ਅਸ਼ੋਕ ਵਰਮਾ
ਬਠਿੰਡਾ, 16 ਫਰਵਰੀ 2021 - ਪੰਜਾਬ ’ਚ ਸਥਾਨਕ ਸਰਕਾਰਾਂ ਦੀਆਂ ਚੋਣਾਂ ਦੌਰਾਨ ਜਿੱਥੇ ਸਿਆਸੀ ਪਾਰਟੀਆਂ ’ਚ ਹਿੰਸਾ ਦਾ ਮਹੌਲ ਭਾਰੂ ਰਿਹਾ ਉੱਥੇ ਹੀ ਬਠਿੰਡਾ ’ਚ ਇੱਕ ਔਰਤ ਉਮੀਦਵਾਰ ਦੇ ਲੜਕੇ ਨੇ ਨਿਵੇਕਲੀ ਪਹਿਲਕਦਮੀ ਕਰਦਿਆਂ ਚੋਣ ਜਿੱਤਣ ਵਾਲੇ ਨੂੰ ਘਰ ਲਿਆਉਣ ਲਈ ਆਪਣੀ ਗੱਡੀ ਸ਼ਿੰਗਾਰ ਕੇ ਵੋਟਾਂ ਪਿੱਛੇ ਸਿਰ ਪਾੜਨ ਵਾਲਿਆਂ ਵਾਸਤੇ ਰਾਹ ਦਸੇਰਾ ਬਣਿਆ ਹੈ। ਮਾਮਲਾ ਸਾਬਕਾ ਅਕਾਲੀ ਕੌਂਸਲਰ ਹਰਜਿੰਦਰ ਸਿੰਘ ਸ਼ਿੰਦਾ ਨਾਲ ਜੁੜਿਆ ਹੈ ਜਿਸ ਦੀ ਮਾਤਾ ਗੁਰਦੇਵ ਕੌਰ ਵਾਰਡ ਨੰਬਰ 13 ਤੋਂ ਅਕਾਲੀ ਉਮੀਦਵਾਰ ਸੀ।
ਅੱਜ ਸੋਸ਼ਲ ਮੀਡੀਆ ਫੇਸਬੁੱਕ ‘ਤੇ ਇਸ ਨੌਜਵਾਨ ਨੇ ਇਸ ਨੇਕ ਕੰਮ ਦੀ ਤਸਵੀਰ ਅਪਲੋਡ ਕੀਤੀ ਤਾਂ ਇਸ ਨੂੰ ਸਮਾਜਿਕ ਹਲਕਿਆਂ ’ਚ ਕਾਫੀ ਸਰਾਹਿਆ ਗਿਆ ਹੈ। ਇਸ ਤੋਂ ਪਹਿਲਾਂ ਉਸ ਨੇ ਵੋਟਾਂ ਵਾਲੇ ਦਿਨ 14 ਫਰਵਰੀ ਨੂੰ ਉਮੀਦਵਾਰਾਂ ਨਾਲ ਖਿੱਚੀ ਤਸਵੀਰ ਵੀ ਫੇਸਬੁੱਕ ਤੇ ਪਾਈ ਸੀ ਜਿਸ ਤੇ ਸਾਰੇ ਹੀ ਜੇਤੂ ਚਿੰਨ ਬਣਾਈ ਖਲੋਤੇ ਸਨ। ਹਰਜਿੰਦਰ ਸ਼ਿੰਦਾ ਪਿਛਲੇ ਪੰਜ ਸਾਲ ਇਸੇ ਇਲਾਕੇ ਨਾਲ ਸਬੰਧਤ ਵਾਰਡ ਨੰਬਰ 11 ਚੋਂ ਜਿੱਤ ਕੇ ਪੰਜ ਸਾਲ ਕੌਂਸਲਰ ਰਿਹਾ ਹੈ। ਅੱਜ ਉਸ ਨੇ ਵਾਰਡ ’ਚ ਖਲੋਤੇ ਸਾਰੇ ਉਮੀਦਵਾਰਾਂ ਨਾਲ ਇਸ ਸਬੰਧ ’ਚ ਤਾਲ ਮੇਲ ਬਣਾਇਆ ਤਾਂ ਜੋ ਆਪਣੀ ਯੋਜਨਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ।
ਉਸ ਨੇ ਆਪਣੇ ਫੇਸਬੱਕ ਪੇਜ ਤੇ ਲਿਖਿਆ ਹੈ ਕਿ ਜਨਤਾ ਦਾ ਫੈਸਲਾ ਸਿਰ ਮੱਥੇ। ਜੋ ਵੀ ਚੋਣ ਜਿੱਤੇਗਾ ਮੈ ਖੁਦ ਉਸ ਨੂੰ ਹਾਰ ਪਾਕੇ ਲੈਕੇ ਆਵਾਂਗਾ। ਫੇਸਬੁੱਕ ਤੇ ਪਾਈ ਗੱਡੀ ਦੀ ਤਸਵੀਰ ਤੇ ਬਕਾਇਦਾ ਵਿਆਹ ਵਾਲੀ ਗੱਡੀ ਵਾਂਗ ਫੁੱਲ ਲਾਏ ਹਨ ਅਤੇ ਉਹ ਆਪਣੇ ਸਮਰਥਕਾਂ ਨਾਲ ਖਲੋਤਾ ਹੋਇਆ ਹੈ। ਉਸ ਨੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਦੇ ਪਤੀ ਮਨਜੀਤ ਸਿੰਘ ਨਾਲ ਵੀ ਫੋਟੋ ਅਪਲੋਡ ਕੀਤੀ ਹੈ। ਇਸ ਨੌਜਵਾਨ ਨੂੰ ਪਹਿਲਾਂ ਵੀ ਸਮਾਜ ਸੇਵਾ ਦੇ ਕੰਮਾਂ ’ਚ ਰੁਚੀ ਲੈਂਦਿਆਂ ਦੇਖਿਆ ਗਿਆ ਹੈ। ਅੱਜ ਉਸ ਨੇ ਇਹ ਪਹਿਲਕਦਮੀ ਕਰਕੇ ਸਮਾਜ ਨੂੰ ਇੱਕ ਵੱਖਰਾ ਰਾਹ ਦਿਖਾਇਆ ਹੈ।
ਇਸ ਮਾਮਲੇ ਸਬੰਧੀ ਹੋਰ ਜਿਆਦਾ ਜਾਣਥਾਰੀ ਹਾਸਲ ਕਰਨ ਲਈ ਹਰਜਿੰਦਰ ਸ਼ਿੰਦਾ ਨਾਲ ਸੰਪਰਕ ਕੀਤਾ ਤਾਂ ਉਸ ਦੇ ਦੋਵੇਂ ਫੋਨ ਬੰਦ ਆ ਰਹੇ ਸਨ। ਸ਼ਿੰਦਾ ਦੇ ਨਜ਼ਦੀਕੀ ਰਛਪਾਲ ਸਿੰਘ ਦਾ ਕਹਿਣਾ ਸੀ ਕਿ ਕਾਂਗਰਸ ਦੇ ਉਮੀਦਵਾਰ ਤੋਂ ਸਿਵਾਏ ਬਾਕੀ ਉਮੀਦਵਾਰਾਂ ਨਾਲ ਇਸ ਸਬੰਧ ’ਚ ਗੱਲਬਾਤ ਹੋ ਗਈ ਹੈ। ਉਹਨਾਂ ਦੱਸਿਆ ਕਿ ਕਾਂਗਰਸੀ ਉਮੀਦਵਾਰ ਦੇ ਪਤੀ ਅਜੇ ਸ਼ਰਮਾ ਨੇ ਨਾਂਹ ਵੀ ਨਹੀਂ ਕੀਤੀ ਹੈ ਪਰ ਹਾਲੇ ਹੁੰਗਾਰਾ ਵੀ ਨਹੀਂ ਭਰਿਆ ਹੈ। ਉਹਨਾਂ ਆਖਿਆ ਕਿ ਹੋ ਸਕਦਾ ਹੈ ਕਿ ਉਹਨਾਂ ਦੀ ਕੋਈ ਮਜਬੂਰੀ ਹੋਵੇ ਪਰ ਹਰਜਿੰਦਰ ਸ਼ਿੰਦਾ ਆਪਣੀ ਪੇਸ਼ਕਸ਼ ਤੇ ਕਾਇਮ ਹੈ।