ਜੇ ਲੋਕ ਕਹਿਣਗੇ ਤਾਂ ਮੈਂ ਪੰਜ ਸਾਲ ਵਿਆਹ ਨਹੀਂ ਕਰਵਾਂਵਾਂਗੀ: ਆਪ ਉਮੀਦਵਾਰ ਮਨਦੀਪ ਕੌਰ
ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਪਾਲ ਸਿੱਧੂ ਬਰਾੜ
ਬਠਿੰਡਾ 11 ਫਰਵਰੀ : "ਜੇ ਮੇਰੇ ਵਾਰਡ ਦੇ ਲੋਕ ਕਹਿਣਗੇ ਤਾਂ ਮੈਂ ਪੰਜ ਸਾਲ ਵਿਆਹ ਨਹੀਂ ਕਰਵਾਵਾਂਗੀ" ਇਹ ਸ਼ਬਦ ਅੱਜ ਆਪ ਦੀ ਉਮੀਦਵਾਰ ਮਨਦੀਪ ਕੌਰ ਨੇ ਇਕ ਭਰਵੇਂ ਜਲਸੇ ਨੂੰ ਸੰਬੋਧਨ ਕਰਦਿਆਂ ਕਹੇ! ਮਨਦੀਪ ਕੌਰ ਦੇ ਉਕਤ ਐਲਾਨ ਦਾ ਜਲਸੇ ਵਿਚ ਹਾਜ਼ਿਰ ਲੋਕਾਂ ਨੇ ਹੱਸਦੇ ਹੋਏ ਤਾੜੀਆਂ ਮਾਰ ਕੇ ਸੁਆਗਤ ਕੀਤਾ ਤੇ ਸਾਥ ਦੇਣ ਭਰੋਸਾ ਦਿਤਾ ! ਉਕਤ ਐਲਾਨ ਉਨ੍ਹਾਂ ਬਰਨਾਲਾ ਦੇ ਐਮ ਐਲ ਏ ਮੀਤ ਹੇਅਰ ਦੀ ਹਾਜ਼ਰੀ 'ਚ ਕੀਤਾ !
ਮਨਦੀਪ ਕੌਰ ਬਠਿੰਡਾ ਨਗਰ ਨਿਗਮ ਦੇ ਵਾਰਡ ਨੰਬਰ 33 ਤੋਂ ਆਪ ਪਾਰਟੀ ਦੀ ਟਿਕਟ ਉਪਰ ਚੋਣ ਲੜ ਰਹੇ ਹਨ . ਉਨ੍ਹਾਂ ਦੇ ਵਿਰੋਧੀ ਉਮੀਦਵਾਰਾਂ ਨੇ ਟਿਪਣੀ ਕੀਤੀ ਸੀ ਕਿ ਉਹ (ਮਨਦੀਪ ਕੌਰ) ਚੋਣ ਜਿੱਤਣ ਤੋਂ ਬਾਦ ਵਿਆਹ ਕਰਵਾਕੇ ਆਪਣੇ ਸਹੁਰੇ ਚਲੇ ਜਾਣਗੇ !
ਇਸ ਵਾਰਡ ਨੰਬਰ 33 ਵਿਚ ਕਾਂਗਰਸ ਉਮੀਦਵਾਰ ਨੇਹਾ ਤੇ ਆਪ ਉਮੀਦਵਾਰ ਮਨਦੀਪ ਕੌਰ ਵਿਚ ਸਿੱਧੀ ਟੱਕਰ ਬਣਦੀ ਨਜ਼ਰ ਆ ਰਹੀ ਹੈ ! ਦੋਵੇਂ ਉਮੀਦਵਾਰ ਨੇ ਮਾਸਟਰਜ਼ ਦੀ ਡਿਗਰੀ ਕੀਤੀ ਹੋਈ ਹੈ ! ਮਨਦੀਪ ਨੇ ਐਮ ਕਾਮ ਕੀਤੀ ਹੈ ਤੇ ਨੇਹਾ ਨੇ ਕੈਮਿਸਟ੍ਰੀ ਦੀ ਮਾਸਟਰਜ਼ ਕੀਤੀ ਹੈ !
ਮਨਦੀਪ ਇਕ ਸਾਧਾਰਨ ਪਰਿਵਾਰ ਦੀ ਧੀ ਹੈ ਤੇ ਨੇਹਾ ਸ਼ਹਿਰ ਦੇ ਇਕ ਉਘੇ ਠੇਕੇਦਾਰ ਮਨੋਜ ਕੁਮਾਰ ਦੀ ਨੂੰਹ ਹੈ ! ਦੋਹੇਂ ਉਮੀਦਵਾਰ ਸੁਘੜ ਸੁਭਾ ਦੀਆਂ ਮਾਲਿਕ ਤੇ ਮਿੱਠ ਬੋਲੜੀਆਂ ਹਨ ! ਜਿੱਤ ਦਾ ਸਿਹਰਾ ਕਿਸ ਦੇ ਸਿਰ ਉਤੇ ਵੱਜਦਾ ਹੈ, ਇਹ ਆਉਣ ਵਾਲੇ ਦਿਨਾਂ ਵਿਚ ਪਤਾ ਲਗੇਗਾ !