ਅਸ਼ੋਕ ਵਰਮਾ
ਬਠਿੰਡਾ, 12 ਫਰਵਰੀ 2021 - ਨਗਰ ਨਿਗਮ ਬਠਿੰਡਾ ਦਾ ਵਾਰਡ ਨੰਬਰ 33 ਅੱਜ ਕੱਲ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿੱਥੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਮਨਦੀਪ ਕੌਰ ਦਾ ਮਕਾਬਲਾ ਕਾਂਗਰਸ ਦੇ ਇੱਕ ਵੱਡੇ ਆਗੂ ਪ੍ਰੀਵਾਰ ਨਾਲ ਸਬੰਧਤ ਨੇਹਾ ਜਿੰਦਲ ਨਾਲ ਹੈ। ਭਾਵੇਂ ਮੈਦਾਨ ’ਚ ਹੋਰ ਧਿਰਾਂ ਵੀ ਹਨ ਪਰ ਬਹੁਤ ਵੋਟਰ ਦੋਵਾਂ ’ਚ ਸਿਆਸੀ ਭੇੜ ਮੰਨ ਕੇ ਚੱਲ ਰਹੇ ਹਨ। ਅੱਜ ਅੰਤਮ ਦਿਨ ਮਨਦੀਪ ਕੌਰ ਨੇ ਰੋਡ ਸ਼ੋਅ ਕੱਢ ਕੇ ਆਪਣਾ ਚੋਣ ਪ੍ਰਚਾਰ ਸਮਾਪਤ ਕਰਦਿਆਂ ਡੋਰ ਟੂ ਡੋਰ ਮੁਹਿੰਮ ਵਿੱਢ ਦਿੱਤੀ ਹੈ। ਉਸ ਨੇ ਵਾਰਡ ਵਾਸੀਆਂ ਨੂੰ ਬਦਲਾਅ ਦੇ ਨਾਮ ਹੇਠ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ। ਅੱਜ ਉਸ ਦੇ ਰੋਡ ਸ਼ੋਅ ਦੌਰਾਨ ਸ਼ਾਮਲ ਨੌਜਵਾਨਾਂ ਨੇ ਬਦਲਾਅ ਦੇ ਨਾਅਰੇ ਲਾਏ ਅਤੇ ਮਨਦੀਪ ਕੌਰ ਦੇ ਹੱਕ ’ਚ ਫਤਵਾ ਮੰਗਿਆ।
ਇਸ ਵਾਰਡ ’ਚ ਸ਼ਹਿਰ ਦੀ ਗਣੇਸ਼ਾ ਬਸਤੀ ਪੈਂਦੀ ਹੈ ਜਿੱਥੇ ਬਾਰਸ਼ਾਂ ਦੌਰਾਨ ਲੋਕ ਡੁੱਬਣ ਲੱਗਦੇ ਹਨ ਜਦੋਂਕਿ ਪੀਣ ਵਾਲੇ ਪਾਣੀ ਦਾ ਤਰਸੇਵਾਂ ਬਣਿਆ ਹੋਇਆ ਹੈ। ਮਹੱਤਵਪੂਰਨ ਤੱਥ ਹੈ ਕਿ ਪਿਛਲੇ ਦਸ ਸਾਲ ਦੌਰਾਨ ਇਸ ਵਾਰਡ ਦੇ ਕੌਸਲਰ ਤਰਸੇਮ ਗੋਇਲ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਰਹੇ ਹਨ ਜੋ ਭਾਜਪਾ ਦੇ ਸੀਨੀਅਰ ਨੇਤਾ ਵੀ ਹਨ। ਇਸ ਦੇ ਬਾਵਜੂਦ ਵੀ ਵਾਰਡ ਦੀਆਂ ਸਮੱਸਿਆਵਾਂ ਨੂੰ ਹੱਲ ਨਹੀਂ ਕੀਤਾ ਜਾ ਸਕਿਆ ਹੈ। ਭਾਵੇਂ ਕਾਂਗਰਸ ਇਹਨਾਂ ਦਿੱਕਤਾਂ ਦਾ ਹਵਾਲਾ ਦੇ ਕੇ ਹੱਲ ਕਰਨ ਦਾ ਵਾਰਦਾ ਕਰ ਰਹੀ ਹੈ ਪਰ ਮਨਦੀਪ ਕੌਰ ਨੇ ਵੋਟਰਾਂ ਨੂੰ ਦੱਸਿਆ ਹੈ ਕਿ ਇਸ ਮਾਮਲੇ ’ਚ ਦੋਵੇਂ ਸਿਆਸੀ ਧਿਰਾਂ ਕਸੂਰਵਾਰ ਹਨ। ਉਹ ਵੋਟਰਾਂ ਨੂੰ ਦੱਸਦੀ ਹੈ ਕਿ ਪਿਛਲੇ ਕਰੀਬ ਚਾਰ ਸਾਲ ਤੋਂ ਕਾਂਗਰਸ ਨੇ ਰਾਜ ਭਾਗ ਸੰਭਾਲਿਆ ਹੋਇਆ ਹੈ ਫਿਰ ਵੀ ਮੁਸ਼ਕਲਾਂ ਬਰਕਰਾਰ ਹਨ।
ਉਹਨਾਂ ਆਖਿਆ ਕਿ ਅਸਲ ’ਚ ਦੋਵਾਂ ਹੀ ਪਾਰਟੀਆਂ ਨੇ ਵਾਰੋ ਵਾਰੀ ਸੱਤਾ ਤੇ ਕਾਬਜ ਰਹਿਣ ਲਈ ਅੰਦਰੋ ਅੰਦਰੀ ਹੱਥ ਮਿਲਾਏ ਹੋਏ ਹਨ ਜਿਸ ਕਰਕੇ ਲੋਕ ਮਸਲਿਆਂ ਵੱਲ ਦੋਵਾਂ ਨੇ ਹੀ ਪਿੱਠ ਕਰ ਰੱਖੀ ਹੈ। ਇਸ ਵਾਰਡ ਨਾਲ ਸਬੰਧਤ ਵੋਟਰਾਂ ਨੇ ਦੱਸਿਆ ਕਿ ਇਹਨਾਂ ਇਲਾਕਿਆਂ ’ਚ ਜਲ ਸਪਲਾਈ ਦਾ ਮੰਦਾ ਹਾਲ ਹੈ ਅਤੇ ਗਰਮੀ ਵਧਣ ਸਾਰ ਸੰਕਟ ਵਿਕਰਾਲ ਹੋਣ ਦਾ ਡਰ ਸਤਾਉਂਦਾ ਰਹਿੰਦਾ ਹੈ। ਉਹਨਾਂ ਦੱਸਿਆ ਕਿ ਇਹ ਵਾਰਡ ਉੱਚਾ ਹੈ ਜਿੱਥੇ ਪਾਣੀ ਪੁੱਜਦਾ ਨਹੀਂ ਪਰ ਨੀਵੀਆਂ ਗਲੀਆਂ ’ਚ ਬਾਰਸ਼ਾਂ ਦੌਰਾਨ ਛੱਪੜ ਦਾ ਨਜ਼ਾਰਾ ਦਿਖਾਈ ਦੇਣ ਲੱਗਦਾ ਹੈ। ਲੋਕ ਆਖਦੇ ਹਨ ਕਿ ਨਗਰ ਨਿਗਮ ਬਨਣ ਦੇ ਦਹਾਕੇ ਬਾਅਦ ਵੀ ਸ਼ਹਿਰ ਵਾਸੀਆਂ ਨੂੰ ਪੂਰਾ ਪਾਣੀ ਨਹੀਂ ਦਿੱਤਾ ਜਾ ਸਕਿਆ ਹੈ । ਉਹਨਾਂ ਦੱਸਿਆ ਕਿ ਗਰਮੀ ’ਚ ਤਾਂ ਕਈ ਵਾਰ ਪਾਣੀ ਲਈ ਬਾਲਟੀਆਂ ਵੀ ਖੜਕਾਉਣੀਆਂ ਪਈਆਂ ਹਨ।
ਉੱਚ ਯੋਗਤਾ ਰੱਖਦੀ ਮਨਦੀਪ ਕੌਰ
ਮਨਦੀਪ ਕੌਰ ਕਾਫੀ ਉੱਚ ਯੋਗਤਾ ਵਾਲੀ ਉਮੀਦਵਾਰ ਹੈ। ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁੱਖ ਕੈਂਪਸ ਤੋਂ (ਐਮ ਕਾਮ ਫਾਇਨਾਂਸ) ਕੀਤੀ ਹੋਈ ਹੈ। ਰਾਮਗੜੀਆ ਬਰਾਦਰੀ ਨਾਲ ਸਬੰਧ ਰੱਖਦੀ ਮਨਦੀਪ ਕੌਰ ਦੇ ਪਿਤਾ ਗੁਰਮੀਤ ਸਿੰਘ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਨ। ਉਹ ਦੱਸਦੀ ਹੈ ਕਿ ਘਰ ’ਚ ਰਾਜਨੀਤੀ ਦੀਆਂ ਗੱਲਾਂ ਸੁਣਦਿਆਂ ਹੀ ਉਸ ਨੂੰ ਚੇਟਕ ਲੱਗੀ ਕਿ ਲੋਕ ਮਸਲਿਆਂ ਦੇ ਹੱਲ ਲਈ ਨਵੇਂ ਪੋਚ ਨੂੰ ਅੱਗੇ ਆਉਣਾ ਹੀ ਪੈਣਾ ਹੈ।
ਸਿਆਸੀ ਦਾਅਵਿਆਂ ਤੇ ਸਵਾਲ ਖੜ੍ਹੇ
ਆਮ ਆਦਮੀ ਪਾਰਟੀ ਦੀ ਉਮੀਦਵਾਰ ਮਨਦੀਪ ਕੌਰ ਦਾ ਕਹਿਣਾ ਸੀ ਕਿ ਪੀਣ ਵਾਲੇ ਪਾਣੀ ਦਾ ਸੰਕਟ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਕੀਤੇ ਦਾਅਵਿਆਂ ਤੇ ਪ੍ਰਸ਼ਨ ਚਿੰਨ੍ਹ ਹੈ । ਉਹਨਾਂ ਕਿਹਾ ਕਿ ਮਹਾਂਨਗਰ ’ਚ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਹੈ ਜਿਸ ਤੋਂ ਕੈਂਸਰ ਤੇ ਜੋੜਾਂ ਦੇ ਦਰਦ ਵਰਗੀਆਂ ਬਿਮਾਰੀਆਂ ਲੱਗ ਸਕਦੀਆਂ ਹਨ। ਉਹਨਾਂ ਆਖਿਆ ਕਿ ਉਹ ਵਾਰਡ ਦੇ ਲੋਕਾਂ ਦੀ ਲੜਾਈ ਲੜੇਗੀ ਅਤੇ ਪਾਣੀ ਦੀ ਨਿਕਾਸੀ ਅਤੇ ਪੀਣ ਵਾਲਾ ਸਾਫ ਸੁਥਰਾ ਪਾਣੀ ਢੁੱਕਵੀਂ ਮਾਤਰਾ ’ਚ ਮੁਹਈਆਂ ਕਰਾਇਆ ਜਾਏਗਾ