਹ ਕੀਤਾ ਹੈ।
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਬਦਲਾਅ ਲਿਆਉਣ ਦੇ ਲਈ ਕਦਮ ਚੁੱਕਿਆ ਗਿਆ, ਤਾਂ ਜੋ ਲੋਕਾਂ ਦੀ ਜ਼ਰੂਰੀ ਮਸਲੇ ਹੱਲ ਕੀਤੇ ਜਾਣ, ਨਗਰ ਕੌਂਸਲਾਂ ਨੂੰ ਭਿ੍ਰਸ਼ਟਾਚਾਰ ਮੁਕਤ ਬਣਾਇਆ ਜਾਏ ਅਤੇ ਸ਼ਹਿਰਾਂ ਵਿਚ ਵਿਕਾਸ ਦੇ ਕੰਮ ਕਰਵਾਏ ਜਾ ਸਕਣ। ਉਹਨਾਂ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੂੰ ਕਥਿਤ ਭਿ੍ਰਸ਼ਟਾਚਾਰ ਕਰਨ ਨੂੰ ਲੈਕੇ ਨਿਸ਼ਾਨਾ ਬਣਾਇਆ। ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਵਿਧਾਇਕ ਦਾ ਕਈ ਭਿ੍ਰਸ਼ਟਾਚਾਰ ਦੇ ਮਾਮਲਿਆਂ ਵਿੱਚ ਨਾਮ ਸਾਹਮਣੇ ਆ ਚੁੱਕਾ ਹੈ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਹਮੇਸ਼ਾ ਮੰਗ ਕਰਦੀ ਆਈ ਹੈ ਕਿ ਵਿਧਾਇਕ ਨੂੰ ਮੁਅੱਤਲ ਕਰਕੇ ਗਿ੍ਰਫਤਾਰ ਕੀਤਾ ਜਾਵੇ, ਪ੍ਰੰਤੂ ਕਾਂਗਰਸ ਨੇ ਉਸ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਜੋ ਕਿ ਕਾਂਗਰਸ ਦੀ ਕਹਿਣੀ ਅਤੇ ਕਰਨੀ ’ਚ ਅੰਤਰ ਨੂੰ ਦਰਸਾਉਂਦਾ ਹੈ।
ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਲੋਕਾਂ ਕੋਈ ਪ੍ਰਵਾਹ ਨਹੀਂ ਅਤੇ ਉਸ ਨੇ ਆਪਣੇ ਆਗੂਆਂ ਨੂੰ ਲੁੱਟਣ ਲਈ ਖੁੱਲੀ ਛੁੱਟੀ ਦੇ ਕੇ ਰੱਖੀ ਹੋਈ ਹੈ। ਇਸ ਲਈ ਉਹ ਕਿਸੇ ਉਪਰ ਕੋਈ ਕਾਰਵਾਈ ਨਹੀਂ ਕਰਦੀ। ਉਹਨਾਂ ਕਿਹਾ ਕਿ ਹੁਣ ਛੇਤੀ ਹੀ ਲੋਕ ਉਨਾਂ ਨੂੰ ਸਬਕ ਸਿਖਾਉਣਗੇ ਜਿਹਨਾਂ ਲੋਕਾਂ ਦੇ ਕੰਮਾਂ ਨੂੰ ਹਮੇਸ਼ਾ ਅਣਗੌਲਿਆ ਕੀਤਾ ਹੈ। ਉਨਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ 14 ਫਰਵਰੀ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਆਪਣੀ ਵੋਟ ਪਾਕੇ ਜੇਤੂ ਬਣਾਉਣ। ਉਹਨਾਂ ਕਿਹਾ ਕਿ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦਾ ਮਾਡਲ ਲਾਗੂ ਕੀਤਾ ਜਾਵੇਗਾ, ਜਿੱਥੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਇਲਾਜ ਅਤੇ ਸਰਕਾਰੀ ਸਕੂਲਾਂ ਵਿੱਚ ਚੰਗੀ ਸਿੱਖਿਆ ਬਿਲਕੁਲ ਮੁਫਤ ਦਿੱਤੀ ਜਾ ਰਹੀ ਹੈ।