ਅਕਾਲੀ ਦਲ ਵੱਲੋਂ ਬਠਿੰਡਾ ਏਮਜ਼ ਨੂੰ 50 ਕੰਸੈਂਟ੍ਰੇਟਰ ਭੇਂਟ
ਅਸ਼ੋਕ ਵਰਮਾ
- ਸੰਸਥਾ ’ ਚ ਵਧਣਗੇ ਐਲ 2 ਸਹੂਲਤ ਦੇ 50 ਹੋਰ ਬੈਡ
ਬਠਿੰਡਾ, 16 ਮਈ 2021 : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਏਮਜ਼ ਬਠਿੰਡਾ ਨੂੰ 50 ਕੰਸੈਂਟ੍ਰੇਟਰ ਸੌਂਪੇ ਜਿਸ ਸਦਕਾ ਸੰਸਥਾ ਵਿਚ ਖਿੱਤੇ ਦੇ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਐਲ 2 ਸਹੂਲਤ ਦੇ 50 ਬੈਡ ਹੋਰ ਵਧ ਜਾਣਗੇ। ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮ ਪੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਵੱਲੋਂ ਅੱਜ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਇਹ ਸਾਜ਼ੋ ਸਮਾਨ ਏਮਜ਼ ਮੈਨੇਜਮੈਂਟ ਹਵਾਲੇ ਕੀਤਾ। ਉਹਨਾਂ ਕਿਹਾ ਕਿ ਏਮਜ਼ ਲਈ ਇਸ ਦਾਨ ਤੋਂ ਇਲਾਵਾ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਆਉਂਦੇ ਦਿਨਾਂ ਵਿਚ ਆਪਣੇ ਹਲਕੇ ਦੇ ਵੱਖ ਵੱਖ ਹਿੱਸਿਆਂ ਤੋਂ 50 ਹੋਰ ਕੰਸੈਂਟ੍ਰੇਟਰ ਭੇਜੇ ਜਾਣ ਦੀ ਪਹਿਲਕਦਮੀ ਕੀਤੀ ਹੈ। ਸ੍ਰੀ ਸਿੰਗਲਾ ਨੇ ਏਮਜ਼ ਬਠਿੰਡਾ ਵਿਖੇ ਕੋਰੋਨਾ ਸੈਂਟਰ ਤਿਆਰ ਕਰਨ ਲਈ ਬਠਿੰਡਾ ਦੇ ਐਮ ਪੀ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਵੀ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਨਾਲ ਖਿੱਤੇ ਦੇ ਕੋਰੋਨਾ ਮਰੀਜ਼ਾ ਨੂੰ ਵੱਡਾ ਲਾਭ ਪਹੁੰਚੇਗਾ।
ਏਮਜ਼ ਦੇ ਕਾਰਜਕਾਰੀ ਡਾਇਰੈਕਟਰ ਡਾ. ਡੀ ਕੇ ਸਿੰਘ ਨੇ ਕਿਹਾ ਕਿ ਇਸ ਸੰਕਟ ਮੌਕੇ ਕੋਰੋਨਾ ਮਰੀਜ਼ਾਂ ਵਾਸਤੇ ਆਕਸੀਜ਼ਨ ਦੀ ਸਪਲਾਈ ਬਹੁਤ ਜ਼ਰੂਰੀ ਹੈ ਅਤੇ ਅੱਜ ਏਮਜ਼ ਨੂੰ ਮਿਲੇ ਕੰਸੈਂਟ੍ਰੇਟਰਾਂ ਸਦਕਾ ਸੰਸਥਾ ਵਿਚ ਕੋਰੋਨਾ ਮਰੀਜ਼ਾਂ ਲਈ ਐਲ 2 ਸਹੂਲਤਾਂ ਦੇ ਬੈਡਾਂ ਵਿਚ ਹੋਰ ਵਾਧਾ ਹੋ ਗਿਆ ਹੈ। ਸ੍ਰੀਮਤੀ ਹਰਸਿਮਰਤ ਕੌਰ ਬਾਦਲ ਵੱਲੋਂ ਸੰਸਥਾ ਵਾਸਤੇ ਕੰਸੈਂਟ੍ਰੇਟਰ ਦਾਨ ਕਰਨ ਲੲਂ ਧੰਨਵਾਦ ਕਰਦਿਆਂ ਉਹਨਾਂ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਉਹ ਸੰਸਥਾ ਦੀ ਮਦਦ ਕਰਨੀ ਭਵਿੱਖ ਵਿਚ ਵੀ ਜਾਰੀ ਰੱਖਣਗੇ। ਡਾ. ਸਿੰਘ ਨੇ ਮਰੀਜ਼ਾਂ ਨੂੰ ਇਹ ਵੀ ਬੇਨਤੀ ਕੀਤੀ ਕਿ ਉਹ ਕੋਰੋਨਾ ਦੇ ਲੱਛਣ ਆਉਣ ’ਤੇ ਤੁਰੰਤ ਸੰਸਥਾ ਵਿਚ ਦਾਖਲ ਹੋਣ । ਉਨ੍ਹਾਂ ਕਿਹਾ ਕਿ ਇਹ ਸਾਹਮਣੇ ਆਇਆ ਹੈ ਕਿ ਮੈਡੀਕਲ ਮਾਹਿਰਾਂ ਦੀ ਸਲਾਹ ਲੈਣ ਵਿਚ ਦੇਰੀ ਨਾਲ ਮੁਸ਼ਕਿਲਾਂ ਹੋਰ ਵੱਧ ਹੋ ਰਹੀਆਂ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਦਿਹਾਤੀ ਦੇ ਪ੍ਰਧਾਨ ਬਲਕੌਰ ਸਿੰਘ ਵੀ ਹਾਜ਼ਰ ਸਨ।