- ਨਗਰ ਕੌਂਸਲ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰ ਦੇ ਪਤੀ ਨੂੰ ਕੁੱਟਣ ’ਤੇ ਹੋਇਆ ਪਰਚਾ ਦਰਜ਼
ਸ੍ਰੀ ਮੁਕਤਸਰ ਸਾਹਿਬ, 16 ਫਰਵਰੀ 2021 - ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਟਿਕਟ ਲੈਣ ਲਈ ਭਾਜਪਾ ਛੱਡ ਅਕਾਲੀ ਦਲ ਤੋਂ ਟਿਕਟ ਲੈਣ ਵਾਲੇ ਸਾਬਕਾ ਐਮਸੀ ਦੇ ਪਤੀ ਸਮੇਤ ਪੰਜ ਲੋਕਾਂ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਜਦਕਿ ਸਾਰਿਆਂ ਦੀ ਗਿ੍ਰਫਤਾਰੀ ਬਾਕੀ ਹੈ। ਇਹ ਮਾਮਲਾ ਕਾਂਗਰਸ ਦੀ ਵਾਰਡ ਨੰਬਰ 7 ਤੋਂ ਉਮੀਦਵਾਰ ਦੇ ਪਤੀ ਦੇ ਬਿਆਨਾਂ ’ਤੇ ਕੀਤਾ ਗਿਆ ਹੈ। ਵਾਰਡ ਨੰਬਰ 7 ਤੋਂ ਕਾਂਗਰਸੀ ਉਮੀਦਵਾਰ ਸ਼ਰਨਜੀਤ ਕੌਰ ਦੇ ਪਤੀ ਕਰਮਜੀਤ ਸਿੰਘ ਅਨੁਸਾਰ ਉਸਦੇ ਵਿਰੁੱਧ ਅਕਾਲੀ ਦਲ ਤੋਂ ਤਰਸੇਮ ਕੁਮਾਰ ਬੱਤਰਾ ਦੀ ਪਤਨੀ ਰੁਪਿੰਦਰ ਕੁਮਾਰੀ ਬੱਤਰਾ ਵੀ ਚੋਣਾਂ ਵਿਚ ਖੜੀ ਸੀ।
ਤਰਸੇਮ ਕੁਮਾਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸਦੀ ਦਾੜੀ ਨੂੰ ਫੜ ਲਿਆ ਅਤੇ ਅਰਸ਼ ਕੁਮਾਰ ਨੇ ਕਾਪੇ ਨਾਲ ਅਤੇ ਜਗਦੀਪ ਸਿੰਘ ਨੇ ਬੇਸਬਾਲ ਨਾਲ ਉਸਦੇ ਵਾਰ ਕੀਤੇ। ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਆਸ ਪਾਸ ਦੇ ਲੋਕਾਂ ਉਸਨੂੰ ਮੁਸ਼ਕਿਲ ਨਾਲ ਛੁਡਾਇਆ ਅਤੇ ਹਸਪਤਾਲ ਪਹੰੁਚਾਇਆ। ਥਾਣਾ ਸਿਟੀ ਪੁਲਸ ਨੇ ਕਰਮਜੀਤ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਸਾਬਕਾ ਐਮਸੀ ਦੇ ਪਤੀ ਤਰਸੇਮ ਕੁਮਾਰ ਬੱਤਰਾ, ਉਸਦੇ ਬੇਟੇ ਸਨਮ ਕੁਮਾਰ ਬੱਤਰਾ, ਅਰਸ਼ ਕੁਮਾਰ ਬੱਤਰਾ, ਜਗਦੀਪ ਸਿੰਘ ਕੋਹਲੀ ਅਤੇ ਹਰਮਨਜੀਤ ਸਿੰਘ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ।
ਦੂਜੇ ਪਾਸੇ ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਤਰਸੇਮ ਕੁਮਾਰ ਲਾਡੀ ਬੱਤਰਾ ਸਿਰਫ਼ ਟਿਕਟ ਲੈਣ ਲਈ ਹੀ ਭਾਜਪਾ ਨੂੰ ਛੱਡ ਕੇ ਅਕਾਲੀ ਦਲ ਵਿਚ ਗਿਆ ਹੈ। ਜਦਕਿ ਉਸਨੇ ਲਿਖਤੀ ਤੌਰ ’ਤੇ ਕੋਈ ਅਸਤੀਫ਼ਾ ਨਹੀਂ ਦਿੱਤਾ ਹੈ। ਭਾਜਪਾ ਆਗੂਆਂ ਅਨੁਸਾਰ ਉਸਨੂੰ ਸਿਰਫ਼ ਟਿਕਟ ਦੀ ਹੀ ਚਾਹ ਸੀ। ਉਸਨੂੰ ਡਰ ਸੀ ਕਿ ਭਾਜਪਾ ਵਿਰੁੱਧ ਚੱਲ ਰਹੇ ਅੰਦੋਲਨ ਦੇ ਕਾਰਨ ਉਸਦੀ ਕਿਤੇ ਹਾਰ ਨਾ ਹੋ ਜਾਵੇ।