ਸਰਬਜੀਤ ਸੁਖੀਜਾ
- ਕਾਂਗਰਸ ਨੂੰ 2022 ’ਚ ਭੁਗਤਣੇ ਪੈਣਗੇ ਨਤੀਜੇ
- ਕਿਹਾ ਲੋਕਾਂ ਦਾ ਫਤਵਾ ਮਨਜ਼ੂਰ
ਸ੍ਰੀ ਮੁਕਤਸਰ ਸਾਹਿਬ, 17 ਫਰਵਰੀ 2021 - ਨਗਰ ਕੌਂਸਲ ਚੋਣਾਂ ਵਿਚ ਪੁਲਸ ਨੇ ਵੀ ਕਾਂਗਰਸ ਦੇ ਸਾਹਬਾਂ ਨੂੰ ਖੁਸ਼ ਕਰਨ ਲਈ ਕੰਮ ਕੀਤਾ ਹੈ। ਕਾਂਗਰਸ ਦੇ 6-7 ਸਾਹਬ ਆ ਜਿਹੜੇ ਆਪਣੇ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਸਨ। ਪਰ ਸਾਡੀ ਤਾਂ ਸਾਰੀ ਲੀਡਰ ਸ਼ਿਪ ਆਹੀ ਹੈ ਜੋ ਬੈਠੀ ਹੈ। ਇਹ ਗੱਲ ਅਕਾਲੀ ਦਲ ਦੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਪ੍ਰੈਸ ਕਾਨਫਰੰਸ ਦੌਰਾਨ ਕਹੀ।
ਉਹਨਾਂ 10 ਸੀਟਾਂ ’ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦਾ ਕਿਹਾ ਕਿਾ ਉਨਾਂ ਨੂੰ ਲੋਕਾਂ ਦਾ ਫਤਵਾ ਮਨਜ਼ੂਰ ਹੈ। ਜੇਕਰ ਧੱਕੇਸ਼ਾਹੀ ਨਾ ਹੁੰਦੀ ਤਾਂ ਨਤੀਜੇ ਹੋਰ ਵੀ ਹੱਕ ਚ ਹੁੰਦੇ। ਵਰਨਣਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਚੋਣਾਂ ਦੇ 31 ਵਾਰਡਾਂ ’ਚੋਂ ਕਾਂਗਰਸ ਨੇ 17, ਸ਼੍ਰੋਮਣੀ ਅਕਾਲੀ ਦਲ ਨੇ 10, ਆਮ ਆਦਮੀ ਪਾਰਟੀ ਨੇ 2, ਭਾਜਪਾ ਨੇ 1, ਅਜਾਦ ਨੇ 1 ਸੀਟ ਤੇ ਜਿੱਤ ਪ੍ਰਾਪਤ ਕੀਤੀ। ਉਹਨਾਂ ਕਿਹਾ ਚੋਣਾਂ ਤੋਂ ਇਕ ਦਿਨ ਪਹਿਲਾ ਅਕਾਲੀ ਉਮੀਦਵਾਰਾਂ ਤੇ ਮਾਮਲੇ ਦਰਜ ਕੀਤੇ ਗਏ ਅਤੇ ਜੇਕਰ ਸਰਕਾਰ ਦੀ ਧੱਕੇਸ਼ਾਹੀ ਨਾ ਹੁੰਦੀ ਨਤੀਜੇ ਹੋਰ ਵੀ ਹੱਕ ’ਚ ਹੋਣੇ ਸਨ।
ਉਹਨਾਂ ਕਿਹਾ ਕਿ ਗਿਣਤੀ ਬਿਲਕੁੱਲ ਸਹੀਂ ਹੋਈ। ਰੋਜੀ ਨੇ ਕਿਹਾ ਕਿ ਜੋ ਕਾਂਗਰਸ ਨੇ ਧੱਕੇਸ਼ਾਹੀ ਕੀਤੀ ਹੈ, ਉਸਦੇ ਨਤੀਜੇ ਉਸਨੂੰ 2022 ਵਿਚ ਭੁਗਤਣੇ ਪੈਣਗੇ। ਉਨਾਂ ਕਿਹਾ ਕਿ ਸਾਨੂੰ ਨਾਰੀ ਸ਼ਕਤੀ ਨੇ ਜਿਤਾਇਆ ਹੈ। ਸਾਡੇ ਹੱਕ ਵਿਚ 8 ਔਰਤਾਂ ਜੇਤੂ ਰਹੀਆਂ ਹਨ। ਇਸ ਮੌਕੇ ਜੇਤੂ ਉਮੀਦਵਾਰ ਦਾ ਸਨਮਾਨ ਵੀ ਕੀਤਾ ਗਿਆ।