'ਫਰਜ਼ ਮਨੁੱਖਤਾ ਲਈ' ਕੋਵਿਡ ਹੈਲਪ ਕੇਂਦਰ, ਮਰੀਜ਼ਾਂ ਲਈ ਬਣ ਰਿਹਾ ਮਦਦਗਾਰ
ਚੰਡੀਗੜ੍ਹ, 12 ਮਈ 2021 - ਮਹਾਮਾਰੀ ਦੀ ਦੂਜੀ ਲਹਿਰ ਨੇ ਭਾਰਤ ਦੇ ਹੋਰ ਸੂਬਿਆਂ ਦੀ ਤਰਾਂ ਪੰਜਾਬ ਨੂੰ ਵੀ ਬੁਰੀ ਤਰਾਂ ਆਪਣੀ ਲਪੇਟ ਵਿਚ ਲੈ ਲਿਆ ਹੈ ਜਿਸ ਕਾਰਨ ਰੋਜ਼ਾਨਾ ਹਜ਼ਾਰਾਂ ਲੋਕ ਆਪਣੇ ਪਰਿਵਾਰਕ ਮੈਂਬਰਾਂ ਦੀ ਜਾਨ ਬਚਾਉਣ ਲਈ ਆਕਸੀਜਨ ਤੇ ਵੈਂਟੀਲੇਟਰ ਬੈੱਡਾਂ, ਕੋਰੋਨਾ ਕਿੱਟਾਂ ਅਤੇ ਦਵਾਈਆਂ ਲਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਅਚਾਨਕ ਦੇਸ਼ ਵਿਚ ਮਰੀਜ਼ਾਂ ਦੀ ਗਿਣਤੀ ਵੱਧਣ ਨਾਲ ਮੈਡੀਕਲ ਐਮਰਜੈਂਸੀ ਦਾ ਮਾਹੌਲ ਬਣਾ ਗਿਆ ਹੈ ਜਿਥੇ ਗੰਭੀਰ ਮਰੀਜ਼ਾਂ ਨੂੰ ਸਹੀ ਸਮੇਂ ’ਤੇ ਸਹੀ ਥਾਂ ਮਿਲਣਾ ਚੁਣੌਤੀ ਸਾਬਿਤ ਹੋ ਰਿਹਾ ਹੈ ਜਿਸ ਲਈ ਹਰ ਮਰੀਜ਼ ਚਾਹੁੰਦਾ ਕਿ ਕੋਈ ਤਾਂ ਹੋਵੇ ਜੋ ਇਕ ਕਾਲ ’ਤੇ ਬਿਨਾਂ ਕਿਸੇ ਜਾਣ-ਪਛਾਣ ਨਾਲ ਹਾਂ-ਪੱਖੀ ਜੁਆਬ ਦੇ ਕੇ ਮੱਦਦ ਕਰੇ।
ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਇਲਾਜ ਸੇਵਾਵਾਂ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਪਰ ਲਗਾਤਾਰ ਕੋਰੋਨਾ ਮਰੀਜ਼ਾਂ ਦਾ ਅੰਕੜਾ ਹਜ਼ਾਰਾਂ ਵਿਚ ਵਧਣ ਕਾਰਨ ਲੋੜਵੰਦ ਲੋਕਾਂ ਨੂੰ ਜਰੂਰੀ ਚੀਜ਼ਾਂ ਤੱਕ ਪਹੁੰਚ ਕਰਨ ਲਈ ਕਾਫੀ ਸਮਾਂ ਲਗ ਰਿਹਾ ਹੈ।ਇਸ ਮੁਸ਼ਕਿਲ ਭਰੇ ਸਮੇਂ ਵਿਚ ਲੋੜਵੰਦ ਲੋਕਾਂ ਨੂੰ ਤੁਰੰਤ ਸਹੂਲਤ ਪਹੁੰਚਾਉਣ ਦੇ ਮੰਤਵ ਲਈ ‘ਫਰਜ਼ ਮਨੁੱਖਤਾ ਲਈ’ ਹੈਲਪ ਲਾਈਨ ਕੇਂਦਰ ਕੋਰੋਨਾ ਮਰੀਜ਼ਾਂ ਲਈ ਮਦੱਦਗਾਰ ਸਾਬਿਤ ਰਿਹਾ ਹੈ ਜੋ 24 ਘੰਟੇ 7 ਦਿਨ ਲੋਕਾਂ ਦੀ ਪਰੇਸ਼ਾਨੀਆਂ ਨੂੰ ਸੁਣ ਕੇ ਜਿਲਾ ਪੱਧਰ ’ਤੇ ਆਪਣੇ ਵਲੰਟੀਅਰਾਂ ਰਾਹੀਂ ਸੁਵਿਧਾਵਾਂ ਪਹੁੰਚਾ ਰਿਹਾ ਹੈ। ਇਸ ਹੈਲਪ ਲਾਈਨ ਤੇ ਵੱਡੇ ਅਫਸਰਾਂ, ਲੀਡਰਾਂ, ਮੀਡੀਆ ਕਰਮੀਆਂ, ਵਪਾਰੀਆਂ ਅਤੇ ਹਰ ਵਰਗ ਦੇ ਲੋਕਾਂ ਦੀਆਂ ਦਰਜਨਾਂ ਕਾਲਾਂ ਆਉਂਦੀਆਂ ਹਨ ਕਿ ਸਾਡ ਮਰੀਜ਼ ਨੂੰ ਵੈਂਟੀਲੇਟਰ ਦੀ ਲੋੜ ਹੈ, ਆਕਸੀਜਨ ਬੈੱਡ ਚਾਹੀਦਾ ਹੈ ਜਾਂ ਕੋਈ ਵਿਸ਼ੇਸ਼ ਦਵਾਈ ਚਾਹੀਦੀ ਹੈ ਜਿਸ ਉਤੇ ਸਾਡੇ ਵਲੋਂ ਤੁਰੰਤ ਕਾਰਵਾਈ ਕਰਕੇ ਮੱਦਦ ਪਹੁੰਚਾਈ ਜਾਂਦੀ ਹੈ। ਉਨਾਂ ਦੱਸਿਆ ਕਿ ਫਰਜ਼ ਮਨੁੱਖਤਾ ਦੇ ਵੰਲਟੀਅਰਾਂ ਵਲੋਂ ਕੋਵਿਡ ਮਰੀਜ਼ਾਂ ਦੇ ਪਰਿਵਾਰਾਂ ਨੂੰ ਰਾਸ਼ਨ ਤੱਕ ਵੀ ਪਹੁੰਚਾਇਆ ਜਾ ਰਿਹਾ ਹੈ।
ਫਰਜ਼ ਮਨੁੱਖਤਾ ਲਈ ਹੈਲਪ ਲਾਈਨ ਦੇ ਕੋਆਰਡੀਨੇਟਰ ਸ. ਕੰਵਰਬੀਰ ਸਿੰਘ ਰੂਬੀ ਸਿਧੂ ਨੇ ਦੱਸਿਆ ਕਿ 3 ਮਈ ਤੋਂ ਇਹ ਸੇਵਾ ਸ਼ੁਰੂ ਕੀਤੀ ਹੈ ਪਰ ਕੋਵਿਡ ਮਾਮਲਿਆਂ ਦੀ ਗਿਣਤੀ ਲਗਾਤਾਰ ਵੱਧਣ ਕਾਰਣ ਹਰ ਦਿਨ ਚੁਣੋਤੀ ਭਰਿਆ ਸਾਬਿਤ ਹੋਇਆ ਹੈ। ਕੋਵਿਡ ਪ੍ਰਭਾਵਿਤ ਮਰੀਜ਼ਾਂ ਦੇ ਪਰਿਵਾਰਕ ਨੂੰ ਸਹੂਲਤ ਪ੍ਰਦਾਨ ਕਰਨ ਲਈ 3 ਨੰਬਰ 91151-27102, 91151-58100 ਜਾਰੀ ਕੀਤੇ ਹਨ। ਉਨਾਂ ਦੱਸਿਆ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨਿਲ ਜਾਖੜ ਜੀ ਨੇ ਇਹ ਵਿਸ਼ੇਸ਼ ਹਦਾਇਤ ਕੀਤੀ ਹੈ ਕਿ ਹਰ ਲੋੜਵੰਦ ਦੀ ਪੱਖਪਾਤ ਰਹਿਤ ਮੱਦਦ ਕੀਤੀ ਜਾਵੇ ਅਤੇ ਮਰੀਜ਼ਾਂ ਤੋਂ ਫੀਡਬੈਕ ਵੀ ਲਾਜ਼ਮੀ ਲਈ ਜਾਵੇ।
ਕੰਵਰਬੀਰ ਸਿੱਧੂ ਨੇ ਦੱਸਿਆ ਕਿ ਐਮਰਜੈਂਸੀ ਵਿਚ ਸਮੇਂ ’ਤੇ ਮੱਦਦ ਪਹੁੰਚਾਉਣ ਲਈ ਅਸੀਂ ਪ੍ਰਸ਼ਾਸਨ ਨਾਲ ਤਾਲਮੇਲ ਕਰ ਕੇ ਵੰਲਟੀਅਰਾਂ ਰਾਹੀਂ ਲੋਕਾਂ ਤੱਕ ਪਹੁੰਚ ਕਰਦੇ ਹਨ। ਉਨਾਂ ਦੱਸਿਆ ਕਿ ਵੈਂਟੀਲੇਟਰ ਤੇ ਆਕਸੀਜਨ ਬੈੱਡਾਂ ਲਈ ਕੋਵਿਡ ਕੇਅਰ ਹਸਪਤਾਲਾਂ ਦੇ ਨੋਡਲ ਅਫਸਰਾਂ ਨਾਲ ਰਾਬਤਾ ਬਣਾਇਆ ਗਿਆ ਹੈ ਅਤੇ ਹਰ ਜਿਲੇ ਤੋਂ ਤੁਰੰਤ ਸਹਾਇਤਾ ਮਿਲ ਰਹੀ ਹੈ।
ਭਾਵੁਕ ਹੁੰਦਿਆ ਰੂਬੀ ਨੇ ਦੱਸਿਆ ਕਿ ਕੋਵਿਡ ਮਰੀਜ਼ਾਂ ਦੀ ਮੌਤ ਹੋਣ ਤੋਂ ਬਾਅਦ ਵੀ ਸਾਨੂੰ ਲੋਕ ਧੰਨਵਾਦ ਕਰਨ ਲਈ ਫੋਨ ਕਰਦੇ ਹਨ ਕਿ ਭਾਵੇਂ ਬਦਕਿਸਮਤੀ ਨਾਲ ਸਾਡੇ ਮਰੀਜ਼ ਦੀ ਜਾਨ ਚਲੇ ਗਈ ਹੈ ਪਰ ਤੁਸੀਂ ਇਸ ਦੁੱਖ ਦੀ ਘੜੀ ਵਿਚ ਸਾਡਾ ਸਾਥ ਦਿੱਤਾ ਅਸੀਂ ਤੁਹਾਡੇ ਸ਼ੁੱਕਰਗੁਜ਼ਾਰ ਹਾਂ। ਬੁਹੱਤੇ ਮਾਮਲਿਆਂ ਵਿਚ ਬਜ਼ੁਰਗ ਲੋਕ ਸਾਡੇ ਵੁਲੰਟੀਅਰਾਂ ਨੂੰ ਹੱਲਾਸ਼ੇਰੀ ਦਿੰਦੇ ਕਿ ਤੁਸੀਂ ਸਾਡੀ ਓਲਾਦ ਦਾ ਫਰਜ਼ ਨਿਭਾਇਆ ਹੈ ਅਸੀਂ ਕਿਵੇਂ ਤੁਹਾਡਾ ਕਰਜ਼ ਚੁਕਾਈਏ।
ਅਮਰਪ੍ਰੀਤ ਸਿੰਘ ਲਾਲੀ ਨੇ ਦੱਸਿਆ ਕਿ ਰੋਜ਼ਾਨਾ ਦਰਜਨਾਂ ਦੀ ਗਿਣਤੀ ਵਿਚ ਸਮਾਜ ਭਲਾਈ ਤੇ ਧਾਰਮਿਕ ਜਥੇਬੰਦੀਆਂ ਤੋਂ ਇਲਾਵਾ ਗੈਰ-ਸਰਕਾਰੀ ਸੰਗਠਨਾਂ ਦੇ ਪ੍ਰਸਤਾਵ ਆ ਰਹੇ ਹਨ ਕਿ ਉਹ ਕਿਵੇਂ ਸਾਡੀ ਮੱਦਦ ਕਰ ਸਕਦੇ ਹਨ ਜਿਸ ਨਾਲ ਸਾਡੇ ਵਲੰਟੀਅਰਾਂ ਦਾ ਉਤਸ਼ਾਹ ਵੀ ਵੱਧ ਰਿਹਾ ਹੈ ਅਤੇ ਸਾਡਾ ਲੋਕਾਂ ਤੱਕ ਪਹੁੰਚ ਕਰਨ ਦਾ ਨੈਟਵਰਕ ਵੀ।