ਹਰੀਸ਼ ਕਾਲੜਾ
- ਡਿਪਟੀ ਕਮਿਸ਼ਨਰ ਵਲੋਂ ਚੋਣ ਅਮਲ ਵਿਚ ਸਹਿਯੋਗ ਦੇਣ ਲਈ ਸਮੂਹ ਸਿਆਸੀ ਪਾਰਟੀਆ ਦੇ ਆਗੂਆਂ, ਪੁਲਿਸ ਪ੍ਰਸ਼ਾਸਨ, ਪੋਲਿੰਗ ਸਟਾਫ ਤੇ ਮੀਡੀਆ ਕਰਮੀਆਂ ਦਾ ਧੰਨਵਾਦ
ਰੂਪਨਗਰ, 17 ਫਰਵਰੀ 2021 - ਜ਼ਿਲ੍ਹਾ ਰੂਪਨਗਰ ਵਿਚ ਨਗਰ ਕੌਂਸਲ ਰੂਪਨਗਰ, ਨਗਰ ਕੌਂਸਲ ਨੰਗਲ, ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ, ਨਗਰ ਕੌਂਸਲ ਮੋਰਿੰਡਾ, ਨਗਰ ਪੰਚਾਇਤ ਕੀਰਤਪੁਰ ਸਾਹਿਬ ਅਤੇ ਨਗਰ ਪੰਚਾਇਤ ਸ੍ਰੀ ਚਮਕੌਰ ਸਾਹਿਬ ਲਈ 14 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਅੱਜ ਮੁਕੰਮਲ ਹੋ ਗਈ।
ਇਹ ਜਾਣਕਾਰੀ ਸਾਂਝੀ ਕਰਦੇ ਹੋਏ ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਨੇ ਦੱਸਿਆ ਕਿ ਅੱਜ ਹੋਈ ਗਿਣਤੀ ਦੇ ਨਤੀਜਿਆਂ ਮੁਤਾਬਕ ਨਗਰ ਕੌਂਸਲ ਰੂਪਨਗਰ ਦੇ ਕੁੱਲ 21 ਵਾਰਡਾਂ ਵਿਚੋਂ ਉਮੀਦਵਾਰਾਂ ਦੀ ਚੋਣ ਲਈ ਵੋਟਿੰਗ ਹੋਈ ਜਿਸ ਵਿਚੋਂ 17 ਵਾਰਡਾਂ ਵਿਚ ਇੰਡੀਅਨ ਨੈਸਨਲ ਕਾਂਗਰਸ ਜੇਤੂ ਰਹੀ, 2 ਵਾਰਡਾਂ ਵਿਚ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ ਜਦ ਕਿ 2 ਵਾਰਡਾਂ ਵਿਚ ਅਜ਼ਾਦ ਉਮੀਦਵਾਰ ਜੇਤੂ ਰਹੇ।
ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਨੰਗਲ ਦੇ 19 ਵਾਰਡਾਂ ਦੀ ਵੋਟਿੰਗ ਦੇ ਨਤੀਜਿਆਂ ਮੁਤਾਬਕ 15 ਵਾਰਡਾਂ ਵਿਚੋਂ ਇੰਡੀਅਨ ਨੈਸਨਲ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ ਜਦਕਿ 2 ਵਾਰਡਾਂ ਵਿਚੋ ਭਾਰਤੀ ਜਨਤਾ ਪਾਰਟੀ ਅਤੇ 2 ਵਾਰਡਾਂ ਵਿਚੋਂ ਅਜ਼ਾਦ ਉਮੀਦਵਾਰ ਚੋਣ ਜਿੱਤਣ ਵਿਚ ਸਫਲ ਰਹੇ। ਇਸੇ ਤਰ੍ਹਾਂ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੇ 13 ਵਾਰਡਾਂ ਵਿਚੋਂ 13 ਦੇ 13 ਹੀ ਅਜ਼ਾਦ ਉਮੀਦਵਾਰ ਚੋਣ ਜਿੱਤਣ ਵਿਚ ਸਫਲ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਗਰ ਕੌਂਸਲ ਮੋਰਿੰਡਾ ਦੇ 15 ਵਾਰਡਾਂ ਲਈ ਵੋਟਿੰਗ ਹੋਈ ਜਿਨ੍ਹਾਂ ਦੇ ਨਤੀਜਿਆਂ ਮੁਤਾਬਕ 7 ਵਾਰਡਾਂ ਵਿਚੋਂ ਇੰਡੀਅਨ ਨੈਸਨਲ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ ਜਦਕਿ 8 ਅਜ਼ਾਦ ਉਮੀਦਵਾਰ ਬਾਕੀ ਵਾਰਡਾਂ ਵਿਚੋਂ ਚੋਣ ਜਿੱਤ ਗਏ।
ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਨਗਰ ਪੰਚਾਇਤ ਕੀਰਤਪੁਰ ਸਾਹਿਬ ਵਿਚ 11 ਵਾਰਡਾਂ ਵਿਚ ਚੋਣ ਹੋਈ ਜਿਸ ਵਿਚੋਂ 10 ਵਾਰਡਾਂ ਵਿਚੋਂ ਅਜ਼ਾਦ ਉਮੀਦਵਾਰ ਜੇਤੂ ਰਹੇ ਜਦਕਿ ਇਕ ਵਾਰਡ ਵਿਚੋਂ ਸ੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਚੋਣ ਜਿੱਤ ਗਿਆ। ਇਸੇ ਦੌਰਾਨ ਨਗਰ ਪੰਚਾਇਤ ਸ੍ਰੀ ਚਮਕੌਰ ਸਾਹਿਬ ਵਿਚ 13 ਵਾਰਡਾਂ ਲਈ ਵੋਟਿੰਗ ਹੋਈ ਜਿਸ ਵਿਚੋਂ 9 ਵਾਰਡਾਂ ਵਿਚੋਂ ਇੰਡੀਅਨ ਨੈਸਨਲ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ ਜਦਕਿ 4 ਵਾਰਡਾਂ ਵਿਚ ਅਜ਼ਾਦ ਉਮੀਦਵਾਰ ਚੋਣ ਜਿੱਤਣ ਵਿਚ ਸਫਲ ਰਹੇ।
ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਵਿਚ 14 ਫਰਵਰੀ ਨੂੰ ਕੁੱਲ 92 ਵਾਰਡਾਂ ਵਿਚ ਉਮੀਦਵਾਰਾਂ ਦੀ ਚੋਣ ਲਈ 73.80 ਫੀਸਦੀ ਵੋਟਿੰਗ ਹੋਈ ਸੀ । ਉਨ੍ਹਾ ਦੱਸਿਆ ਕਿ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਚੋਣਾਂ ਦੇ ਅਮਲ ਨੂੰ ਨੇਪਰੇ ਚਾੜਨ ਲਈ ਸਖਤ ਬੰਦੋਬਸਤ ਕੀਤੇ ਗਏ ਸਨ ਜਿਸ ਦੇ ਨਤੀਜੇ ਵਜੋਂ ਸਮੁਚੇ ਜ਼ਿਲ੍ਹੇ ਵਿਚ ਚੋਣਾ ਦਾ ਅਮਲ ਸ਼ਾਂਤੀਪੂਰਵਕ ਨੇਪਰੇ ਚੜ ਗਿਆ। ਉਨ੍ਹਾਂ ਨੇ ਚੋਣਾਂ ਦੇ ਅਮਲ ਨੂੰ ਸ਼ਾਂਤੀਪੂਰਵਕ ਨੇਪਰੇ ਚਾੜਨ ਲਈ ਖਾਸ ਤੌਰ ਤੇ ਪੋਲਿੰਗ ਸਟਾਫ, ਪੁਲਿਸ ਪ੍ਰਸ਼ਾਸਨ, ਸਥਾਨਕ ਲੀਡਰ ਅਤੇ ਮੀਡੀਆ ਦਾ ਧੰਨਵਾਦ ਵੀ ਕੀਤਾ।