ਹਰਜਿੰਦਰ ਸਿੰਘ ਭੱਟੀ
- ਮਿਊਂਸਿਪਲ ਚੋਣਾਂ ਲਈ ਪੋਲਿੰਗ ਅਮਲਾ ਰਵਾਨਾ
- 46 ਨਾਕੇ ਅਤੇ 32 ਪੈਟਰੋਲਿੰਗ ਪਾਰਟੀਆਂ ਤਾਇਨਾਤ
ਐਸ.ਏ.ਐਸ.ਨਗਰ, 13 ਫਰਵਰੀ 2021 - ਸਖਤ ਸੁਰੱਖਿਆ ਪ੍ਰਬੰਧਾਂ ਦਰਮਿਆਨ, ਜ਼ਿਲ੍ਹਾ ਪ੍ਰਸ਼ਾਸਨ ਵਲੋਂ 14 ਫਰਵਰੀ ਨੂੰ ਮਿਊਂਸਿਪਲ ਚੋਣਾਂ ਕਰਵਾਉਣ ਲਈ ਲਗਭਗ 2036 ਪੋਲਿੰਗ ਕਰਮਚਾਰੀਆਂ ਨੂੰ ਅੱਜ ਆਪਣੇ-ਆਪਣੇ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਕੀਤਾ ਗਿਆ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਧਿਕਾਰੀ, ਗਿਰੀਸ਼ ਦਿਆਲਨ ਨੇ ਦਿੱਤੀ।
9 ਸਥਾਨਾਂ ਜਿੰਨਾ ਵਿਚ ਸਪੋਰਟਸ ਸਟੇਡੀਅਮ ਸੈਕਟਰ 78, ਡੀ.ਐੱਮ.ਓ ਦਫਤਰ ਸੈਕਟਰ 65, ਮਾਰਕੀਟ ਕਮੇਟੀ ਦਫਤਰ ਬਨੂੜ, ਸੈਂਚਰੀ ਪਬਲਿਕ ਸਕੂਲ ਨਯਾਗਾਓਂ, ਪੌਲੀਟੈਕਨਿਕ ਕਾਲਜ ਖੂਨੀ ਮਾਜਰਾ, ਸਰਕਾਰੀ ਕਾਲਜ ਡੇਰਾਬੱਸੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਲੜੂ ਅਤੇ ਈਓ ਦਫਤਰ ਕੁਰਾਲੀ ਸ਼ਾਮਲ ਹਨ, ਤੋਂ ਮੁਲਾਜ਼ਮਾਂ ਨੂੰ ਰਵਾਨਾ ਕੀਤਾ ਗਿਆ। ਈਵੀਐਮ ਅਤੇ ਹੋਰ ਪੋਲਿੰਗ ਸਮੱਗਰੀ ਤੋਂ ਇਲਾਵਾ, ਹਰ ਪੋਲਿੰਗ ਪਾਰਟੀ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਲੋੜੀਂਦੀਆਂ ਫੇਸ ਸ਼ੀਲਡਜ਼, ਮਾਸਕ, ਗਲੱਵਜ਼ ਅਤੇ ਸੈਨੀਟਾਈਜ਼ਰ ਦਿੱਤੇ ਗਏ।
ਡੀਈਓ ਨੇ ਕਿਹਾ, “ਅਸੀਂ ਚੋਣਾਂ ਦੇ ਨਿਰਵਿਘਨ ਸੰਚਾਲਨ ਲਈ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹਨ।” ਉਹਨਾਂ ਕਿਹਾ, “ਵੱਖ-ਵੱਖ ਪੋਲਿੰਗ ਸਟੇਸ਼ਨਾਂ ‘ਤੇ ਲਗਭਗ ਤਾਇਨਾਤ 1100 ਪੁਲਿਸ ਮੁਲਾਜ਼ਮਾਂ ਸਮੇਤ ਲਗਭਗ 2340 ਪੁਲਿਸ ਮੁਲਾਜ਼ਮ ਚੋਣ ਡਿਊਟੀ ’ਤੇ ਤਾਇਨਾਤ ਹਨ। ਇਸ ਤੋਂ ਇਲਾਵਾ, 46 ਨਾਕੇ ਲਗਾਏ ਗਏ ਹਨ ਜਿਸ ਵਿਚ 564 ਜਵਾਨ ਹਰ ਸਮੇਂ ਚੌਂਕਸੀ ਕਰ ਰਹੇ ਹਨ। ਇਸ ਦੇ ਨਾਲ ਹੀ ਲਗਭਗ 160 ਪੁਲਿਸ ਮੁਲਾਜ਼ਮ ਵਾਲੀਆਂ 32 ਪੈਟਰੋਲਿੰਗ ਪਾਰਟੀਆਂ ਤਾਇਨਾਤ ਕੀਤੀਆਂ ਗਈਆਂ ਹਨ।
ਉਹਨਾਂ ਕਿਹਾ ਕਿ ਸਟਾਫ ਨੂੰ ਚੋਣ ਡਿਊਟੀ ਸਬੰਧੀ ਲੋੜੀਂਦੀ ਸਿਖਲਾਈ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਨਿਰਵਿਘਨ ਚੋਣਾਂ ਯਕੀਨੀ ਬਣਾਉਣ ਅਤੇ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਗਿਰੀਸ਼ ਦਿਆਲਨ ਨੇ ਕਿਹਾ ਕਿ ਉਨ੍ਹਾਂ ਨੂੰ ਚੋਣਾਂ ਦੇ ਸਫਲਤਾਪੂਰਵਕ ਮੁਕੰਮਲ ਹੋਣ ਲਈ ਪੂਰੀ ਲਗਨ ਅਤੇ ਤਨਦੇਹੀ ਨਾਲ ਚੋਣ ਡਿਊਟੀ ਨਿਭਾਉਣ ਲਈ ਉਤਸ਼ਾਹਿਤ ਕੀਤਾ ਗਿਆ ਹੈ।
ਕੋਵਿਡ 19 ਦੇ ਖਿਲਾਫ ਸਾਵਧਾਨੀ ਦੇ ਤੌਰ ‘ਤੇ, ਹਰੇਕ ਬੂਥ ‘ਤੇ ਥਰਮਲ ਸਕੈਨਰ ਮੁਹਈਆ ਕਰਵਾਏ ਗਏ ਹਨ। ਹਰੇਕ ਪੋਲਿੰਗ ਸਟੇਸ਼ਨ ‘ਤੇ ਦਾਖਲੇ ਸਮੇਂ ਸਾਰੇ ਵਿਅਕਤੀਆਂ ਦੀ ਥਰਮਲ ਜਾਂਚ ਕੀਤੀ ਜਾਏਗੀ। ਸਮਾਜਿਕ ਦੂਰੀ ਬਰਕਰਾਰ ਰੱਖੀ ਜਾਏਗੀ। ਸਾਰੇ ਬੂਥਾਂ ਨੂੰ ਸੈਨੇਟਾਈਜ਼ ਕੀਤਾ ਗਿਆ ਹੈ ਅਤੇ ਹਰੇਕ ਬੂਥ 'ਤੇ ਵੋਟਰਾਂ ਅਤੇ ਪੋਲਿੰਗ ਏਜੰਟਾਂ ਲਈ ਢੁੱਕਵੀਂ ਮਾਤਰਾ ਵਿਚ ਸੈਨੇਟਾਈਜ਼ਰ ਮੁਹੱਈਆ ਕਰਵਾਏ ਗਏ ਹਨ।
ਜ਼ਿਕਰਯੋਗ ਹੈ ਕਿ ਮਿਊਂਸਿਪਲ ਚੋਣਾਂ ਲਈ ਸਥਾਪਤ ਕੀਤੇ ਗਏ 509 ਪੋਲਿੰਗ ਬੂਥਾਂ 'ਤੇ 235441 ਪੁਰਸ਼, 232730 ਮਹਿਲਾਵਾਂ ਅਤੇ 19 ਥਰਡ ਜੈਂਡਰ ਵੋਟਰਾਂ ਸਮੇਤ 468190 ਵੋਟਰ ਵੋਟ ਪਾਉਣਗੇ।
ਵੋਟ ਪਾਉਣ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤਕ ਹੈ।